ਸਦੀਆਂ ਤੋ ਪੰਜਾਬ ਵਿੱਚ ਪੰਜਾਬੀਅਤ ਬੁਲੰਦ ਰਹੀ ਹੈ। ਇਸੇ ਕਾਰਨ ਪੰਜਾਬ ਸਦਾ ਤਰੱਕੀ ਦੇ ਰਾਹ ਰਿਹਾ ਹੈ। ਪ੍ਰੋ ਪੂਰਨ ਸਿੰਘ ਨੇ ਆਪਣੀ ਕਾਵਿ ਰਚਨਾ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦਾ ਰਾਜ ਦੱਸਦੇ ਹੋਇਆ ਲਿਖਿਆ ਹੈ, “ਪੰਜਾਬ ਵਸਦਾ ਗੁਰਾਂ ਦੇ ਨਾਮ ‘ਤੇ।” ਪੰਜਾਬ ਵਿੱਚ ਗੁਰੂਆ ਦੇ ਨਾਮ ‘ਤੇ ਵੱਡੀਆ ਮੁਹਿੰਮ ਚਲਦੀਆ ਰਹੀਆਂ ਅਤੇ ਸਫਲਤਾ ਪ੍ਰਾਪਤ ਕਰਦੀਆਂ ਰਹੀਆਂ। ਜਿਸ ਮੁਹਿੰਮ ਨੇ ਗੁਰੂ ਦਾ ਪਿੱਛਾ ਛੱਡਿਆ, ਉਹ ਪਛੜ ਗਈਆਂ ਅਤੇ ਕਦੇ ਸਫਲ ਨਹੀ ਹੋਈਆਂ।
ਪੰਜਾਬ ਵਿੱਚ ਪੰਜਾਬੀਅਤ ਸਦਾ ਬੁਲੰਦ ਰਹੀ। ਪੰਜਾਬ ਦੇ ਸਾਹਿਤ ਦੇ ਇਤਿਹਾਸ ‘ਤੇ ਨਜਰ ਮਾਰਿਆਂ, ਪ੍ਰੋ ਮੋਹਨ ਸਿੰਘ ਆਪਣੀ ਕਵਿਤਾ ਵਿੱਚ ਲਿਖਦਾ ਹੈ:
“ਵਾਗਾਂ ਛੱਡ ਦੇਹ ਹੰਝੂਆ ਵਾਲੀਏ ਨੀ, ਪੈਰ ਧਰਨ ਦੇਹ ਮੈਨੂੰ ਰਬਾਬ ਉਤੇ
ਮੇਰੇ ਦੇਸ਼ ‘ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉਤੇ
ਜਾਪਦਾ ਹੈ ਕਿ ਕਵੀ ਨੇ ਇਸ ਕਵਿਤਾ ਦੀ ਰਚਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਮੇ ਦੀ ਆਧਾਰ ‘ਤੇ ਕੀਤੀ ਹੈ। ਉਸ ਸਮੇਂ ਫੌਜੀ ਘੋੜਿਆਂ ‘ਤੇ ਚੜ੍ਹ ਕੇ ਮੁਹਿੰਮਾ ‘ਤੇ ਜਾਇਆ ਕਰਦੇ ਸਨ। ਘੋੜ ਸਵਾਰ ਫੌਜੀਆਂ ਦਾ ਰੁਤਬਾ ਵੱਡਾ ਹੁੰਦਾ ਸੀ ਅਤੇ ਤਨਖਾਹ ਭੱਤਾ ਵੀ ਵੱਧ ਹੁੰਦਾ ਸੀ। ਪੰਜਾਬ ਕਈ ਵਾਰ ਹਿੰਦੁਸਤਾਨ ਅਤੇ ਕਈ ਵਾਰ ਅਫਗਾਨਿਸਤਾਨ ਦਾ ਹਿੱਸਾ ਰਿਹਾ। ਹਿੰਦੁਸਤਾਨ ‘ਤੇ ਜਦੋ ਵੀ ਕੋਈ ਧਾੜਵੀ ਹਮਲਾਵਰ ਹੋਇਆ, ਉਹ ਅਫਗਾਨਿਸਤਾਨ ਦੇ ਰਸਤੇ ਹੀ ਆਇਆ। ਪਹਿਲਾਂ ਉਸ ਨੇ ਪੰਜਾਬੀਆਂ ਨਾਲ ਟੱਕਰ ਲਈ ਅਤੇ ਫਿਰ ਅੱਗੇ ਵਧਿਆ। ਪੰਜਾਬ ਵਿੱਚ ਵਸਦੇ ਸਾਰੇ ਹਿੰਦੂਆ, ਮੁਸਲਮਾਨਾਂ ਅਤੇ ਸਿੱਖਾਂ ਨੇ ਰਲ ਕੇ ਉਨ੍ਹਾ ਦਾ ਟਾਕਰਾ ਕੀਤਾ। ਸਿਰਫ ਟਾਕਰਾ ਹੀ ਨਹੀ ਕੀਤਾ ਸਗੋ ਉਸ ‘ਤੇ ਹਮਲਾਵਰ ਹੋ ਕੇ ਉਸ ਦੇ ਕੁੱਝ ਇਲਾਕਿਆ ‘ਤੇ ਕਬਜਾ ਵੀ ਕੀਤਾ ਜੋ ਹੁਣ ਤੱਕ ਭਾਰਤ ਪਾਕਿਸਤਾਨ ਦਾ ਹਿੱਸਾ ਹਨ। ਇਸੇ ਤਰ੍ਹਾਂ ਜਦੋ ਮੁਗਲ ਬਾਦਸ਼ਾਹ ਬਾਬਰ ਨੇ ਹਿੰਦੁਸਤਾਨ ‘ਤੇ ਚੜ੍ਹਾਈ ਕੀਤੀ ਤਾਂ ਸਭ ਤੋਂ ਪਹਿਲਾਂ ਕਤਲੇਆਮ ਪੰਜਾਬ ਵਿੱਚ ਕੀਤਾ। ਗੁਰੂ ਨਾਨਕ ਨੇ ਇਸ ਕਤਲੇਆਮ ਦਾ ਚਿਤਰਣ ਆਪਣੀ ਬਾਣੀ “ਬਾਬਰਬਾਣੀ” ਵਿਚ ਕੀਤਾ ਹੈ:
“ਜੈਸੀ ਮੈ ਆਵੇ ਖਸਮ ਕਈ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥
ਪਾਪ ਕੀ ਜੰਝ ਲੈ ਕਾਬਲੋਹੁ ਧਾਹਿਆ ਜਾਰੀ ਮੰਗੇ ਦਾਨ ਵੇ ਲਾਲੋ॥
ਧਰਮ ਸ਼ਰਮ ਦੋਇ ਛਪਿ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ॥
ਕਾਜੀਆ ਬਾਮਣਾ ਕਈ ਗਲ ਕਥੀ ਅਗਦ ਪੜੇ ਸ਼ੈਤਾਨ ਵੇ ਲਾਲੋ॥
ਮੁਸਲਮਾਨੀਆ ਪੜ੍ਹੇ ਕਤੇਬਾ ਕਸਟ ਮੇ ਕਹਿ ਖੁਦਾਇ ਵੇ ਲਾਲੋ॥,,,,,,
ਇਸੇ ਤਰ੍ਹਾਂ ਇਕ ਹੋਰ ਥਾਂ ਬਾਣੀ ਰਚਦੇ ਹੋਏ ਗੁਰੂ ਜੀ ਲਿਖਦੇ ਹਨ:
“ਖੁਰਾਸਾਨ ਖੁਸਮਾਨਾ ਕੀਤਾ ਹਿੰਦੁਸਤਾਨ ਡਰਾਇਆ॥
ਆਪੇ ਦੋਸ਼ ਨਾ ਦੇਈ ਕਰਤਾ ਜਮ ਕਰਿ ਮੁਗਲ ਚੜਾਇਆ॥
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ॥
ਕਰਤਾ ਤੂ ਸਭਨਾ ਦਾ ਸੋਈ॥
ਜੇ ਸਕਤਾ ਸਕਤੇ ਕਾਉਂ ਮਾਰੇ ਮਨ ਮੈ ਰੋਸ ਨਾ ਕੋਈ॥ਰਹਾਉ॥
ਸਕਤਾ ਸ਼ੀਹ ਮਾਰੇ ਪੈ ਵੱਡੇ ਖਸਮ ਸਾ ਪਰਸਾਈ॥,,,
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਅਤੇ ਗੋਰਿਆਂ ਵਿੱਚ ਕਈ ਲੜਾਈਆਂ ਹੋਈਆਂ। ਬੰਗਾਲੀ, ਬਿਹਾਰੀ, ਮਲਵਈ ਰਾਜਿਆਂ ਨੇ ਗੋਰਿਆਂ ਦਾ ਸਾਥ ਦਿੱਤਾ। ਗੋਰਿਆਂ ਨੇ ਆਪਣੀ ਕੂਟਨੀਤੀ ਨਾਲ ਪਹਿਲਾਂ ਮਹਾਰਾਜੇ ਦੇ ਪਰਿਵਾਰ ਅਤੇ ਫਿਰ ਸਰਦਾਰਾਂ ਦਾ ਕਤਲੇਆਮ ਕਰਾਇਆ। ਡੋਗਰਿਆਂ ਨੂੰ ਲਾਲਚ ਦੇ ਕੇ ਸਿੱਖ ਫੌਜ ਨਾਲ ਗਦਾਰੀਆਂ ਕਰਾਈਆਂ। ਇਸ ਸਭ ਦਾ ਮੁਸਲਮਾਨ ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਬਹੁਤ ਸੁੰਦਰਤਾ ਨਾਲ ਵਰਨਣ ਕੀਤਾ ਹੈ। ਉਸ ਦੀ ਲਿਖਤ ਤੋਂ ਉਸ ਦਾ ਪੰਜਾਬ ਪ੍ਰਤੀ ਅਤੇ ਖਾਲਸਾ ਫੋਜ ਲਈ ਪਿਆਰ ਸਤਿਕਾਰ ਵੀ ਨਜਰ ਆਉਦਾ ਹੈ। ਉਹ ਲਿਖਦਾ ਹੈ:
“ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇ ਪਾਤਸ਼ਾਹੀ ਫੋਜਾ ਭਾਰੀਆ ਨੇ,
ਹੋਵੇ ਅੱਜ ਸਰਕਾਰ (ਸਰਦਾਰ/ਮਹਾਰਾਜਾ) ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆ ਨੇ।
ਇਸ ਤਰਾਂ ਪੰਜਾਬ ਵਾਸੀ ਮੁਸਲਮਾਨ, ਹਿੰਦੂ ਸਿੱਖ ਆਪਣੇ ਵਤਨ ਦੀ ਰੱਖਿਆ ਲਈ ਧਾੜਵੀਆ ਵਿਰੁੱਧ ਲੜਦੇ ਹਨ ਅਤੇ ਸ਼ਹੀਦੀਆ ਪਾਉਂਦੇ ਹਨ।
ਫਿਰਕੂ ਮਾਹੋਲ ਦਾ ਪੰਜਾਬ ਦੇ ਇਤਹਾਸ ਵਿੱਚ ਕਿਤੇ ਜਿ਼ਕਰ ਨਹੀ। ਇਸ ਤਰ੍ਹਾਂ ਹਿੰਦੂਆ, ਮੁਸਲਮਾਨਾ, ਸਿੱਖਾ ਅਤੇ ਹੋਰਨਾਂ ਨੇ ਪੰਜਾਬ ਨੂੰ ਉਸਾਰਿਆ ਅਤੇ ਸ਼ਿੰਗਾਰਿਆ। ਪੰਜਾਬ ਦੇ ਸਵੇਰ ਸਮੇਂ ਨੂੰ ਇਕ ਹਿੰਦੂ ਕਵੀ ਧਨੀ ਰਾਮ ਚਾਤ੍ਰਿਕ ਨੇ ਬਹੁਤ ਨਿਵੇਕਲੇ ਢੰਗ ਨਾਲ ਚਿਤਵਿਆ ਹੈ:
“ਚਿੜੀ ਚੂਕਦੀ ਨਾਲ ਜਾ ਤੁਰੇ ਪਾਧੀ, ਪਈਆ ਦੁੱਧ ਦੇ ਵਿੱਚ ਮਧਾਣੀਆ ਜੀ,
ਇਕ ਨੇ ਉਠ ਕੇ ਰੇੜਕਾ ਪਾ ਦਿੱਤਾ ਇਕ ਧੋਦੀਆਂ ਫਿਰਨ ਮਧਾਣੀਆ ਜੀ,
ਲਈਆ ਕੱਢ ਹਰਿਆਲੀਆਂ ਹਾਲੀਆਂ ਨੇ, ਜਿੰਨਾ ਭੋਇ ਨੂੰ ਸੀਆ ਲਾਣੀਆ ਜੀ,
ਮੁਸਲਮਾਨ ਕਵੀ ਬਾਬੂ ਰਜਬ ਅਲੀ ਨੇ ਪੰਜਾਬੀ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਹੈਰਾਨੀਜਨਕ ਦਿਲਚਸਪੀ ਨਾਲ ਲਿਖਿਆ ਹੈ। ਦੇਸ਼ ਦੀ ਆਜਾਦੀ ਸਮੇ ਰਾਜਨੀਤਕ ਲੋਕਾਂ ਨੇ ਆਪਣੇ ਸੁਆਰਥ ਲਈ ਲੋਕਾਂ ਨੂੰ ਫਿਰਕੂ ਆਧਾਰ ‘ਤੇ ਵੰਡ ਦਿੱਤਾ। ਪੰਜਾਬ ਵਿੱਚ ਦੰਗੇ ਹੋਏ ਅਤੇ ਲੱਖਾਂ ਲੋਕ ਮਾਰੇ ਗਏ। ਇਸ ਨਾਲ ਪੰਜਾਬ ਦੇ ਮੱਥੇ ‘ਤੇ ਕਲੰਕ ਲੱਗ ਗਿਆ। ਇਹ ਰਾਜਨੀਤਕ ਵਰਤਾਰਾ ਸੀ। ਪਾਕਿਸਤਾਨ ਦੇ ਪੰਜਾਬੀ ਲੋਕ ਅੱਜ ਵੀ ਭਾਰਤੀ ਪੰਜਾਬੀਆਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਹਨ। ਸਾਡੇ ਅੱਜ ਦੇ ਰਾਜਨੀਤਕਾਂ ਨੇ ਭਾਰਤੀ ਲੋਕਾਂ ਨੂੰ ਧਰਮਾ ਦੇ ਨਾਮ ‘ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ, ਜੋ ਦੇਸ਼ ਲਈ ਬਹੁਤ ਖਤਰਨਾਕ ਹੈ। ਕਾਸ਼ ਸਾਡੇ ਰਾਜਨੀਤਕ ਬਾਬੇ ਨਾਨਕ ਦੀ ਬਾਣੀ ਤੋ ਸੇਧ ਲੈ ਲੈਣ:
“ਸੱਭੇ ਸਾਝੀਵਾਲ ਸਦਾਇਣ ਕੋਈ ਨਾ ਦਿੱਸੇ ਬਾਹਰਾ ਜੀਉ”
ਇਹ ਗੱਲ ਹੀ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਸਕਦੀ ਹੈ। ਇਸ ਤੋ ਬਗੈਰ ਅਸੀਂ ਸਦਾ ਫਿਰਕੂ ਦਲਦਲ ਵਿੱਚ ਧਸੇ ਰਹਾਂਗੇ ਅਤੇ ਕਦੀ ਵੀ ਸਾਡੇ ਗੁਆਂਢੀ ਦੇਸ਼ਾਂ ਵਾਂਗ ਤਰੱਕੀ ਨਹੀਂ ਕਰ ਸਕਾਂਗੇ।