ਪਿਛੇ ਜਿਹੇ ਹੋਈਆਂ ਚੋਣਾਂ ਦੇ ਪ੍ਰਚਾਰ ਸਮੇਂ ‘ਰੇਵੜੀ ਕਲਚਰ’ ਅਤੇ ‘ਜਲੇਬੀ ਪਾਲੇਟਿਕਸ’ ਦੀ ਚਰਚਾ ਮਗਰੋਂ ਅੱਜ ਕੱਲ੍ਹ ‘ਸਮੋਸਾ-ਸਿਆਸਤ’ ਖੂਬ ਭਖੀ ਹੋਈ ਹੈ। ਸ਼ਾਹੀ ਘਰਾਣਿਆਂ ਦੇ ਖਾਣੇ ਦੇ ਮੇਜ਼ਾਂ ਦੇ ਸ਼ਿੰਗਾਰ ਤੋਂ ਲੈ ਕੇ ਗਰੀਬ-ਗੁਰਬੇ ਦਾ ਮਨ ਪਸੰਦ ਇਹ ਤਲਿਆ ਹੋਇਆ ਮਸਾਲੇਦਾਰ ਤਿਖੂੰਜਾ ਸਨੈਕ ਹਿਮਾਚਲ ਪ੍ਰਦੇਸ਼ ਦੇ ‘ਸਮੋਸਾ ਕਾਂਡ’ ਅਤੇ ਅਮਰੀਕਾ ਦੇ ‘ਸਮੋਸਾ ਕਾਕਸ’ ਕਾਰਨ ਬੜੇ ਜ਼ਿਕਰ ਵਿੱਚ ਹੈ (‘ਕਾਕਸ’ ਰਾਜਸੀ ਜੁੰਡੀ/ਗੁਟ ਨੂੰ ਕਹਿੰਦੇ ਹਨ)।
ਸਮੋਸੇ ਦੇ ਅਰੰਭ ਅਤੇ ਇਸ ਦੇ ‘ਸਨੈਕੀ’ ਸਫਰ ਦੀ ਦਾਸਤਾਂ ਬਿਆਨ ਕਰਨ ਤੋਂ ਪਹਿਲਾਂ ਆਪਾਂ ਜ਼ਰਾ ਇਸ ਦੇ ਸਿਆਸੀ ਜ਼ਿਕਰ ਅਤੇ ਫਿਕਰ ਦਾ ਜ਼ਿਕਰ ਕਰ ਲੈਂਦੇ ਹਾਂ।
ਹੈ ਤਾਂ ਇਹ ਗੱਲ ਦਾ ਗਲ਼ੈਣ, ਤਿਲ ਦਾ ਤਾੜ ਅਤੇ ਰਾਈ ਦਾ ਪਹਾੜ ਬਨਾਉਣ ਵਾਲੀ ਗੱਲ ਪਰ ਉਰਦੂ ਦੇ ਸ਼ਾਇਰ ਜੌਨ ਏਲੀਆ ਵਾਂਗ-
“ਉਸ ਕੀ ਗਲੀ ਸੇ ਉਠ ਕੇ ਮੈਂ ਆਨ ਪੜਾ ਥਾ ਅਪਨੇ ਘਰ
ਏਕ ਗਲੀ ਕੀ ਬਾਤ ਥੀ ਔਰ ਗਲੀ ਗਲੀ ਗਈ”
ਵਾਲੀ ਗੱਲ ਬਣ ਗਈ!
ਹੋਰ ਤਾਂ ਹੋਰ, 9 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਭਾਜਪਾ ਯੁਵਾ ਮੋਰਚਾ ਨੇ ਇੱਕ ‘ਸਮੋਸਾ ਮਾਰਚ’ ਕੀਤਾ ਜਿਸ ਵਿੱਚ ਮੁੱਖ ਮੰਤਰੀ ਦੀ ਫੋਟੋ ਦੇ ਮੂੰਹ ਨੂੰ ਮੋਰਚਾ ਆਗੂਆਂ ਵਲੋਂ ਸਮੋਸੇ ਲਗਾਏ ਗਏ ਅਤੇ ਉਸ ਦੀ ਤਸਵੀਰ ਉੱਪਰ ਲਿਖਿਆ ਗਿਆ- ‘ਮੇਰੇ ਸਮੋਸੇ ਕਿਸ ਨੇ ਖਾਏ’!ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਸਮੋਸੇ ਵੰਡੇ ਵੀ ਗਏ।
ਕੁਝ ਭਾਜਪਾ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ ਲਈ ਆਨਲਾਈਨ ਸਮੋਸਿਆਂ ਦੇ ਆਡਰ ਵੀ ਦੇ ਦਿਤੇ। ਇੱਕ ਨੇ ਤਾਂ ਮਜ਼ਾਕ ਕਰਦਿਆਂ ਇਹ ਵੀ ਕਿਹਾ ਕਿ ‘ਜਾਂਚ ਕਰੋ ਕਿ ਸਮੋਸਿਆਂ ਨਾਲ ਚਟਨੀ ਕਿਧਰ ਗਈ’? ਭਾਜਪਾ ਦੇ ਇੱਕ ਸਾਂਸਦ ਨੇ ਇਸ ਭਸੂੜੀ ‘ਚ ਇੱਕ ‘ਲੋਡਡ’ ਪ੍ਰਸ਼ਨ ਜੋੜਦਿਆਂ ਪੁਛਿਆ ਕਿ ਕਿਧਰੇ ਸਮੋਸਿਆਂ ਵਾਲੇ ਡੱਬਿਆਂ ‘ਚ ‘ਕੁਝ ਹੋਰ ਤਾਂ ਨਹੀਂ ਸੀ’ ਜੋ ਜਾਂਚ ਕਰਨੀ ਪਈ? ਸੋਸ਼ਲ ਮੀਡੀਆ ਉੱਪਰ ਵੀ ‘ਮੀਮਜ਼’ ਅਤੇ ਪੋਸਟਾਂ ਰਾਹੀਂ ‘ਸਮੋਸਾ-ਘਟਨਾ’ ਦਾ ਵਾਹਵਾ ਮੌਜੂ ਉਡਾਇਆ ਜਾ ਰਿਹੈ। ਭਾਜਪਾ ਵਾਲੇ ਇਸ ਨੂੰ ਕਾਂਗਰਸ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਨੂੰ ਪੂਰੇ ਮੁਲਕ ਵਿਚ ‘ਮਜ਼ਾਕ ਦਾ ਕੇਂਦਰ’ ਬਣਾਏ ਜਾਣ ਦੇ ਨਿਰੰਤਰ ਦੋਸ਼ ਲਾ ਰਹੇ ਹਨ।
ਗੱਲ਼ ਦਰਅਸਲ ਇਉਂ ਹੋਈ ਕਿ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ 21 ਅਕਤੂਬਰ ਨੂੰ ਸੀ.ਆਈ.ਡੇ. ਦੇ ਹੈਡ ਕੁਆਟਰ ਵਿਚ ਇਕ ਸਮਾਗਮ ਸਬੰਧੀ ਆਏ। ਉਹਨਾ ਲਈ ਇੱਕ ਮਸ਼ਹੂਰ ਹੋਟਲ ‘ਚੋਂ 3 ਡੱਬੇ ਸਮੋਸਿਆਂ ਅਤੇ ਕੇਕਾਂ ਦੇ ਮੰਗਾਏ ਗਏ। ਕਿਸੇ ਭੰਬਲਭੂਸੇ ਕਾਰਨ ਰਿਫਰੈਸ਼ਮੈਂਟ ਦਾ ਇਹ ਸਮਾਨ ਮੁੱਖ ਮੰਤਰੀ ਦੀ ਬਜਾਏ ਉਹਨਾ ਦਾ ਸਟਾਫ ਛਕ ਗਿਆ! ਬਸ ਫਿਰ ਕੀ ਸੀ, ਇਸ ਘੜਮੱਸ ਤੇ ਸਿਆਸੀ ਘਮਸਾਨ ਮਚ ਗਿਆ। ਇੱਕ ਸਾਧਾਰਨ ਜਿਹੇ ਪ੍ਰਸ਼ਨ ਕਿ ‘ਮੰਗਵਾਇਆ ਸਮਾਨ ਕਿਧਰ ਗਿਆ’ ਨੂੰ ਮੀਡੀਆ ਨੇ ‘ਪਰੋਬ’ (ਜਾਂਚ) ਗਰਦਾਨ ਦਿਤਾ। ਇਹ ਵੀ ਕਿਹਾ ਗਿਆ ਕਿ ਇਨਕੁਆਰੀ ਰਿਪੋਰਟ ਵਿਚ ਇਸ ‘ਸਮੋਸਾ ਕਾਂਡ’ ਨੂੰ ਸਰਕਾਰ ਵਿਰੋਧੀ ਅਤੇ ‘ਸੀ.ਆਈ.ਡੀ. ਵਿਰੋਧੀ’ ਗਰਦਾਨਿਆ ਗਿਆ। ਹਾਲ ਦੁਹਾਈ ਐਨੀ ਮਚ ਗਈ ਕਿ 8 ਨਵੰਬਰ ਨੂੰ ਖੁਦ ਮੁੱਖ ਮੰਤਰੀ ਅਤੇ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੀ.ਆਈ.ਡੀ. ਦੇ ਮੁਖੀ ਨੂੰ ਇਸ ਸਬੰਧੀ ਸਥਿਤੀ ਸਪਸ਼ਟ ਕਰਨ ਹਿਤ ਬਿਆਨ ਦੇਣੇ ਪਏ। ਪਰ ਭਾਜਪਾ ਨੇਤਾ, ਜੋ ਆਪਣੇ ਤੀਰ-ਤਲਵਾਰ ਲੈ ਕੇ ਹਮਲਾ ਕਰਨ ਲਈ ਤਿਆਰ ਬਰ ਤਿਆਰ ਤੇ ਤਤਪਰ ਰਹਿੰਦੇ ਹਨ, ਨੇ ਕਾਂਗਰਸ ਉਪਰ ਵਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਨੂੰ ਦਰਪੇਸ਼ ਮੁੱਦਿਆਂ ਦੀ ਨਹੀਂ ਸਗੋਂ ਮੁੱਖ ਮੰਤਰੀ ਦੇ ਸਮੋਸਿਆਂ ਦੀ ਚਿੰਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਭਾਜਪਾ ਦੇ ਬਿਆਨਾ ਨੂੰ ਬਚਕਾਨਾ ਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਸਪਸ਼ਟ ਕੀਤਾ ਕਿ ਜਾਂਚ ਅਧਿਕਾਰੀਆਂ ਦੇ ਦੁਰਵਿਹਾਰ ਬਾਰੇ ਸੀ ਪਰ ਮੀਡੀਆ ਨੇ ਸੀ.ਆਈ.ਡੀ. ਦੀ ਇਸ ਜਾਂਚ ਨੂੰ ਸਮੋਸੇ ਦੀ ਜਾਂਚ ਵਿਚ ਬਦਲ ਦਿਤਾ। ਸੀ.ਆਈ.ਡੀ. ਦੇ ਮੁਖੀ ਸੰਜੀਵ ਰੰਜਨ ਓਝਾ ਨੇ ਕਿਹਾ ਕਿ ਵਿਭਾਗ ਦੇ ਅੰਦਰੂਨੀ ਮਾਮਲੇ ਦਾ ਬੇਲੋੜੇ ਢੰਗ ਨਾਲ ਸਿਆਸੀਕਰਨ ਕੀਤਾ ਗਿਐ ਅਤੇ ਵਿਵਾਦ ਨੂੰ ਵਧਾਇਆ ਗਿਐ। ਪਰ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਪੁਲਿਸ ‘ਸਮੋਸਾ-ਜਾਂਚ’ ਵਿੱਚ ਰੁਝੀ ਹੋਈ ਹੈ, ਜੁਰਮ ਰੋਕਣ ਬਾਰੇ ਨਹੀਂ ਸੋਚ ਰਹੀ।
ਸਮੋਸਾ ਅਮਰੀਕਾ ਵਿੱਚ ਵੀ ਚਰਚਾ ‘ਚ ਹੈ। ਓਥੇ ਹੁਣੇ ਜਿਹੇ ਹੋਈ ਰਾਸ਼ਟਰਪਤੀ ਦੀ ਚੋਣ ਵੇਲੇ ਭਾਰਤੀ ਮੂਲ ਦੇ 5 ਨੁਮਾਇੰਦਿਆਂ ਦੀ ਗਿਣਤੀ 6 ਹੋਣ ਕਾਰਨ ਮੀਡੀਆ ਨੇ ‘ਸਮੋਸਾ ਕਾਕਸ’ ਦੀ ਗਿਣਤੀ ਵਧਣ ਅਤੇ ਇਸ ਦੇ ਪਾਸਾਰ ਹੋਣ ਦੀ ਪ੍ਰਸ਼ੰਸਾ ਕੀਤੀ ਹੈ। ਸਮੋਸਾ ਕਾਕਸ ਅਮਰੀਕਾ ਦੇ ਦੋਨਾ ਸਦਨਾ ਵਿਚ ਭਾਰਤੀ-ਅਮਰੀਕੀ ਨੁਮਾਇੰਦੇ ਆਪਣੀ ਵੱਖਰੀ ਪਹਿਚਾਣ ਅਤੇ ਮਾਣ ਦਰਸਾਉਣ ਲਈ ਭਾਰਤ ਦੇ ਟੀਸੀ ਦੇ ਸਨੈਕ ਸਮਝੇ ਜਾਂਦੇ ਸਮੋਸੇ ਨੂੰ ਪ੍ਰਤੀਕ ਵਜੋਂ ਵਰਤਦੇ ਹਨ। ਇਸ ਟਰਮ ਨੂੰ ਆਨਲਾਈਨ ਪਲ਼ੈਟਫੌਰਮ ‘ਸਮੋਸਾਪੀਡੀਆ’ ਨੇ ਹੋਰ ਵੀ ਹਰਮਨ ਪਿਆਰਾ ਬਣਾਇਆ ਹੈ। ਇਹ ਟਰਮ 2018 ਵਿਚ ਇਲੀਨੌਇਸ ਦੇ ਨੁਮਾਇੰਦੇ ਰਾਜਾ ਕ੍ਰਿਸ਼ਨਾਮੂਰਥੀ ਨੇ ਭਾਰਤੀ-ਅਮਰੀਕੀਆਂ ਦੀ ਯੂ.ਐਸ. ਕਾਂਗਰਸ ਵਿਚ ਵਧ ਰਹੀ ਗਿਣਤੀ ਅਤੇ ਪ੍ਰਭਾਵ ਦਾ ਜਸ਼ਨ ਮਨਾਉਣ ਹਿਤ ਘੜੀ ਸੀ। ਹੋਰ ਤਾਂ ਹੋਰ, ਪਿਛਲੇ ਸਾਲ ਯੂ.ਐਸ.ਕਾਂਗਰਸ ਨੂੰ ਸੰਬੋਧਨ ਕਰਦਿਆਂ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਟਰਮ ਦਾ ਹਵਾਲਾ ਦਿੰਦਿਆਂ ਕਿਹਾ ਸੀ, ”ਮੈਨੂੰ ਦਸਿਆ ਗਿਐ ਕਿ ‘ਸਮੋਸਾ ਕਾਕਸ’ ਹੁਣ ਇਸ ਸਦਨ ਦੀ ਵੀ ਲੱਜ਼ਤ (ਫਲ਼ੇਵਰ) ਬਣ ਗਿਐ।ਮੈਨੂੰ ਉਮੀਦ ਹੈ ਕਿ ਇਹ ਹੋਰ ਵਧੇਗਾ ਅਤੇ ਭਾਰਤੀ ਪਕਵਾਨਾਂ (ਕੁਜ਼ੀਨ) ਦੀ ਸੰਪੂਰਨ ਵਿਭਿੰਨਤਾ ਇਥੇ ਲਿਆਵੇਗਾ’।
ਆਉ, ਹੁਣ ਸਮੋਸੇ ਦੇ ਸਫਰ ਦੀ ਗਾਥਾ ਦੀ ਗਲ ਕਰੀਏ।
ਇਸ ਸਬੰਧੀ ਅਸੀਂ ਸ਼ਬਦ-ਵਿਗਿਆਨ, ਵਿੱਕੀਪੀਡੀਆ ਅਤੇ ਹੋਰ ਸਰੋਤਾਂ ਤੋਂ ਜਾਣਕਾਰੀ ਇਕੱਤਰ ਕੀਤੀ ਹੈ। ਸ਼ਬਦ-ਵਿਗਿਆਨ ਅਨੁਸਾਰ ਸਮੋਸਾ ਸ਼ਬਦ ਫਾਰਸੀ ਦੇ ‘ਸੰਬੋਸਗ’ ਸ਼ਬਦ ਤੋਂ ਉਤਪੰਨ ਹੋਇਆ ਹੈ। ਇਸ ਦਾ ਅਰਥ ਤਿਕੋਨੀ ਪੇਸਟਰੀ ਹੈ। ਹਿੰਦੁਸਤਾਨੀ, ਹਿੰਦੀ, ਉਰਦੂ ਵਿਚ ਇਸ ਨੂੰ ਸਮੋਸਾ ਕਹਿੰਦੇ ਹਨ। ਇਹ ਵੀ ਕਿਹਾ ਜਾਂਦੈ ਕਿ ਇਸ ਨੂੰ ਮੌਲਿਕ ਤੌਰ ਤੇ ‘ਸਮਸਾ’ ਕਿਹਾ ਜਾਂਦਾ ਸੀ, ਜੋ ਮੱਧ ਏਸ਼ੀਆ, ਖਾਸ ਤੌਰ ਤੇ ਮਿਸਰ, ਦੇ ਪਿਰਾਮਿਡਾਂ ਪ੍ਰਤੀ ਸ਼ਰਧਾ-ਸਤਿਕਾਰ ਹਿਤ ਵਰਤਿਆ ਗਿਐ। ਸੰਬੋਸਕ, ਸੰਬੂਸਕ, ਸੰਬੂਜਕ, ਸੰਬੂਸਾ, ਸੰਬੋਸਾਹ, ਸਮੂਸਾ, ਸਮੁਜ਼ਾ, ਸੋਮਾਸੀ, ਸੋਮਾਸ ਆਦਿ ਹੋਰ ਸ਼ਬਦ ਹਨ ਜੋ ਇਸ ਲਈ ਵਰਤੇ ਜਾਂਦੇ ਰਹੇ ਹਨ।
ਸ਼ੁਰੂ ਵਿਚ ਇਹ ਮੱਧ-ਪੂਰਬ, ਕੇਂਦਰੀ ਏਸ਼ੀਆ, ਦੱਖਣ ਪੱਛਮੀ ਏਸ਼ੀਆ, ਭਾਰਤੀ ਉੱਪ ਮਹਾਂਦੀਪ ਅਤੇ ਅਫ੍ਰੀਕਨ ਇਲਾਕਿਆਂ ਵਿਚ ਪ੍ਰਚੱਲਿਤ ਹੋਇਆ, ਭਾਵੇਂ ਹੁਣ ਇਹ ਗਲੋਬਲ ਸਨੈਕ ਬਣ ਚੁਕੈੇ।
ਤੁਸੀਂ ਹੈਰਾਨ ਹੋਵੋਗੇ ਕਿ ਭਾਰਤ ਦਾ ਇਹ ਹਰਮਨ ਪਿਆਰਾ ਸਨੈਕ ਭਾਰਤ ਵਿਚ ਨਹੀਂ ਪੈਦਾ ਹੋਇਆ! ਅਰਬੀ ਕੁੱਕਬੁੱਕਾਂ ਅਤੇ ਹੋਰ ਖਾਧ-ਬਿਰਤਾਂਤਾਂ ਅਨੁਸਾਰ 10ਵੀਂ ਸਦੀ ਵਿਚ ਇਸ ਦੀ ਸ਼ੁਰੂਆਤ ਮੱਧ-ਪੂਰਬ ਵਿਚ ਹੋਣ ਦੇ ਸਬੂਤ ਮਿਲਦੇ ਹਨ। ਇਰਾਨੀ ਇਤਿਹਾਸਕਾਰ ਅਬੋਲਫਜ਼ਲ ਬਹੀਕੀ (995-1077) ਨੇ ਇਸ ਦਾ ਵਰਨਣ ਆਪਣੀ ਪੁਸਤਕ ‘ਤਾਰੀਖ-ਏ-ਬਹੀਕੀ’ ਵਿਚ ਕੀਤਾ ਹੈ। ਭਾਰਤੀ ਉੱਪ-ਮਹਾਂਦੀਪ ਵਿਚ ਸਮੋਸੇ ਦੀ ਆਮਦ 13ਵੀਂ-14ਵੀਂ ਸਦੀ ਦੌਰਾਨ ਇਥੇ ਮੱਧ ਏਸ਼ੀਆ ਦੇ ਵਪਾਰੀਆਂ ਦੇ ਆਉਣ ਨਾਲ ਹੋਈ ਦਸੀ ਜਾਂਦੀ ਹੈ। ਦਿੱਲੀ ਸੁਲਤਾਨੇਟ ਸਮੇਂ ਦੇ ਭਾਰਤੀ-ਪਰਸ਼ੀਅਨ ਸੂਫੀ ਕਵੀ ਅਤੇ ਵਿਦਵਾਨ ਅਮੀਰ ਖੁਸਰੋ (1253-1325) ਨੇ ਵੀ ਸੰਨ 1300 ਦੇ ਨੇੜੇ ਲਿਖਿਆ ਹੈ ਕਿ ਮੀਟ, ਘਿਉ, ਪਿਆਜ਼ ਆਦਿ ਦੀ ਸਮੱਗਰੀ ਵਾਲਾ ਸਮੋਸਾ ਉਸ ਸਮੇਂ ਦੇ ਸ਼ਾਹੀ ਖਾਨਦਾਨ ਅਤੇ ਲੋਕਾਂ ਵਿਚ ਪਸੰਦ ਕੀਤਾ ਜਾਂਦਾ ਸੀ। 14ਵੀਂ ਸਦੀ ਦੌਰਾਨ ਭਾਰਤ ਆਏ ਯਾਤਰੀ ਇਬਨ ਬਤੂਤਾ ਨੇ ਵੀ ਇਹ ਲਿਖਿਆ ਹੈ ਕਿ ਮੁਹੰਮਦ ਬਿਨ ਤੁਗਲਕ ਦੀ ਖਾਣ-ਸੂਚੀ ਵਿਚ ਵੀ ਇਹ ਸ਼ਾਮਿਲ ਸੀ। ਇਹ ਕੀਮੇ, ਅਖਰੋਟ, ਪਿਸਤਾ, ਬਦਾਮ ਅਤੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਸੀ! ’ਸਮੂਸਕ’ ਜਾਂ ‘ਸੰਬੋਸਕ’ ਸੰਬੋਧਨ ਵਾਲੇ ਸਮੋਸੇ ਦਾ ਹਿੰਦੁਸਤਾਨੀਆਂ ਵਲੋਂ ‘ਸੰਬੋਸਾ’ ਸ਼ਬਦੀ ਰੂਪ ‘ਚ ਵਰਨਣ 16ਵੀਂ ਸਦੀ ਦੀ ਅਬੁਲ ਫਜ਼ਲ ਆਲਮੀ ਰਚਿਤ ‘ਆਈਨ-ਏ-ਅਕਬਰੀ’ ਵਿਚ ਮਿਲਦਾ ਹੈ।
ਪੰਜਾਬ ਸਣੇ ਪੂਰੇ ਭਾਰਤ ਅਤੇ ਵਿਸ਼ਵ ਭਰ ਵਿਚ ਪਸੰਦ ਕੀਤਾ ਜਾਣ ਵਾਲਾ ਇਹ ਸਨੈਕ ਦੱਖਣੀ ਏਸ਼ੀਆ ਦੀ ਬਜਾਏ ਕੇਂਦਰੀ ਏਸ਼ੀਆ ਅਤੇ ਮਿਡਲ ਈਸਟ ਦਾ ਮੁਸਾਫਿਰ ਰਿਹੈ। ਇਸ ਦਾ ਸਫਰ ਮਿਸਰ, ਪਰਸ਼ੀਆ ਤੋਂ ਲਿਬੀਆ, ਮੱਧ ਏਸ਼ੀਆ ਦੇ ਮੁਲਕਾਂ ਕਜ਼ਾਕਸਤਾਨ, ਉਜ਼ਬੇਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਆਦਿ ਤੋਂ ਭਾਰਤੀ ਉੱਪ-ਮਹਾਂਦੀਪ ਅਤੇ ਫਿਰ ਪੂਰੇ ਵਿਸ਼ਵ ਭਰ ਦਾ ਹੈ!
ਸਮੋਸੇ ਦਾ ਆਕਾਰ ਅਤੇ ਭਰਾਈ (ਸਟੱਫਿੰਗ) ਭੂਗੋਲਿਕ ਵਿਭਿੰਨਤਾ ਅਨੁਸਾਰ ਵੱਖ ਵੱਖ ਰੂਪਾਂ ‘ਚ ਮਿਲਦੀ ਐ। ਪਰ ਭਾਰਤ ਵਿਚ ਸਭ ਤੋਂ ਵਧ ਖਾਧੇ ਜਾਣ ਵਾਲੇ ਸਨੈਕਾਂ ‘ਚੋਂ ਇੱਕ ਇਹ ਮੈਦੇਦਾਰ ਸਨੈਕ ਤਲਿਆ ਹੋਇਆ, ਕੜਕ, ਨਮਕੀਨ, ਤਿਖੂੰਜਾ, ਭਰਵਾਂ ਖਾਣ ਵਾਲਾ ਪਦਾਰਥ ਹੈ ਜਿਸ ਵਿਚ ਅਕਸਰ ਮਸਾਲੇਦਾਰ ਭੁੰਨੇ ਜਾਂ ਪੱਕੇ ਹੋਏ ਸੁੱਕੇ ਆਲੂ ਜਾਂ ਇਸ ਦੇ ਇਲਾਵਾ ਮਟਰ, ਪਿਆਜ਼, ਦਾਲ, ਕੀਮਾ, ਹਰੀ ਮਿਰਚ, ਪਨੀਰ ਵੀ ਭਰਿਆ ਜਾ ਸਕਦੈ।ਇਸ ਦਾ ਰੂਪ ਆਮ ਤੌਰ ਤੇ ਤਿਕੋਨਾ ਹੁੰਦਾ ਹੈ। ਇਹ ਬਾਹਰੋਂ ਕੜਕ ਤੇ ਅੰਦਰੋਂ ਮਸਾਲੇਦਾਰ ਹੁੰਦੈ। ਜ਼ਿਆਦਾਤਰ ਇਹ ਚਟਨੀ ਜਾਂ ਦਹੀਂ ਛੋਲਿਆ ਨਾਲ ਪਰੋਸਿਆ ਜਾਂਦੈ।
ਸੜਕਾਂ ਕਿਨਾਰੇ ਰੇਹੜੀਆਂ, ਚਾਹ ਸਟਾਲਾਂ, ਢਾਬਿਆਂ ਤੋਂ ਲੈ ਕੇ ਰੈਸਟੋਰੈਂਟਾਂ, ਮਹਿੰਗੇ ਹੋਟਲਾਂ, ਸ਼ਹਿਰਾਂ, ਪਿੰਡਾਂ, ਝੌਂਪੜ-ਪੱਟੀਆਂ, ਅਮੀਰਾਂ, ਗਰੀਬਾਂ, ਸ਼ਾਹ-ਸੁਲਤਾਨਾਂ ਦੀਆਂ ਪਲੇਟਾਂ, ਸ਼ਾਹੀ ਖਾਣੇ ਦੀਆਂ ਮੇਜ਼ਾਂ ਦਾ ਸ਼ਿੰਗਾਰ ਰਹਿਣ ਵਾਲਾ ਸਮੋਸਾ ਸੰਸਾਰ ਭਰ ‘ਚ ਸਵਾਦ ਨਾਲ ਚਟਖਾਰੇ ਲੈ ਲੈ ਖਾਧਾ ਜਾਂਦੈ।ਇਹ ਚਾਹ-ਪਕੌੜਿਆਂ ਵਾਂਗ ਚਾਹ ਨਾਲ ਵੀ ਖਾਧਾ ਜਾਣ ਵਾਲਾ ਬਹੁਤ ਹੀ ਮਜ਼ੇਦਾਰ ਸਨੈਕ ਹੈ ਤੇ ਸ਼ਾਇਦ ਭਾਰਤੀਆਂ ‘ਚ ਸਭ ਤੋਂ ਵਧੇਰੇ ਪ੍ਰਚੱਲਿਤ ਵੀ।ਇੱਕ ਸਰੋਤ ‘ਟ੍ਰੈਵਲ ਲੈਯਰ’ ਅਨੁਸਾਰ ਭਾਰਤੀ ਹਰ ਰੋਜ਼ ਲਗਭਗ 6 ਕਰੋੜ ਸਮੋਸੇ ਛਕ ਜਾਂਦੇ ਹਨ! ਇਹ ਸਰੋਤ ਸਮੋਸੇ ਨੂੰ ਭਾਰਤ ਵਿਚ ਸਭ ਤੋਂ ਵਧ ਖਾਧਾ ਅਤੇ ਪਿਆਰਿਆ ਜਾਣ ਵਾਲਾ ਸਨੈਕ ਆਂਕਦੈ!
ਕਿਸੇ ਵੇਲੇ ਕਿਹਾ ਜਾਂਦਾ ਸੀ-
‘ਜਬ ਤਕ ਰਹੇਗਾ ਸਮੋਸੇ ਮੇਂ ਆਲੂ,
ਤਬ ਤਕ ਰਹੇਗਾ ਬਿਹਾਰ ਮੇਂ ਲਾਲੂ’!
ਚਲੋ,ਲਾਲੂ (ਪ੍ਰਸ਼ਾਦ ਯਾਦਵ) ਨਾ ਤਾਂ ਬਿਹਾਰ ਦੇ ਮੁੱਖ ਮੰਤਰੀ ਰਹੇ ਤੇ ਨਾਂ ਹੀ ਉਹਨਾ ਦੀ ਹੁਣ ਓਨੀ ਸਿਆਸੀ ਚੜ੍ਹਤ ਹੀ ਹੈ, ਪਰ ਆਲੂ ਭਰੇ ਜ਼ਾਇਕੇਦਾਰ ਮਜ਼ੇਦਾਰ ਸਮੋਸੇ ਦੀ ਜੈ ਜੈ ਕਾਰ ਓਦਾਂ ਦੀ ਓਦਾਂ ਹੀ ਬਰਕਰਾਰ ਹੈ! ਸਗੋਂ ਸਮੋਸਾ ਤਾਂ ਸੰਸਾਰਿਕ ਸਨੈਕ ਵਜੋਂ ਸੁਸ਼ੋਭਤ ਹੋ ਚੁੱਕੈ!