ਓਡੇਨਸੇ (ਡੈਨਮਾਰਕ) – ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਲਕਸ਼ਯ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 8,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਵਿਚ ਉਤਰਨਗੇ ਤਾਂ ਫਾਰਮ ‘ਤੇ ਵਾਪਸੀ ਦੀ ਕੋਸ਼ਿਸ਼ ਕਰਨਗੇ। ਦੋਵਾਂ ਖਿਡਾਰੀਆਂ ਦਾ ਪਿਛਲੇ ਹਫ਼ਤੇ ਫਿਨਲੈਂਡ ਦੇ ਵਾਂਟਾ ਵਿੱਚ ਹੋਏ ਆਰਕਟਿਕ ਓਪਨ ਵਿੱਚ ਔਸਤ ਪ੍ਰਦਰਸ਼ਨ ਰਿਹਾ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਪਹਿਲੇ ਦੌਰ ‘ਚ ਹਾਰ ਕੇ ਬਾਹਰ ਹੋ ਗਈ ਜਦਕਿ 2021 ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਜੇਤੂ ਸੇਨ ਦੂਜੇ ਦੌਰ ‘ਚ ਹਾਰ ਗਿਆ। ਪੈਰਿਸ ਓਲੰਪਿਕ ‘ਚ ਚੌਥੇ ਸਥਾਨ ‘ਤੇ ਰਹੇ ਸੇਨ ਨੂੰ ਚੀਨੀ ਤਾਈਪੇ ਦੇ ਚੋਊ ਤਿਏਨ ਚੇਨ ਨੇ ਹਰਾਇਆ ਸੀ। ਹੁਣ ਇੱਥੇ ਉਸ ਦਾ ਸਾਹਮਣਾ ਪਹਿਲੇ ਦੌਰ ਵਿੱਚ ਚੀਨ ਦੇ ਲੂ ਗੁਆਂਗ ਝੂ ਨਾਲ ਹੋਵੇਗਾ ਜਿਸ ਨਾਲ ਉਸ ਦਾ ਪਹਿਲਾ ਮੁਕਾਬਲਾ ਹੈ। ਦੂਜੇ ਦੌਰ ਵਿੱਚ ਉਸਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਕੁਆਰਟਰ ਫਾਈਨਲ ‘ਚ ਵਿਸ਼ਵ ਚੈਂਪੀਅਨ ਥਾਈਲੈਂਡ ਦੇ ਕੁਨਲਾਵਤ ਵਿਟਿਡਸਰਨ ਨਾਲ ਟੱਕਰ ਹੋ ਸਕਦੀ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੂੰ ਪਹਿਲੇ ਦੌਰ ‘ਚ ਕੈਨੇਡਾ ਦੀ ਮਿਸ਼ੇਲ ਲੀ ਤੋਂ ਹਾਰਨ ਤੋਂ ਬਾਅਦ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨਾ ਹੋਵੇਗਾ।