ਢਾਕਾ – ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਇੱਥੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਮੁਹੰਮਦ ਜਾਸ਼ਿਮ ਉਦਦੀਨ ਨਾਲ ਮੁਲਾਕਾਤ ਦੌਰਾਨ ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਸੱਭਿਆਚਾਰਕ, ਧਾਰਮਿਕ ਤੇ ਸਿਆਸੀ ਜਾਇਦਾਦਾਂ ’ਤੇ ਹਮਲਿਆਂ ਦੀਆਂ ਅਫਸੋਸਨਾਕ ਘਟਨਾਵਾਂ ਦਾ ਮੁੱਦਾ ਚੁੱਕਿਆ। ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਹੋਏ ਰੋਸ ਮੁਜ਼ਾਹਰਿਆਂ ਤੋਂ ਬਾਅਦ 5 ਅਗਸਤ ਨੂੰ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਮੁਲਕ ਛੱਡ ਕੇ ਭੱਜ ਜਾਣ ਮਗਰੋਂ ਇਹ ਕਿਸੇ ਉੱਚ ਪੱਧਰੀ ਭਾਰਤੀ ਅਧਿਕਾਰੀ ਵੱਲੋਂ ਬੰਗਲਾਦੇਸ਼ ਦੀ ਕੀਤੀ ਗਈ ਪਹਿਲੀ ਯਾਤਰਾ ਹੈ। ਉਨ੍ਹਾਂ ਢਾਕਾ ਨਾਲ ਸਕਾਰਾਤਮਕ, ਰਚਨਾਤਮਕ ਤੇ ਦੁਵੱਲੇ ਰਿਸ਼ਤਿਆਂ ਲਈ ਨਵੀਂ ਦਿੱਲੀ ਦੀ ਇੱਛਾ ਜ਼ਾਹਿਰ ਕੀਤੀ। ਮਿਸਰੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਤੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਮੁਹੰਮਦ ਤੌਹੀਦ ਹੁਸੈਨ ਨੂੰ ਵੀ ਮਿਲੇ। ਮੁਹੰਮਦ ਜਾਸ਼ਿਮ ਉਦਦੀਨ ਨਾਲ ਮੁਲਾਕਾਤ ਤੋਂ ਬਾਅਦ ਮਿਸਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਅੱਜ ਦੀ ਚਰਚਾ ਨੇ ਸਾਨੂੰ ਦੋਵਾਂ ਨੂੰ ਆਪਣੇ ਸਬੰਧਾਂ ਦੀ ਸਮੀਖਿਆ ਕਰਨ ਦਾ ਮੌਕਾ ਦਿੱਤਾ ਹੈ। ਮੈਂ ਅੱਜ ਆਪਣੇ ਸਾਰੇ ਵਾਰਤਾਕਾਰਾਂ ਨਾਲ ਸਪੱਸ਼ਟ ਤੇ ਰਚਨਾਤਮਕ ਵਿਚਾਰ-ਵਟਾਂਦਰੇ ਦੀ ਸ਼ਲਾਘਾ ਕਰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਬੰਗਲਾਦੇਸ਼ ਨਾਲ ਸਕਾਰਾਤਮਕ, ਰਚਨਾਤਮਕ ਤੇ ਆਪਸੀ ਸਮਝ ਵਾਲੇ ਲਾਹੇਵੰਦ ਸਬੰਧ ਚਾਹੁੰਦਾ ਹੈ।’ ਮਿਸਰੀ ਨੇ ਕਿਹਾ ਕਿ ਉਨ੍ਹਾਂ ਪਿੱਛੇ ਜਿਹੇ ਵਾਪਰੇ ਘਟਨਾਕ੍ਰਮ ਤੇ ਹੋਰ ਮਸਲਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ, ‘ਮੈਂ ਘੱਟ ਗਿਣਤੀਆਂ ਦੀ ਭਲਾਈ ਤੇ ਸੁਰੱਖਿਆ ਸਮੇਤ ਹੋਰ ਮਸਲਿਆਂ ’ਤੇ ਚਿੰਤਾ ਸਾਂਝੀ ਕੀਤੀ ਹੈ।’
ਇਸੇ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਮੁਹੰਮਦ ਜਾਸ਼ਿਮ ਉਦਦੀਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਭਰੋਸਾ ਪੈਦਾ ਕਰਨ ਲਈ ਦਿੱਲੀ ਬੰਗਲਾਦੇਸ਼ ਖ਼ਿਲਾਫ਼ ‘ਨਕਾਰਾਤਮਕ ਮੁਹਿੰਮ’ ਰੋਕਣ ’ਚ ਸਰਗਰਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਹਰ ਵਿਅਕਤੀ ਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਹੈ। ਉਨ੍ਹਾਂ ਕਿਹਾ, ‘ਕਿਸੇ ਵੀ ਮੁਲਕ ਨੂੰ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਨਹੀਂ ਦੇਣਾ ਚਾਹੀਦਾ ਕਿਉਂਕਿ ਬੰਗਲਾਦੇਸ਼ ਹੋਰ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਬਾਰੇ ਟਿੱਪਣੀ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਸਾਡੇ ਪ੍ਰਤੀ ਵੀ ਸਨਮਾਨ ਦਿਖਾਉਣਾ ਚਾਹੀਦਾ ਹੈ।