India

ਆਪ ਐਮਪੀ ਰਾਘਵ ਚੱਢਾ ਨੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਨੁਮਾਇੰਦਗੀ ਵਧਾਉਣ ਦੀ ਕੀਤੀ ਮੰਗ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗ ਕੀਤੀ ਹੈ ਕਿ ਰਾਜਨੀਤੀ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਲਈ ਭਾਰਤ ਵਿੱਚ ਚੋਣਾਂ ਲੜਨ ਦੀ ਘੱਟੋ-ਘੱਟ ਉਮਰ ਮੌਜੂਦਾ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ।
ਅੱਜ ਉਪਰਲੇ ਸਦਨ ਵਿੱਚ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। “ਸਾਡੇ ਦੇਸ਼ ਦੀ ਔਸਤ ਉਮਰ ਸਿਰਫ਼ 29 ਸਾਲ ਹੈ। ਸਾਡੇ ਦੇਸ਼ ਦੀ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਸਾਡੇ ਦੇਸ਼ ਦੀ 50% ਤੋਂ ਵੱਧ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ। ਪਰ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇੰਨੇ ਨੌਜਵਾਨ ਹਨ?
ਉਨ੍ਹਾਂ ਕਿਹਾ ਕਿ ਜਦੋਂ ਇਸ ਦੇਸ਼ ਵਿੱਚ ਪਹਿਲੀ ਲੋਕ ਸਭਾ (1952 ਵਿੱਚ) ਚੁਣੀ ਗਈ ਸੀ ਤਾਂ ਉਸ ਲੋਕ ਸਭਾ ਵਿੱਚ 26% ਲੋਕ 40 ਸਾਲ ਤੋਂ ਘੱਟ ਉਮਰ ਦੇ ਸਨ ਅਤੇ 17ਵੀਂ ਲੋਕ ਸਭਾ (16 ਜੂਨ ਨੂੰ ਭੰਗ ਹੋਈ) ਵਿੱਚ ਸਿਰਫ਼ 12% ਲੋਕ 40 ਸਾਲ ਤੋਂ ਘੱਟ ਉਮਰ ਦੇ ਸਨ। ਇਸ ਲਈ ਜਿਵੇਂ-ਜਿਵੇਂ ਦੇਸ਼ ਜਵਾਨ ਹੋ ਰਿਹਾ ਹੈ, ਸਾਡੇ ਚੁਣੇ ਹੋਏ ਨੁਮਾਇੰਦੇ ਬਜੁਰਗ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਬਜੁਰਗ ਸਿਆਸਤਦਾਨਾਂ ਵਾਲਾ ਨੌਜਵਾਨ ਦੇਸ਼ ਹਾਂ, ਸਾਨੂੰ ਨੌਜਵਾਨ ਸਿਆਸਤਦਾਨਾਂ ਵਾਲਾ ਨੌਜਵਾਨ ਦੇਸ਼ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਰਾਜਨੀਤੀ ਨੂੰ ਮਾੜਾ ਪੇਸ਼ਾ ਮੰਨਿਆ ਜਾਂਦਾ ਹੈ। ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਸ ਦੇ ਮਾਪੇ ਉਸ ਨੂੰ ਡਾਕਟਰ, ਇੰਜੀਨੀਅਰ, ਖਿਡਾਰੀ, ਵਿਗਿਆਨਿਕ, ਚਾਰਟਰਡ ਅਕਾਊਂਟੈਂਟ ਬਣਾਉਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ “ਕੋਈ ਨਹੀਂ ਕਹਿੰਦਾ ਕਿ ਜਦੋਂ ਉਹ ਵੱਡੇ ਹੋ ਜਾਂਦੇ ਹਨ, ਉਨ੍ਹਾਂ ਨੂੰ ਨੇਤਾ ਬਣਨਾ ਚਾਹੀਦਾ ਹੈ, ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ, ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਸਾਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਭਾਰਤ ਦੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਆਉਣ।
ਰਾਘਵ ਚੱਢਾ ਨੇ ਕਿਹਾ ਕਿ ਇਸ ਦੇਸ਼ ਵਿੱਚ ਚੋਣ ਲੜਨ ਦੀ ਉਮਰ 25 ਸਾਲ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ।
ਸਰਕਾਰ ਨੂੰ ਨੌਜਵਾਨਾਂ ਦੀ ਰਾਜਨੀਤੀ ਵਿੱਚ ਭਾਗੀਦਾਰੀ ਵਧਾਉਣ ਦੀ ਅਪੀਲ ਕਰਦਿਆਂ ਰਾਘਵ ਚੱਢਾ ਨੇ ਕਿਹਾ, “ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਮਰ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ ਅਤੇ ਜੇਕਰ ਕੋਈ 21 ਸਾਲ ਦਾ ਨੌਜਵਾਨ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅਤੇ ਚੋਣਾਂ ਲੜਨਾ ਚਾਹੁੰਦਾ ਹੈ ਤਾਂ, ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਦੇਸ਼ ਦੇ ਨੌਜਵਾਨ 18 ਸਾਲ ਦੀ ਉਮਰ ਵਿੱਚ ਵੋਟ ਪਾ ਸਕਦੇ ਹਨ ਅਤੇ ਆਪਣੀ ਸਰਕਾਰ ਚੁਣ ਸਕਦੇ ਹਨ, ਦੇਸ਼ ਦਾ ਭਵਿੱਖ ਚੁਣ ਸਕਦੇ ਹਨ, ਤਾਂ ਉਹ ਯਕੀਨੀ ਤੌਰ ‘ਤੇ 21 ਸਾਲ ਦੀ ਉਮਰ ਵਿੱਚ ਚੋਣ ਲੜ ਸਕਦੇ ਹਨ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin