ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਓਡੀਸ਼ਾ ਦੇ ਤੱਟ ’ਤੇ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਅਧਿਕਾਰੀਆਂ ਮੁਤਾਬਕ ਹਾਈਪਰਸੋਨਿਕ ਮਿਜ਼ਾਈਲ ਦਾ ਸ਼ਨੀਵਾਰ ਨੂੰ ਪ੍ਰੀਖਣ ਕੀਤਾ ਗਿਆ। ਸਿੰਘ ਨੇ ਇਸ ਮਿਜ਼ਾਈਲ ਦੇ ਪ੍ਰੀਖਣ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਅਜਿਹੀਆਂ ਮਹੱਤਵਪੂਰਨ ਤਕਨੀਕਾਂ ਵਿਕਸਿਤ ਕਰਨ ਦੀ ਸਮਰੱਥਾ ਹੈ।
ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਇਕ ਪੋਸਟ ’ਚ ਕਿਹਾ,”ਭਾਰਤ ਨੇ ਓਡੀਸ਼ਾ ਦੇ ਤੱਟ ਤੋਂ ਦੂਰ ਡਾ. ਏ.ਪੀ.ਜੇ. ਅਬਦੁੱਲ ਕਲਾਮ ਟਾਪੂ ਤੋਂ ਇਕ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕਰਕੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।” ਇਹ ਇਕ ਇਤਿਹਾਸਕ ਪਲ ਹੈ ਅਤੇ ਇਸ ਮਹੱਤਵਪੂਰਨ ਪ੍ਰਾਪਤੀ ਨੇ ਸਾਡੇ ਦੇਸ਼ ਨੂੰ ਉਨ੍ਹਾਂ ਦੇਸ਼ਾਂ ਦੇ ਚੋਣਵੇਂ ਸਮੂਹ ’ਚ ਸ਼ਾਮਲ ਕਰ ਦਿੱਤਾ ਹੈ, ਜਿਨ੍ਹਾਂ ਕੋਲ ਅਜਿਹੀਆਂ ਮਹੱਤਵਪੂਰਨ ਅਤੇ ਉੱਨਤ ਫੌਜੀ ਤਕਨੀਕਾਂ ਪੈਦਾ ਕਰਨ ਦੀ ਸਮਰੱਥਾ ਹੈ।’’ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਹਥਿਆਰਬੰਦ ਫ਼ੋਰਸਾਂ ਅਤੇ ਉਦਯੋਗ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ।