ਐਡੀਲੇਡ – 103 ਸਾਲ ਦੀ ਉਮਰ ਵਿੱਚ ਵੀ ਟੈਨਿਸ ਦੇ ਮੈਦਾਨ ਵਿੱਚ ਉਤਰਨ ਵਾਲੇ ਐਡੀਲੇਡ ਦੇ ਹੈਨਰੀ ਯੰਗ ਅੱਜ ਵੀ ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ ਟੈਨਿਸ ਖੇਡਦੇ ਹਨ। ਉਨ੍ਹਾਂ ਦੇ ਨਾਂ ’ਤੇ ਕਰਵਾਏ ਗਏ ਪਹਿਲੇ ‘ਹੈਨਰੀ ਯੰਗ ਕੱਪ’ ਦੌਰਾਨ ਐਡੀਲੇਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਨੇ ਖਿਡਾਰੀਆਂ ਨੂੰ ਮੁਫ਼ਤ ਇਲਾਜ ਅਤੇ ਸਰੀਰਕ ਰਿਕਵਰੀ ਸਬੰਧੀ ਸਹਾਇਤਾ ਦਿੱਤੀ। 10 ਤੋਂ 12 ਅਕਤੂਬਰ ਤੱਕ ਹੋਏ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਮੈਚ ਤੋਂ ਪਹਿਲਾਂ ਸਰੀਰ ਨੂੰ ਤਿਆਰ ਕਰਨ, ਸੱਟਾਂ ਦੀ ਦੇਖਭਾਲ ਅਤੇ ਮੈਚ ਤੋਂ ਬਾਅਦ ਸਰੀਰ ਨੂੰ ਆਰਾਮ ਦੇਣ ਵਿੱਚ ਮਦਦ ਕੀਤੀ ਗਈ। ਹੈਨਰੀ ਯੰਗ ਨੇ ਵੀ ਮੈਚ ਤੋਂ ਪਹਿਲਾਂ ਆਪਣੇ ਮੋਢਿਆਂ ਨੂੰ ਢਿੱਲਾ ਕਰਨ ਲਈ ਇਲਾਜ ਕਰਵਾਇਆ। ਯੰਗ ਨੇ ਕਿਹਾ ਕਿ ਇਹ ਬਹੁਤ ਵਧੀਆ ਸਹੂਲਤ ਹੈ ਅਤੇ ਉਹ ਇਸ ਦੀ ਬਹੁਤ ਕਦਰ ਕਰਦੇ ਹਨ।
ਫਿਜ਼ੀਓਥੈਰੇਪੀ ਦੀ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਇਹ ਤਜਰਬਾ ਕਲਾਸਰੂਮ ਅਤੇ ਯੂਨੀਵਰਸਿਟੀ ਦੇ ਕਲੀਨਿਕ ਤੋਂ ਬਿਲਕੁਲ ਵੱਖਰਾ ਸੀ। ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿੱਚ ਤੇਜ਼ੀ ਨਾਲ ਫ਼ੈਸਲੇ ਲੈਣ ਅਤੇ ਖਿਡਾਰੀਆਂ ਦੀ ਲੋੜ ਮੁਤਾਬਕ ਇਲਾਜ ਕਰਨ ਦਾ ਮੌਕਾ ਮਿਲਿਆ। ਵਿਦਿਆਰਥਣ ਮੈਟਿਲਡਾ ਬਲਾਈਟ ਨੇ ਕਿਹਾ ਕਿ ਕਲੀਨਿਕ ਵਿੱਚ ਮਰੀਜ਼ਾਂ ਦੀ ਜਾਂਚ ਲਈ ਵਧੇਰੇ ਸਮਾਂ ਮਿਲਦਾ ਹੈ, ਪਰ ਮੈਦਾਨ ਵਿੱਚ ਜਲਦੀ ਅਤੇ ਸਹੀ ਤਰੀਕੇ ਨਾਲ ਮਦਦ ਕਰਨੀ ਪੈਂਦੀ ਹੈ। ਉਨ੍ਹਾਂ ਮੁਤਾਬਕ ਇਸ ਨਾਲ ਮੁੱਢਲੇ ਹੁਨਰਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀ ਕੈਲਮ ਫ੍ਰਾਇਰ ਨੇ ਕਿਹਾ ਕਿ ਖੇਡਾਂ ਦੇ ਮੈਦਾਨ ਵਿੱਚ ਕੰਮ ਕਰਨ ਦੇ ਅਜਿਹੇ ਮੌਕੇ ਆਸਾਨੀ ਨਾਲ ਨਹੀਂ ਮਿਲਦੇ। ਇਸ ਲਈ ਇਹ ਤਜਰਬਾ ਉਨ੍ਹਾਂ ਲਈ ਬਹੁਤ ਲਾਹੇਵੰਦ ਹੈ। ਯੂਨੀਵਰਸਿਟੀ ਦੀ ਅਧਿਆਪਕਾ ਅਤੇ ਕੋਰਸ ਕੋਆਰਡੀਨੇਟਰ ਵੇਰੋਨਿਕਾ ਤਜ਼ਿਆਵਰਾਂਗੋਸ ਨੇ ਕਿਹਾ ਕਿ ਅਜਿਹੇ ਤਜਰਬੇ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਲਈ ਤਿਆਰ ਕਰਦੇ ਹਨ।
ਇਹ ਪ੍ਰੋਗਰਾਮ ਐਡੀਲੇਡ ਯੂਨੀਵਰਸਿਟੀ ਅਤੇ ਮੈਮੋਰੀਅਲ ਡਰਾਈਵ ਟੈਨਿਸ ਕਲੱਬ ਦੀ ਸਾਂਝੇਦਾਰੀ ਦਾ ਹਿੱਸਾ ਹੈ। ਵਿਦਿਆਰਥੀ ਪਿਛਲੇ ਤਿੰਨ ਸਾਲਾਂ ਤੋਂ ਕਲੱਬ ਦੀਆਂ ਓਪਨ ਚੈਂਪੀਅਨਸ਼ਿਪਾਂ ਵਿੱਚ ਖਿਡਾਰੀਆਂ ਦੀ ਮਦਦ ਕਰ ਰਹੇ ਹਨ। ਇਸ ਸਾਲ ਪਹਿਲੇ ਹੈਨਰੀ ਯੰਗ ਕੱਪ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਦੱਖਣੀ ਆਸਟ੍ਰੇਲੀਆ ਵਿੱਚ ਲੰਮੇ ਸਮੇਂ ਬਾਅਦ ਰਾਸ਼ਟਰੀ ਪੱਧਰ ’ਤੇ ਦਰਜਾਬੰਦੀ ਵਾਲੇ ਸੀਨੀਅਰ ਖਿਡਾਰੀਆਂ ਦੇ ਘਾਹ ਵਾਲੇ ਕੋਰਟ ’ਤੇ ਟੈਨਿਸ ਮੁਕਾਬਲੇ ਮੁੜ ਸ਼ੁਰੂ ਹੋਏ। ਕਲੱਬ ਦੇ ਪ੍ਰਧਾਨ ਰੋਜਰ ਗੋਂਜ਼ਾਲੇਜ਼ ਨੇ ਕਿਹਾ ਕਿ ਮੁਫ਼ਤ ਫਿਜ਼ੀਓਥੈਰੇਪੀ ਸੇਵਾ ਨਾਲ ਖਿਡਾਰੀਆਂ ਨੂੰ ਵੱਡਾ ਲਾਭ ਮਿਲਦਾ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਕਈ ਮੈਚ ਖੇਡਦੇ ਹਨ ਜਾਂ ਸੱਟਾਂ ਨਾਲ ਜੂਝ ਰਹੇ ਹਨ।
ਸਤੰਬਰ ਵਿੱਚ ਆਪਣਾ 103ਵਾਂ ਜਨਮਦਿਨ ਮਨਾਉਣ ਵਾਲੇ ਹੈਨਰੀ ਯੰਗ ਨੇ ਕਿਹਾ ਕਿ ਟੈਨਿਸ ਉਨ੍ਹਾਂ ਲਈ ਮੁਕਾਬਲੇ ਦੇ ਨਾਲ-ਨਾਲ ਸਰਗਰਮ ਰਹਿਣ ਦਾ ਵੀ ਸਾਧਨ ਹੈ। ਉਨ੍ਹਾਂ ਕਿਹਾ ਕਿ ਹਰ ਮੈਚ ਇੱਕ ਜੰਗ ਵਾਂਗ ਹੁੰਦਾ ਹੈ, ਭਾਵੇਂ ਜਿੱਤ ਹੋਵੇ ਜਾਂ ਹਾਰ। ਸਭ ਤੋਂ ਵੱਧ ਯਾਦ ਉਹੀ ਮੈਚ ਰਹਿੰਦੇ ਹਨ ਜਿਨ੍ਹਾਂ ਵਿੱਚ ਸਖ਼ਤ ਮੁਕਾਬਲਾ ਹੁੰਦਾ ਹੈ।
ਐਡੀਲੇਡ ਯੂਨੀਵਰਸਿਟੀ ਦੇ ਸਿਹਤ ਕਲੀਨਿਕਾਂ ਵਿੱਚ ਵੀ ਲੋਕਾਂ ਨੂੰ ਯੋਗ ਫਿਜ਼ੀਓਥੈਰੇਪਿਸਟਾਂ ਦੀ ਨਿਗਰਾਨੀ ਹੇਠ ਘੱਟ ਖ਼ਰਚ ’ਤੇ ਇਲਾਜ ਮਿਲਦਾ ਹੈ। ਸੇਵਾਵਾਂ ਵਿੱਚ ਖੇਡਾਂ ਦੌਰਾਨ ਲੱਗੀਆਂ ਸੱਟਾਂ, ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਅਤੇ ਮੁੜ ਸਿਹਤਮੰਦ ਹੋਣ ਲਈ ਇਲਾਜ ਸ਼ਾਮਲ ਹਨ।
