ਨਵੀਂ ਦਿੱਲੀ – ਕਿਰਤ ਮੰਤਰਾਲੇ ਦੇ ਅਧੀਨ ਕਰਮਚਾਰੀ ਭਵਿੱਖ ਨਿਧੀ ਸੰਗਠਨ ਈ.ਪੀ.ਐਫ.ਓ. ਨੇ ਆਧਾਰ ਕਾਰਡ ਨੂੰ ਆਪਣੇ ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਯਾਨੀ ਹੁਣ ਈ.ਪੀ.ਐਫ. ਖਾਤੇ ਵਿੱਚ ਜਨਮ ਮਿਤੀ ਨੂੰ ਅਪਡੇਟ ਕਰਨ ਲਈ ਆਧਾਰ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਈਪੀਐਫਓ ਵੱਲੋਂ ਇੱਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ।ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਦੁਆਰਾ 16 ਜਨਵਰੀ, 2024 ਨੂੰ ਜਾਰੀ ਕੀਤੇ ਗਏ ਸਰਕੂਲਰ ਵਿੱਚ ਕਿਹਾ ਗਿਆ ਸੀ ਕਿ ਆਧਾਰ ਜਾਰੀ ਕਰਨ ਵਾਲੀ ਸਰਕਾਰੀ ਏਜੰਸੀ ਯੂ.ਆਈ.ਡੀ.ਏ.ਆਈ.ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਧਾਰ ਨੂੰ ਜਨਮ ਮਿਤੀ ਦੇ ਪ੍ਰਮਾਣ ਪੱਤਰ ਵਜੋਂ ਸਵੀਕਾਰ ਕੀਤੇ ਗਏ ਦਸਤਾਵੇਜ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਜਾਵੇ। ਇਸ ਤੋਂ ਬਾਅਦ, ਆਧਾਰ ਕਾਰਡ ਨੂੰ ਈ.ਪੀ.ਐਫ.ਓ. ਦੀ ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।
ਕਿਹੜੇ ਦਸਤਾਵੇਜ਼ ਵਰਤੇ ਜਾਣਗੇ
ਈਪੀਐਫਓ ਦੇ ਅਨੁਸਾਰ, ਜਨਮ ਮਿਤੀ ਦੇ ਸਬੂਤ ਵਜੋਂ 10ਵੀਂ ਸ਼੍ਰੇਣੀ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਮਾਰਕ ਸ਼ੀਟ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਜਨਮ ਮਿਤੀ ਦੇ ਸਬੂਤ ਲਈ ਕੋਈ ਦਸਤਾਵੇਜ਼ ਨਹੀਂ ਹੈ, ਤਾਂ ਮੈਂਬਰ ਦੀ ਡਾਕਟਰੀ ਜਾਂਚ ਤੋਂ ਬਾਅਦ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਗਿਆ ਮੈਡੀਕਲ ਸਰਟੀਫਿਕੇਟ ਵੀ ਜਨਮ ਮਿਤੀ ਦੀ ਅਪਡੇਟ ਲਈ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਸਪੋਰਟ, ਪੈਨ ਨੰਬਰ, ਨਿਵਾਸ ਪ੍ਰਮਾਣ ਪੱਤਰ ਅਤੇ ਪੈਨਸ਼ਨ ਦਸਤਾਵੇਜ਼ ਨੂੰ ਵੀ ਮਾਨਤਾ ਦਿੱਤੀ ਗਈ ਹੈ।
