Punjab

ਬੀਕੇਯੂ ਡਕੌਂਦਾ ਦੇ 3 ਤੇ 4 ਜਨਵਰੀ ਦੇ ਸੂਬਾਈ ਅਜਲਾਸ ਦੀਆਂ ਤਿਆਰੀਆ ਜ਼ੋਰਾਂ ‘ਤੇ

ਰਾਏਕੋਟ/ਲੁਧਿਆਣਾ – ਰਾਏਕੋਟ ਦੇ ਗਰੂਦੁਆਰਾ ਟਾਹਲੀ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲਾ ਲੁਧਿਆਣਾ ਦੇ ਸਾਰੇ ਬਲਾਕਾਂ ਅਤੇ ਇਕਾਈਆਂ ਦੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ‘ਚ ਸਭ ਤੋਂ ਪਹਿਲਾਂ ਨੋਵੇ ਗੁਰੂ ਸਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉੱਨਾਂ ਦੇ ਸ਼ਹਾਦਤ ਦਿਵਸ ਤੇ ਸਿਜਦਾ ਕੀਤਾ ਗਿਆ। ਇਸੇ ਦਿਨ ਛੇ ਦਸ਼ੰਬਰ ਨੂੰ ਬਾਬਰੀ ਮਸਜਿਦ ਢਾਹੁਣ ਦੇ ਫਾਸ਼ੀ ਕਾਰੇ ਖ਼ਿਲਾਫ਼ ਨਾਅਰੇ ਲਗਾ ਕੇ ਰੋਸ ਵੀ ਪ੍ਰਗਟ ਕੀਤਾ ਗਿਆ।
ਇਸ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ 3 ਤੇ 4 ਜਨਵਰੀ ਨੂੰ ਹੋ ਰਹੇ ਜਥੇਬੰਦੀ ਦੇ ਸੂਬਾਈ ਅਜਲਾਸ ਦੀਆਂ ਤਿਆਰੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਆਉਂਦੇ ਪੰਦਰਾਂ ਦਿਨਾਂ ‘ਚ ਸਾਰੇ ਪਿੰਡਾਂ ‘ਚ ਮੈਂਬਰਸ਼ਿਪ ਅਤੇ ਛਿਮਾਹੀ ਫੰਡ ਇਕੱਠਾ ਕਰਨ ਦੀ ਮੁਹਿੰਮ ਪੂਰੀ ਕਰ ਲੈਣ ਦਾ ਸਰਵਸੰਮਤੀ ਫ਼ੈਸਲਾ ਕੀਤਾ ਗਿਆ।
ਇਸ ਸਮੇਂ ਬੋਲਦਿਆਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਗਿਣੀਮਿੱਥੀ ਸਾਜਸ਼ ਤਹਿਤ ਇਸ ਵੇਰ ਕਿਸਾਨਾਂ ਨੂੰ ਝੋਨੇ ਦੀ ਖਰੀਦ ਦੇ ਮਾਮਲੇ ‘ਚ ਵੀਹ-ਵੀਹ ਦਿਨ ਮੰਡੀਆਂ ‘ਚ ਰੋਲਿਆ ਗਿਆ ਹੈ। ਸ਼ੈਲਰ ਮਾਲਕਾਂ ਤੇ ਕੁੱਝ ਆੜ੍ਹਤੀਆਂ ਦੀ ਖੂਨ ਪੀਣੀ ਲਾਬੀ ਵੱਲੋਂ ਫੂਡ ਏਜੰਸੀਆਂ ਦੀ ਕੁਰੱਪਟ ਅਫ਼ਸਰਸ਼ਾਹੀ ਨਾਲ ਮਿਲਕੇ ਮਾਉਸਚਰ ਦੀ ਆੜ ਚ ਵੱਡੀ ਪੱਧਰ ਤੇ ਕਾਟ ਕੱਟ ਕੇ ਅਤੇ ਘੱਟ ਕੀਮਤ ਦੇ ਕੇ ਅੰਨੀ ਲੁੱਟ ਕੀਤੀ ਗਈ ਹੈ। ਮੀਟਿੰਗ ਵਿੱਚ ਇਸ ਲੁੱਟ ਦੇ ਜ਼ਿੰਮੇਵਾਰ ਸਾਰੇ ਅਧਿਕਾਰੀਆਂ ਨੂੰ ਕਟਿਹਰੇ ‘ਚ ਲਿਆਉਣ ਅਤੇ ਲੁੱਟ ਵਾਪਸ ਕਰਾਉਣ ਦੀ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਲਦ ਹੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਅਤੇ ਇੰਦਰਜੀਤ ਸਿੰਘ ਲੋਧੀਵਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਦੇ ਪਰਚੇ, ਰੈੱਡ ਐੰਟਰੀਆ ਅਤੇ ਜੁਰਮਾਨੇ ਰੱਦ ਨਾ ਕੀਤੇ ਤਾਂ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ  ਮੀਟਿੰਗ ‘ਚ ਬੋਲਦਿਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਜਗਜੀਤ ਸਿੰਘ ਕਲੇਰ ਨੇ ਬੀਤੇ ਦਿਨੀ ਸੰਗਰੂਰ ਵਿਖੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਅਤੇ ਮਾਨਸਾ ‘ਚ  ਬੀਕੇਯੂ ਉਗਰਾਹਾਂ ਦੇ ਮੈਂਬਰਾਂ ਨੂੰ ਕੁੱਟਣ ਤੇ ਗ੍ਰਿਫਤਾਰ ਕਰਨ ਅਤੇ ਵਾਹਨਾਂ ਦੀ ਭੰਨ-ਤੋੜ ਕਰਨ ਅਤੇ ਲੁਧਿਆਣਾ ਵਿਖੇ ਕਾਲੇ ਪਾਣੀ ਖ਼ਿਲਾਫ਼ ਮੋਰਚੇ ਨੂੰ ਫੇਲ ਕਰਨ ਲਈ ਢਾਹੇ ਪੁਲਸ ਜਬਰ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਹੋਸ਼ ਤੋ ਕੰਮ ਲੈਣ ਦੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਇੱਕ ਮਤੇ ਰਾਹੀਂ 10 ਦਸੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਾਲੇ ਫ਼ੌਜਦਾਰੀ ਕਨੂੰਨਾਂ ਖਿਲਾਫ ਹੋ ਰਹੀ ਕਨਵੈਨਸ਼ਨ ਚ ਵੱਡੀ ਪੱਧਰ ਤੇ ਜਥੇਬੰਦੀ ਵੱਲੋਂ ਭਾਗ ਲੈਣ ਦਾ ਵੀ ਫੈਸਲਾ ਕੀਤਾ ਗਿਆ। ਇਸ ਸਮੇਂ ਲੁਧਿਆਣਾ ਜਿਲੇ ‘ਚ ਉਸਾਰੀ ਅਧੀਨ ਕੈੰਸਰ ਗੈਸ ਫ਼ੈਕਟਰੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਪਿੰਡ ਅਖਾੜਾ ਸੰਘਰਸ਼ ਦੋਰਾਨ ਉਸਰੀ ਏਕਤਾ ਤੇ ਪਿੰਡ ਵਸੀਆਂ ਦੀ ਸ਼ਲਾਘਾ ਦਾ ਮਤਾ ਪਾਸ ਕੀਤਾ ਗਿਆ। ਇੱਕ ਮਤੇ ਰਾਹੀਂ ਆਉਂਦੇ ਦਿਨਾਂ ਚ ਸਾਰੇ ਬਲਾਕਾਂ ‘ਚ ਇੰਨ੍ਹਾਂ ਮੁੱਦਿਆ ਤੇ ਮੁਹਿੰਮ ਭਖਾਉਣ ਦਾ ਫ਼ੈਸਲਾ ਲਿਆ ਗਿਆ।
ਮੀਟਿੰਗ ਵਿੱਚ ਉਪਰੋਕਤ ਤੋਂ ਬਿਨਾਂ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ, ਕੁਲਦੀਪ ਸਿੰਘ ਖ਼ਾਲਸਾ ਸੁਧਾਰ, ਕੁਲਵੰਤ ਸਿੰਘ ਗਾਲਬ, ਨਿਰਮਲ ਸਿੰਘ ਭੰਮੀਪੁਰਾ, ਗੁਰਮਿੰਦਰ ਸਿੰਘ ਗੋਗੀ, ਤਾਰਾ ਸੁੰਘ ਅੱਚਰਵਾਲ, ਹਰਦੀਪ ਸਿੰਘ ਸਰਾਭਾ , ਹਰਬੰਸ ਸਿੰਘ ਬੀਰਮੀ, ਹਾਕਮ ਸਿੰਘ ਤੁੰਗਾਹੇੜੀ, ਬਲਵਿੰਦਰ ਸਿੰਘ ਬਾਬਾ ਕਮਾਲਪੁਰਾ, ਬਹਾਦਰ ਸਿੰਘ ਲੱਖਾ, ਗੁਰਤੇਜ ਸਿੰਘ ਤੇਜ ਅਖਾੜਾ, ਕਮਲ ਬੱਸੀਆਂ, ਕੁੰਡਾ ਸਿੰਘ ਕਾਉਕੇ ਆਦਿ ਹਾਜ਼ਰ ਸਨ।

Related posts

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ !

admin

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਡੀਓਏ, ਸੀਐਨਆਈ, ਆਪਣੇ ਸਥਾਪਨਾ ਦਿਵਸ ‘ਤੇ ਬਾਈਕ ਰੈਲੀ ਤੇ ਧੰਨਵਾਦ ਪ੍ਰਾਰਥਨਾ ਸਭਾ ਆਯੋਜਤ ਕਰੇਗੀ !

admin