ਨਵੀਂ ਦਿੱਲੀ – ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਕੇ ਨੇ ਸੇਬੀ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਡਾਨੀ ਸਮੂਹ ਅਤੇ ਸੇਬੀ ਦੀ ਮਿਲੀਭੁਗਤ ਨਾਲ ਹੋਏ ਘਪਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦੀ ਜੇ.ਪੀ.ਸੀ. ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ। ਨਹੀਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨਾਲ ਸਮਝੌਤਾ ਕਰਕੇ ਆਪਣੇ ਸਹਿਯੋਗੀਆਂ ਨੂੰ ਬਚਾਉਂਦੇ ਰਹਿਣਗੇ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਅਡਾਨੀ ਸਮੂਹ ਦੇ ਘਪਲਿਆਂ ਦੀ ਜਾਂਚ ਕਰਵਾ ਕੇ ਸੇਬੀ ’ਤੇ ਲੱਗੇ ਦੋਸ਼ਾਂ ’ਤੇ ਸਥਿਤੀ ਸਪਸ਼ਟ ਕਰਨੀ ਹੋਵੇਗੀ। ਨਾਲ ਹੀ ਤੁਰੰਤ ਕਾਰਵਾਈ ਕਰਨੀ ਹੋਵੇਗੀ। ਐਕਸ ’ਤੇ ਕੀਤੇ ਗਏ ਇਕ ਪੋਸਟ ’ਤੇ ਖੜਗੇ ਨੇ ਕਿਹਾ ਕਿ ਜਨਵਰੀ 2023 ’ਚ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਸੇਬੀ ਨੇ ਸੁਪਰੀਮ ਕੋਰਟ ’ਚ ਅਡਾਨੀ ਸਮੂਹ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਹੁਣ ਸੇਬੀ ਮੁਖੀ ’ਤੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਮੱਧ ਵਰਗ ਦੇ ਨਿਵੇਸ਼ਕ ਆਪਣੀ ਮਿਹਨਤ ਦੀ ਕਮਾਈ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਦੇ ਹਨ। ਅਜਿਹੇ ਘਪਲਿਆਂ ਅਤੇ ਦੋਸ਼ਾਂ ਤੋਂ ਬਾਅਦ ਨਿਵੇਸ਼ਕ ਚਿੰਤਤ ਹਨ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।