International

ਅਮਰੀਕਾ ’ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ ’ਚ ਲੁੱਟ, ਲੱਖਾਂ ਡਾਲਰਾਂ ਦੇ ਗਹਿਣੇ ਚੋਰੀ

ਨਿਊਯਾਰਕ – ਬੀਤੇ ਦਿਨ ਕੈਲੇਫ਼ੋਰਨੀਆ ਸੂਬੇ ਦੇ ਸ਼ਹਿਰ ਨੇਵਾਰਕ ਵਿੱਚ 4 ਕਾਰ ਲੁਟੇਰਿਆਂ ਨੇ ਦੁਪਹਿਰ ਨੂੰ ਇੱਕ ਭਾਰਤੀ ਗੁਜਰਾਤੀ ਦੇ ਭਿੰਡੀ ਜਿਊਲਰਜ਼ ਨਾਮੀਂ ਸ਼ੋਅਰੂਮ ਵਿੱਚ ਦਾਖਲ ਹੋ ਕੇ ਉਸ ਦੀ ਭੰਨ-ਤੋੜ ਕੀਤੀ ਅਤੇ ਜੋ ਵੀ ਉਨ੍ਹਾਂ ਦੇ ਹੱਥ ਲੱਗ ਸਕਿਆ, ਲੈ ਕੇ ਫ਼ਰਾਰ ਹੋ ਗਏ। ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ’ਚ ਗੁਜਰਾਤੀ ਭਾਰਤੀ ਦੇ ਇਸ ਲੱਗਜ਼ਰੀ ਜਿਊਲਰੀ ਸ਼ੋਅਰੂਮ ’ਚੋਂ ਦਿਨ-ਦਿਹਾੜੇ ਲੁਟੇਰੇ ਲੱਖਾਂ ਡਾਲਰਾਂ ਦੀ ਕੀਮਤ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।
ਨੇਵਾਰਕ ਪੁਲੀਸ ਅਨੁਸਾਰ ਇਹ ਘਟਨਾ ਦੁਪਹਿਰ ਨੂੰ 12:56 ਮਿੰਟ ਦੇ ਕਰੀਬ ਵਾਪਰੀ। ਪੁਲੀਸ ਨੂੰ ਨਿਊ ਪਾਰਕ ਮਾਲ ਰੋਡ ’ਤੇ ਭਿੰਡੀ ਜਿਊਲਰਜ਼ ਵਿੱਚ ਲੁੱਟ ਦੀ ਰਿਪੋਰਟ ਮਿਲੀ ਸੀ ਅਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦਰਜਨਾਂ ਵਿਅਕਤੀ 4 ਵੱਖ-ਵੱਖ ਕਾਰਾਂ ਵਿੱਚ ਭਿੰਡੀ ਜਿਊਲਰਜ਼ ਕੋਲ ਆਏ ਅਤੇ ਸ਼ੀਸ਼ੇ ਭੰਨ ਦਿੱਤੇ ਅਤੇ ਜੋ ਵੀ ਹੱਥ ਲੱਗਿਆ ਲੁੱਟ ਜੇ ਲੈ ਗਏ। ਇਸ ਘਟਨਾ ਵਿੱਚ ਲੁੱਟ ਦੀ ਰਕਮ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੁਲੀਸ ਅਨੁਸਾਰ ਲੁਟੇਰੇ ਜਿਊਲਰਜ਼ ਤੋ ਕਾਫ਼ੀ ਗਹਿਣੇ ਲੈ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ 3 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲੁਟੇਰਿਆਂ ਨੇ ਇਸ ਲੁੱਟ ਨੂੰ ਅੰਜ਼ਾਮ ਦਿੱਤਾ। ਲੁਟੇਰੇ ਜਿਹੜੀਆਂ ਕਾਰਾਂ ’ਚ ਆਏ ਸਨ, ਉਨ੍ਹਾਂ ਦੀ ਸੀ.ਸੀ.ਟੀ.ਵੀ ਫ਼ੁਟੇਜ ਵੀ ਪੁਲੀਸ ਨੇ ਹਾਸਲ ਕਰ ਲਈ ਹੈ, ਜਿਸ ਦੇ ਆਧਾਰ ’ਤੇ ਲੁਟੇਰਿਆਂ ਤਕ ਪੁਲੀਸ ਵਲੋ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਸ਼ੋਅਰੂਮ ਵਿੱਚ ਕੰਮ ਕਰਨ ਵਾਲਾ ਕੋਈ ਵੀ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ੋਅਰੂਮ ’ਚ ਦਾਖਲ ਹੋਣ ਲਈ ਸ਼ੀਸ਼ੇ ਦੇ 2 ਦਰਵਾਜ਼ੇ ਸਨ, ਜਿਨ੍ਹਾਂ ਨੂੰ ਗਾਹਕਾਂ ਦੇ ਆਉਣ ’ਤੇ ਹੀ ਸਟਾਫ਼ ਨੇ ਤਾਲਾ ਖੋਲ੍ਹ ਦਿੱਤਾ ਸੀ। ਨੇਵਾਰਕ ਪੁਲੀਸ ਕਪਤਾਨ ਜੌਲੀ ਮਾਕਿਸ ਅਨੁਸਾਰ ਲੁਟੇਰੇ ਨੇ ਹਥਿਆਰਾਂ ਨਾਲ ਸ਼ੀਸ਼ੇ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਂਦਾ, 12-15 ਦੇ ਕਰੀਬ ਵਿਅਕਤੀ ਸ਼ੋਅਰੂਮ ਵਿੱਚ ਦਾਖਲ ਹੋ ਗਏ ਅਤੇ ਹਥੌੜਿਆਂ ਸਮੇਤ ਹਥਿਆਰਾਂ ਨਾਲ ਲੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜੋ ਵੀ ਸੋਨੇ ਦੇ ਗਹਿਣੇ ਹੱਥ ਲੱਗੇ ਲੁੱਟ ਕੇ ਲੈ ਗਏ। ਲੁੱਟਣ ਲਈ ਆਏ ਇਹ ਸਾਰੇ ਲੋਕਾਂ ਨੇ ਮਾਸਕ ਅਤੇ ਦਸਤਾਨੇ ਪਹਿਨੇ ਹੋਏ ਸਨ ਅਤੇ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ ਕੋਈ ਯੋਜਨਾ ਬਣਾਈ ਹੋਈ ਸੀ, ਇਹ ਲੁਟੇਰੇ ਮਿੰਟਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁੱਟ ਕਰ ਕੇ ਭੱਜ ਗਏ।ਪੁਲੀਸ ਨੂੰ ਸੂਚਨਾ ਮਿਲੀ ਹੈ ਕਿ ਇਸ ਵਿੱਚ ਕੱੁਝ ਔਰਤਾਂ ਵੀ ਸ਼ਾਮਲ ਸਨ। ਇਸ ਹੈਰਾਨ ਕਰਨ ਵਾਲੀ ਲੁੱਟ ਦੇ ਚਸ਼ਮਦੀਦਾਂ ਅਨੁਸਾਰ ਲੁਟੇਰੇ 4 ਵੱਖ-ਵੱਖ ਕਾਰਾਂ ’ਚ ਆਏ ਅਤੇ ਉਹ ਮਹਿੰਗੀਆਂ ਘੜੀਆਂ, ਸੋਨੇ ਦੀਆਂ ਮੁੰਦਰੀਆਂ ਅਤੇ ਹੀਰਿਆਂ ਦੇ ਹਾਰ ਸਮੇਤ ਸ਼ੋਅਰੂਮ ’ਚੋਂ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਸ਼ੋਅ ਰੂਮ ਦੇ ਨੇੜੇ ਰਹਿੰਦੀ ਇੱਕ ਅਮਰੀਕੀ ਔਰਤ ਨੇ ਅਮਰੀਕੀ ਨਿਊਜ਼ ਚੈਨਲ ਸੀ.ਬੀ.ਐੱਸ. ਨੂੰ ਦੱਸਿਆ ਕਿ ਲੁਟੇਰਿਆਂ ਦੇ ਹੱਥੋਂ ਡਿੱਗੇ ਗਹਿਣੇ ਇੰਨੇ ਜ਼ਿਆਦਾ ਸਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਕਿੰਨੀਆਂ ਚੀਜ਼ਾਂ ਲੁੱਟ ਕੇ ਲੈ ਗਏ ਹੋਣਗੇ। ਪੁਲੀਸ ਅਨੁਸਾਰ ਲੁੱਟੇ ਗਏ ਸਾਮਾਨ ਦੀ ਗਿਣਤੀ ਕੀਤੀ ਜਾ ਰਹੀ ਹੈ। ਭਿੰਡੀ ਜਿਊਲਰਜ਼ ਦੀ ਵੈੱਬਸਾਈਟ ਸ਼ੋਅਰੂਮ ਵਿੱਚ ਵੇਚੀਆਂ ਗਈਆਂ ਚੀਜ਼ਾਂ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਕੀਮਤ ਹਜ਼ਾਰਾਂ ਡਾਲਰਾਂ ਦੇ ਕਰੀਬ ਹੈ। ਇਨ੍ਹਾਂ ਸ਼ੋਅਰੂਮਾਂ ਵਿੱਚ ਵਿੱਕਣ ਵਾਲੇ ਛੋਟੇ ਹੀਰਿਆਂ ਦੇ ਗਹਿਣਿਆਂ ਦੀ ਕੀਮਤ ਵੀ ਹਜ਼ਾਰਾਂ ਡਾਲਰ ਵਿੱਚ ਹੋਣ ਕਾਰਨ ਲੁੱਟੇ ਗਏ ਸਾਮਾਨ ਦੀ ਗਿਣਤੀ ਲੱਖਾਂ ਡਾਲਰ ਤਕ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਕੈਤੀ ਵਿੱਚ ਵਰਤੇ ਗਏ 2 ਵਾਹਨ ਪੁਲੀਸ ਨੇ ਨੇਵਾਰਕ ਨੇੜੇ ਫ਼ਰੀਮਾਂਟ ਵਿੱਚ ਬਰਾਮਦ ਕੀਤੇ ਹਨ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin