Punjab

ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਸਮਰੱਥ ਬਣਾਉਣ ਲਈ ਸ਼ੁਰੂ ਕੀਤੀ ਜਾਵੇਗੀ ਪੰਜਾਬ ਹੁਨਰ ਸਿਖਲਾਈ ਸਕੀਮ: ਅਮਨ ਅਰੋੜਾ

ਚੰਡੀਗੜ੍ਹ – ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਪੰਜਾਬ ਹੁਨਰ ਸਿਖਲਾਈ ਸਕੀਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਰਕਿੰਗ ਗਰੁੱਪ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੂਬੇ ਦੇ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਸਮਰੱਥ ਬਣਾਇਆ ਜਾ ਸਕੇ।
ਸ੍ਰੀ ਅਮਨ ਅਰੋੜਾ ਇੱਥੇ ਪੇਡਾ ਕੰਪਲੈਕਸ ਵਿਖੇ ਪ੍ਰਸਤਾਵਿਤ ਸਟੇਟ ਸਕਿੱਲ ਟਰੇਨਿੰਗ ਸਕੀਮ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਹੋਰ ਸੁਚੱਜੀ ਵਰਤੋਂ ਬਾਰੇ ਓਪਨ ਹਾਊਸ ਚਰਚਾ ਸੈਸ਼ਨ ਦੌਰਾਨ ਭਾਈਵਾਲਾਂ ਅਤੇ ਟ੍ਰੇਨਿੰਗ ਪਾਰਟਨਰਾਂ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਸਤਾਵਿਤ ਹੁਨਰ ਸਿਖਲਾਈ ਸਕੀਮ ਬਾਰੇ ਗੱਲ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਮਾਜ ਦੇ ਕਮਜ਼ੋਰ ਵਰਗ ਦੇ ਉਮੀਦਵਾਰਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਈ.ਟੀ.ਆਈਜ਼., ਪੌਲੀਟੈਕਨਿਕ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ (ਐਮ.ਐਸ.ਡੀ.ਸੀਜ਼), ਹੈਲਥ ਸੈਕਟਰ ਡਿਵੈਲਪਮੈਂਟ ਸੈਂਟਰਾਂ (ਐਚ.ਐਸ.ਡੀ.ਸੀਜ਼), ਰੂਰਲ ਸਕਿੱਲ ਸੈਂਟਰਾਂ (ਆਰ.ਐਸ.ਸੀਜ਼) ਦੇ ਵਿਦਿਆਰਥੀਆਂ/ਉਮੀਦਵਾਰਾਂ ਅਤੇ ਉਹਨਾਂ ਤਜ਼ਰਬੇਕਾਰ ਉਮੀਦਵਾਰਾਂ, ਜਿਹਨਾਂ ਕੋਲ ਹੁਨਰ ਪ੍ਰਮਾਣ ਪੱਤਰ ਨਹੀਂ ਹਨ, ਨੂੰ ਥੋੜ੍ਹੇ ਸਮੇਂ (ਦੋ ਮਹੀਨੇ ਤੋਂ ਇੱਕ ਸਾਲ) ਦੇ ਸਿਖਲਾਈ ਕੋਰਸ ਕਰਵਾਏ ਜਾਣਗੇ।
ਕੈਬਨਿਟ ਮੰਤਰੀ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ (ਐਮ.ਐਸ.ਡੀ.ਸੀਜ਼) ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੰਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਤਿੰਨ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ 198 ਰੂਰਲ ਸਕਿੱਲ ਸੈਂਟਰ ਕਾਰਜਸ਼ੀਲ ਹਨ।
ਸਨਅਤੀ ਲੋੜਾਂ ਅਤੇ ਹੁਨਰਮੰਦ ਸਟਾਫ਼ ਦਰਮਿਆਨ ਪਾੜੇ ਨੂੰ ਪੂਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਕੋਰਸਾਂ ਨੂੰ ਡਿਜ਼ਾਈਨ ਕਰਨ ਲਈ ਕਿਹਾ। ਉਨ੍ਹਾਂ ਨੇ ਪ੍ਰਸਤਾਵਿਤ ਹੁਨਰ ਸਿਖਲਾਈ ਸਕੀਮ ਬਾਰੇ ਭਾਈਵਾਲਾਂ ਤੋਂ ਸੁਝਾਅ ਵੀ ਮੰਗੇ।
ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਸਾਰੇ ਭਾਈਵਾਲਾਂ ਅਤੇ ਟ੍ਰੇਨਿੰਗ ਪਾਰਟਨਰਾਂ ਦਾ ਸਵਾਗਤ ਕੀਤਾ। ਇਸ ਮੌਕੇ ਉਪ ਚੇਅਰਪਰਸਨ ਪੰਜਾਬ ਵਿਕਾਸ ਕਮਿਸ਼ਨ ਸੀਮਾ ਬਾਂਸਲ, ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਅਤੇ ਤਕਨੀਕੀ ਸਿੱਖਿਆ, ਉਦਯੋਗ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸਮਾਗਮ ਵਿੱਚ ਉਦਯੋਗਿਕ ਐਸੋਸੀਏਸ਼ਨਾਂ, ਐਨ.ਐਸ.ਡੀ.ਸੀ., ਸੀ.ਆਈ.ਆਈ., ਫਿੱਕੀ (ਐਫ.ਆਈ.ਸੀ.ਸੀ.ਆਈ.), ਨਾਬਾਰਡ, ਸੀ-ਪਾਇਟ, ਟ੍ਰੇਨਿੰਗ ਪਾਰਟਨਰਜ਼, ਐਸ.ਐਸ.ਸੀਜ਼ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

Related posts

ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਸ਼ੈਂਟੀ ਤੇ ਅਕਾਲੀ ਦਲ ਐਸ.ਸੀ. ਵਿੰਗ ਦੋਆਬਾ ਦੇ ਜਨਰਲ ਸਕੱਤਰ ਗੁਰਦਰਸ਼ਨ ਲਾਲ ‘ਆਪ’ ’ਚ ਸ਼ਾਮਲ

Bunty

ਪੰਜਾਬ ਦੇ ਮੁੱਖ-ਮੰਤਰੀ ਨਾਲ ਸਬੰਧਤ ਵੀਡੀਓ ਕੋਈ ਪਹਿਲੀ ਘਟਨਾ ਨਹੀਂ ਹੈ – ਕਾਂਗਰਸ ਆਗੂ ਬਾਜਵਾ

admin

12 ਮਈ ਤੋਂ ਦੋਬਾਰਾ ਖੁੱਲਣਗੇ ਸਕੂਲ-ਕਾਲਜ ਅਤੇ ਯੂਨੀਵਰਸਟੀਆਂ !

admin