ਰੋਮ ਇਟਲੀ – ਇਟਲੀ ਵਿੱਚ ਆਏ ਦਿਨ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਦੀਆ ਬੇਵਕਤੀ ਮੌਤਾ ਨਾਲ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇਸੇ ਤਰ੍ਹਾ ਦੀ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ। ਜਿੱਥੇ ਇਟਲੀ ਦੇ ਮੁੱਖ ਰਾਸ਼ਟਰੀ ਮੋਟਰਵੇਅ ਏ 21 ਉਪੱਰ ਕਰੇਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ ਬੀਤੀ ਰਾਤ ਕਰੀਬ 10,45 ਵਜੇ 3 ਵਾਹਨਾਂ ਦੀ ਜਬਰਦਸਤ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਤੇ 4 ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਟਾਲੀਅਨ ਮੀਡੀਏ ਅਨੁਸਾਰ ਇਸ ਐਕਸੀਡੈਂਟ ਵਿੱਚ ਮਰਨ ਵਾਲੇ ਦੋ ਭਾਰਤੀ ਨੌਜਵਾਨ ਹਨ ਜਿਹਨਾਂ ਦੀ ਉਮਰ 20 ਸਾਲ ਤੇ 29 ਸਾਲ ਸੀ ਪਰ ਹਾਲੇ ਤੱਕ ਇਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਜਦੋਂ ਕਿ ਹਾਦਸੇ ਵਿੱਚ ਚਾਰ ਲੋਕ ਹੋਰ ਗੰਭੀਰ ਜਖ਼ਮੀ ਹੋਏ ਹਨ ਜਿਹਨਾਂ ਵਿੱਚ ਇੱਕ 20 ਸਾਲ ਭਾਰਤੀ ਸਮੇਤ ਇੱਕ 57 ਸਾਲ ਵਿਅਕਤੀ ਤੇ ਦੋ ਔਰਤਾਂ 56 ਤੇ 86 ਸਾਲ ਸ਼ਾਮਿਲ ਹਨ।ਇਸ ਭਿਆਨਕ ਸੜਕ ਹਾਦਸੇ ਕਾਰਨ ਮੋਟਰਵੇਅ ਸਵੇਰੇ 6 ਵਜੇ ਤੱਕ ਬੰਦ ਰਿਹਾ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫੋਰਡ ਕਾਰ (ਜਿਸ ਵਿੱਚ 3 ਭਾਰਤੀ ਸਵਾਰ ਸਨ )ਦੇ ਕੰਟਰੋਲ ਤੋਂ ਬਾਹਰ ਹੋ ਜਾਣ ਨਾਲ ਹੋਇਆ ਜਿਹੜੀ ਕਿ ਪਹਿਲਾਂ ਸੱਜੇ ਖੱਬੇ ਘੁੰਮਣ ਲੱਗੀ ,ਫਿਰ ਇੱਕ ਕਾਰ ਵਿੱਚ ਵੱਜੀ ਤੇ ਬਾਅਦ ਵਿੱਚ ਸਾਹਮਣ੍ਹੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਨਾਲ ਟੱਕਰਾ ਗਈ ਜਿਸ ਕਾਰਨ 2 ਭਾਰਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਤੀਜਾ ਇਹਨਾਂ ਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਰਾਹਤ ਕਰਮਚਾਰੀਆਂ ਨੇ ਹੈਲੀਕਾਪਰ ਰਾਹੀ ਹਸਤਪਾਲ ਪਹੁੰਚਾਇਆ।ਇਸ ਘਟਨਾ ਨਾਲ ਇਲਾਕੇ ਵਿੱਚ ਮਾਤਮ ਛਾ ਗਿਆ।ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
