India

ਵਸੁੰਧਰਾ ਦੀ ਛੁੱਟੀ, ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਹੋਣਗੇ ਉਪ ਮੁੱਖ ਮੰਤਰੀ
ਜੈਪੁਰ -ਆਰ.ਐੱਸ.ਐੱਸ. ਨਾਲ ਜੁੜੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ।
ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਸਮੇਤ ਕਿਸੇ ਹੋਰ ਆਗੂ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ। ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੰਗਲਵਾਰ ਸ਼ਾਮ ਨੂੰ ਇਥੇ ਹੋਈ ਮੀਟਿੰਗ ’ਚ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਈ ਦਿਨਾਂ ਤੋਂ ਚਲ ਰਹੀ ਚਰਚਾ ਸਮਾਪਤ ਹੋ ਗਈ।
ਪਾਰਟੀ ਵੱਲੋਂ ਵਿਧਾਇਕ ਪ੍ਰੇਮ ਚੰਦ ਬੈਰਵਾ ਅਤੇ ਦੀਆ ਕੁਮਾਰੀ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਸ਼ਰਮਾ ਨੇ ਪਾਰਟੀ ਦੇ ਹੋਰ ਆਗੂਆਂ ਨਾਲ ਰਾਜ ਭਵਨ ’ਚ ਰਾਜਪਾਲ ਕਲਰਾਜ ਮਿਸ਼ਰਾ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਦੱਸ ਦੇਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਸ ਨੂੰ ਮੁੱਖ ਮੰਤਰੀ ਚੁਣਿਆ ਜਾਵੇ। ਇਸ ਦੌੜ ਵਿਚ ਕਈ ਨਾਮ ਚੱਲ ਰਹੇ ਸਨ। ਇਸ ਲਿਸਟ ਵਿਚ ਸਭ ਤੋਂ ਪਹਿਲਾਂ ਨਾਮ ਵਸੁੰਧਰਾ ਰਾਜੇ ਦਾ ਸੀ। ਉਹ ਪਹਿਲਾਂ ਵੀ ਰਾਜਸਥਾਨ ਦੀ ਕਮਾਨ ਸੰਭਾਲ ਚੁੱਕੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਹਿੰਦੂਤਵ ਦੇ ਪੋਸਟਰ ਬੁਆਏ ਬਣੇ ਬਾਬਾ ਬਾਲਕਨਾਥ ਦਾ ਨਾਂ ਵੀ ਚਰਚਾ ਵਿਚ ਸੀ। ਗਜੇਂਦਰ ਸ਼ੇਖਾਵਤ, ਸੀ.ਪੀ.ਜੋਸ਼ੀ, ਦੀਆ ਕੁਮਾਰੀ ਅਤੇ ਰਾਜਵਰਧਨ ਰਾਠੌੜ ਵਰਗੇ ਨਾਮ ਵੀ ਦੌੜ ਵਿਚ ਸਨ। ਇਹ ਵੀ ਦੱਸਣਯੋਗ ਹੈ ਕਿ 200 ਮੈਂਬਰੀ ਵਿਧਾਨ ਸਭਾ ਸੀਟਾਂ ’ਚ ਭਾਜਪਾ ਨੇ 115 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੇ 69 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਵਰਣਨਯੋਗ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਵਿਨੋਦ ਤਾਵੜੇ ਅਤੇ ਸਰੋਜ ਪਾਂਡੇ ਨੂੰ ਅਬਜ਼ਰਵਰ ਵਜੋਂ ਰਾਜਸਥਾਨ ਭੇਜਿਆ ਸੀ, ਜਿਨ੍ਹਾਂ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਰਾਜਸਥਾਨ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ।

Related posts

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

admin

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !

admin