ਸ੍ਰੀਨਗਰ – ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ ਲੰਮੀ ਸੁੰਗਲ ਸੁਰੰਗ ਬਣਾ ਕੇ ਮੀਲ ਪੱਥਰ ਹਾਸਲ ਕੀਤਾ ਹੈ ਜੋ ਅਖਨੂਰ ਨੂੰ ਪੁਣਛ ਨਾਲ ਮਿਲਾਏਗੀ। ਬੀਆਰਓ ਦੇ ਮੁਖੀ ਲੈਫ਼ਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ ਨੇ ਇਸ ਨੂੰ ਮੀਲ ਪੱਥਰ ਦੱਸਦਿਆਂ ਅਗਲੇ ਦੋ ਸਾਲਾਂ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਪੁਣਛ ਮਾਰਗ ’ਤੇ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤੇ ਉਮੀਦ ਹੈ ਕਿ ਇਹ ਪ੍ਰਾਜੈਕਟ ਅਗਲੇ ਦੋ ਸਾਲਾਂ ਵਿਚ ਮੁਕੰਮਲ ਹੋ ਜਾਵੇਗਾ। ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਦਹਿਸ਼ਤਗਰਦਾਂ ਦੀ ਹਮਾਇਤ ਕਰ ਰਹੇ ਗੁਆਂਢੀ ਦੇਸ਼ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਸੜਕ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਬੀਆਰਓ ਮੁਖੀ ਨੇ ਕਿਹਾ ਕਿ ਨੌਸ਼ਹਿਰਾ ਅਤੇ ਸੁੰਗਲ ਦੋਵੇਂ ਸੁਰੰਗਾਂ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਈਵੇਅ ਦਾ 200 ਕਿਲੋਮੀਟਰ ਲੰਬਾ ਅਖਨੂਰ-ਪੁਣਛ ਸੈਕਸ਼ਨ ਸਰਹੱਦੀ ਖੇਤਰ ਦੀ ਸਮੁੱਚੀ ਆਰਥਿਕ ਖੁਸ਼ਹਾਲੀ ਨੂੰ ਅੱਗੇ ਵਧਾਏਗਾ।
previous post