ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ, ਜਿਹੜੀ ਇਨਕਲਾਬ ਦੇ ਨਾਅਰਿਆਂ ਨਾਲ ਸੱਤਾ ਵਿੱਚ ਆਈ ਸੀ, ਉਹ ਕਿਸੇ ਵੀ ਤਰ੍ਹਾਂ ਹੋਰ ਪਾਰਲੀਮਾਨੀ ਪਾਰਟੀਆਂ ਤੋਂ ਵੱਖਰੀ ਨਹੀਂ ਹੈ ਸਗੋਂ ਇਹ ਪਾਰਟੀ ਉਹਨਾਂ ਨਾਲੋਂ ਵੀ ਨਖਿੱਧ ਸਾਬਤ ਹੋਈ ਹੈ।
ਉਹਨਾਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ਦੀ ਜ਼ਮੀਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਮਿਲੀ ਭੁਗਤ ਅਤੇ ਸ਼ਹਿ ਨਾਲ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਨੇ ਦੁਹਰਾਇਆ ਕਿ 20 ਸਤੰਬਰ ਤੋਂ ਕੁੱਲਰੀਆਂ ਵੱਲ ‘ਜ਼ਮੀਨ ਬਚਾਉ ਮੋਰਚੇ’ ਤਹਿਤ ਲਗਾਤਾਰ ਜਥੇ ਕੂਚ ਕਰਨਗੇ। ਜਥੇ ਭੇਜਣ ਲਈ ਪੰਜਾਬ ਭਰ ਵਿੱਚ ਜ਼ਿਲਿਆਂ ਅਤੇ ਬਲਾਕਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀਂ ਫਿਰੋਜ਼ਪੁਰ , ਬਠਿੰਡਾ, ਬਰਨਾਲਾ, ਲੁਧਿਆਣਾ ਅਤੇ ਮਾਨਸਾ ਜ਼ਿਲਿਆਂ ਵਿੱਚ ਮੀਟਿੰਗਾਂ ਕਰਕੇ ਤਿਆਰੀ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਵੱਲੋਂ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰਦੀ ਹੋਈ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰੇ ਅਤੇ ਕਿਸਾਨਾਂ ਤੇ ਹਮਲੇ ਕਰਨ ਵਾਲੇ ਇਰਾਦਾ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਨਹੀਂ ਤਾਂ ਹਰ ਤਰ੍ਹਾਂ ਨਾਲ ਜ਼ਿੰਮੇਵਾਰੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸੰਘਰਸ਼ੀ ਬਿਜਲੀ ਮੁਲਾਜ਼ਮਾਂ ਖਿਲਾਫ ਐਸਮਾ ਲਾਉਣ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮੰਨੀਆਂ ਜਾਣ। ਜੇਕਰ ਮੁਲਾਜ਼ਮਾਂ ਖਿਲਾਫ ਐਸਮਾ ਅਧੀਨ ਕੋਈ ਕਾਰਵਾਈ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਉਹਨਾਂ ਦਾ ਡੱਟ ਕੇ ਸਾਥ ਦੇਵੇਗੀ।
ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਅਮਨਦੀਪ ਸਿੰਘ ਲਲਤੋਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਅਤੇ ਹੋਰ ਮੰਗਾਂ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰਾਂ ਨੂੰ ਵੀ ਅਣਸੁਣਿਆ ਕਰਕੇ ਲਾਰੇ ਲੱਪਿਆਂ ਨਾਲ ਡੰਗ ਟਪਾਉਣ ਦੀ ਨੀਤੀ ਤੇ ਚੱਲ ਰਹੀ ਹੈ। ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰਨਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰਨਾ, ਸਹਿਕਾਰੀ ਅਦਾਰਿਆਂ ਵਿੱਚ ਭਰਿਸ਼ਟਾਚਾਰ ਨੂੰ ਠੱਲ ਪਾਉਣ ਵਿੱਚ ਨਾਕਾਮੀ ਅਤੇ ਨਸ਼ਿਆਂ ਦਾ ਬੇਰੋਕ ਵਪਾਰ ਚੱਲਣ ਨੇ ਇਸ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਉਹਨਾਂ ਕਿਹਾ ਕਿ ਅਗਲੇ ਮਹੀਨੇ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਪਰ ਕਣਕ ਅਤੇ ਆਲੂਆਂ ਲਈ ਡੀਏਪੀ ਖਾਦ ਦਾ ਹਾਲੇ ਤੱਕ ਇੰਤਜ਼ਾਮ ਨਹੀਂ ਕੀਤਾ ਗਿਆ ਸਗੋਂ ਖਾਦ ਦੇ ਨਾਲ ਨੈਨੋ ਡੀਏਪੀ ਵਗੈਰਾ ਜਬਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਗੁਦਾਮਾਂ ਵਿੱਚੋਂ ਪੁਰਾਣੇ ਅਨਾਜ ਦੀ ਲਿਫਟਿੰਗ ਨਹੀਂ ਹੋਈ । ਇਸ ਨਾਲ ਝੋਨੇ ਦੀ ਆਉਣ ਵਾਲੀ ਫਸਲ ਲਈ ਸਟੋਰੇਜ ਦੀ ਸਮੱਸਿਆ ਖੜ੍ਹੀ ਹੋਵੇਗੀ।
ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਝੋਨਾ ਵੇਚਣ ਵਿੱਚ ਜਾਂ ਕਣਕਾਂ ਦੀ ਬਜਾਈ ਵੇਲੇ ਖਾਦ ਦੀ ਘਾਟ ਕਾਰਨ ਕੋਈ ਸਮੱਸਿਆ ਆਈ ਤਾਂ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਦੇ ਸਹਿਯੋਗ ਨਾਲ ਇਸ ਖਿਲਾਫ ਡਟ ਕੇ ਸੰਘਰਸ਼ ਲੜੇਗੀ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਪ੍ਰਿੰਸੀਪਲ ਬੁੱਧਰਾਮ ਨੂੰ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦੀਆਂ ਸਾਜਿਸ਼ਾਂ ਕਰਨ ਤੋਂ ਵਰਜੇ, ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰੇ, ਇਰਾਦਾ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜਾਵਾਂ ਦੇਵੇ ਅਤੇ ਬਿਜਲੀ ਮੁਲਾਜ਼ਮਾਂ, ਡਾਕਟਰਾਂ, ਪੈਨਸ਼ਨਰਾਂ , ਠੇਕਾ ਮੁਲਾਜ਼ਮਾਂ ਅਤੇ ਹੋਰ ਸੰਘਰਸ਼ਸ਼ੀਲ ਤਬਕਿਆਂ ਦੀਆਂ ਮੰਗਾਂ ਮਸਲਿਆਂ ਵੱਲ ਧਿਆਨ ਦੇਵੇ ਨਹੀਂ ਤਾਂ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।