International

ਕੈਨੇਡੀਅਨ ਸੰਸਦ ਚ ਯਹੂਦੀਆਂ ਅਤੇ ਹਮਾਸ ਮੁੱਦੇ ’ਤੇ ਟਕਰਾਅ

ਓਟਾਵਾ – ਕੈਨੇਡੀਅਨ ਸੰਸਦ ਵਿਚ ਉਦੋਂ ਤਣਾਅ ਭਰਪੂਰ ਮਾਹੌਲ ਬਣ ਗਿਆ ਜਦੋਂ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਅਤੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰੇ ਯਹੂਦੀਆਂ ਅਤੇ ਹਮਾਸ ਦੇ ਮੁੱਦੇ ’ਤੇ ਇਕ-ਦੂਜੇ ਨਾਲ ਭਿੜ ਗਏ। ਪੋਲੀਵਰੇ ਨੇ ਵਿਦੇਸ਼ ਮੰਤਰੀ ’ਤੇ ਹਮਾਸ ਹਮਾਇਤੀਆਂ ਪ੍ਰਤੀ ਨਰਮ ਰਵੱਈਆ ਰੱਖਣ ਦਾ ਦੋਸ਼ ਲਾਇਆ ਤਾਂ ਮੇਲਾਨੀਆ ਜੌਲੀ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਨੂੰ ਮੁਆਫ਼ੀ ਮੰਗਣ ਲਈ ਆਖਿਆ। ਦੂਜੇ ਪਾਸੇ ਸੋਮਵਾਰ ਦੇਰ ਸ਼ਾਮ ਇਕ ਹੋਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਵਰੇ ਆਹਮੋ ਸਾਹਮਣੇ ਹੋ ਗਏ। ਪੀਅਰੇ ਪੋਲੀਵਰੇ ਨੇ ਕੈਨੇਡਾ ਵਿਚ ਯਹੂਦੀਆਂ ਵਿਰੁੱਧ ਪੈਦਾ ਹੁੰਦੇ ਮਾਹੌਲ ਲਈ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਦੀ ਵਿਚਾਰਧਾਰਾ ਨਸਲਵਾਦ ’ਤੇ ਆਧਾਰਤ ਹੈ ਜੋ ਨਫ਼ਰਤ ਤੋਂ ਸਿਵਾਏ ਕੁਝ ਪੈਦਾ ਨਹੀਂ ਕਰਦੀ। ਟੋਰੀ ਆਗੂ ਨੇ ਬਿਰਜੂ ਦਾਤਾਨੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਥਾਪਣ ਦੀ ਮਿਸਾਲ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਰਕਾਰ ਨੂੰ ਬਦਲ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਫਲਸਤੀਨੀ ਰਫਿਊਜੀਆਂ ਲਈ ਕੰਮ ਕਰਨ ਵਾਲੇ ਸੰਯੁਕਤ ਰਾਸ਼ਟਰ ਦੀ ਇਕਾਈ ਨੂੰ ਫੰਡਿੰਗ ਬੰਦ ਕਰ ਦਿਤੀ ਜਾਵੇਗੀ ਅਤੇ ਯਹੂਦੀਆਂ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੀਆਂ ਯੂਨੀਵਰਸਿਟੀਆਂ ਨੂੰ ਵੀ ਫੈਡਰਲ ਸਰਕਾਰ ਤੋਂ ਫੰਡ ਨਹੀਂ ਮਿਲਣਗੇ। ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਪਹਿਲੀ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਆਗੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਬੋਧਨ ਕੀਤਾ ਅਤੇ ਕੈਨੇਡਾ ਵਿਚ ਯਹੂਦੀਆਂ ਵਿਰੁੱਧ ਜ਼ਹਿਰ ਫੈਲਾਉਣ ਵਾਲਿਆਂ ਦਾ ਡਟ ਕੇ ਟਾਕਰਾ ਕਰਨ ’ਤੇ ਜ਼ੋਰ ਦਿਤਾ। ਇੱਥੇ ਦੱਸਣਾ ਬਣਦਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ’ਤੇ ਹਮਲਾ ਕੀਤੇ ਜਾਣ ਮਗਰੋਂ ਕੈਨੇਡਾ ਦੀਆਂ ਸੜਕਾਂ ’ਤੇ ਫਲਸਤੀਨ ਹਮਾਇਤੀ ਅਤੇ ਇਜ਼ਰਾਈਲ ਹਮਾਇਤੀ ਦੋਵੇਂ ਕਿਸਮ ਦੇ ਰੋਸ ਵਿਖਾਵੇ ਦੇਖਣ ਨੂੰ ਮਿਲੇ। ਸੰਸਦ ਵਿਚ ਵਿਰੋਧੀ ਧਿਰ ਵੱਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਵਾਅਦਾ ਕੀਤਾ ਕਿ ਸਰਕਾਰ ਹਮੇਸ਼ਾ ਕੈਨੇਡੀਅਨ ਯਹੂਦੀਆਂ ਦਾ ਸਾਥ ਦੇਵੇਗੀ। ਵਿਦੇਸ਼ ਮੰਤਰੀ ਦੇ ਜਵਾਬ ਤੋਂ ਪੋਲੀਵਰੇ ਦੀ ਤਸੱਲੀ ਨਾ ਹੋਈ ਅਤੇ ਉਨ੍ਹਾਂ ਮੁੜ ਖੜ੍ਹੇ ਹੋ ਕੇ ਕਿਹਾ ਕਿ ਸਰਕਾਰ ਯਹੂਦੀਆਂ ਵਿਰੁੱਧ ਲਗਦੇ ਨਾਅਰਿਆਂ ਦੀ ਨਿਖੇਧੀ ਕਰੇ। ਇਸੇ ਦੌਰਾਨ ਨਿਆਂ ਮੰਤਰੀ ਆਰਿਫ ਵਿਰਾਨੀ ਖੜ੍ਹੇ ਹੋ ਗਏ ਅਤੇ ਕਿਹਾ ਕਿ ਸਰਕਾਰ ਹਮੇਸ਼ਾ ਤੋਂ ਕੈਨੇਡੀਅਨ ਯਹੂਦੀਆਂ ਵਿਰੁੱਧ ਨਫ਼ਰਤ ਦਾ ਟਾਕਰਾ ਕਰਦੀ ਆਈ ਹੈ।

Related posts

ਐਲਨ ਮਸਕ ਦੀ ਕੰਪਨੀ ਟੇਸਲਾ ‘ਤੇ ਮਹਿਲਾ ਕਰਮਚਾਰੀ ਨੇ ਲਾਇਆ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ

Bunty

ਏਸ਼ੀਆ ਅਤੇ ਯੂਰਪ ਵਿਚ ਗਰਮੀ ਕਾਰਨ ਸੈਂਕੜੇ ਗੁਆ ਚੁੱਕੇ ਹਨ ਲੋਕ ਆਪਣੀ ਜਾਨ

Bunty

ਸਵੀਡਨ ਅਤੇ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ‘ਤੇ ਸੰਕਟ ਦੇ ਛਾਏ ਕਾਲੇ ਬੱਦਲ ! ਇਸ ਦੇਸ਼ ਨੇ ਰਾਹ ‘ਚ ਪਾਈਆਂ ਰੁਕਾਵਟਾਂ

Bunty