
ਅਬਿਆਣਾਂ ਕਲਾਂ
ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈ। ਕਿਤਾਬ ਵਿੱਚ ਅੰਕਿਤ ਹੈ “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ ਉਹ ਰੂਹ ਵੀ ਗੁਆ ਬਹਿੰਦੇ ਹਨ” ਇਹਨਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ। ਇਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ “ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝੱਲਕੇ ਇਉਂ ਲੱਗਦਾ ਹੈ ਕਿ ਝੂਠ ਬੋਲਦਾ ਹੈ”। ਹੌਲੀ –ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲੱਗਦਾ ਹੈ। ਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ “ਕਿ ਭਾਸ਼ਾ ਖੁੱਦ ਸਭਿੱਅਤ ਹੈ” ਇਸੇ ਤਰਜ਼ ਤੇ ਦੇਖੀਏ ਤਾਂ ਮਾਂ ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈ। ਸਾਡੀ ਭਾਸ਼ਾ ਹੀ ਸੰਪਰਕ ਦਾ ਸਾਧਨ ਬਣਦਾ ਹੈ, ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲੱਗਦਾ ਹੈ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲੱਗਦਾ ਹੈ। ਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ। ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈ। ਇੱਥੋਂ ਤੱਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ ਇਹ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿੱਤਰ ਬਾਰੇ ਇਕ ਦੰਦ ਕਥਾ ਆਉਂਦੀ ਹੈ ਕਿ ਇੱਕ ਤਿੱਤਰ ਤੋਂ ਬਾਅਦ ਦੂਜਾ ਤਿੱਤਰ ਬੋਲਦਾ ਹੈ। ਪਹਿਲਾ ਤਿੱਤਰ ਕਹਿੰਦਾ ਹੈ “ਪਿਦਰਮ ਸੁਲਤਾਨ ਬੂਦ” ਇਸ ਦਾ ਮਤਲਬ ਹੈ ਕਿ ਮੇਰਾ ਪਿਤਾ ਬਾਦਸ਼ਾਹ ਸੁਲਤਾਨ ਹੈ। ਦੂਜਾ ਤਿੱਤਰ ਝੱਟ ਉੱਤਰ ਦਿੰਦਾ ਹੈ “ਤੂਰਾਚ ਤੁਰਾ ਚਿਹ” ਇਸ ਦਾ ਮਤਲਬ ਹੈ ਤੂੰ ਕਿਆ ਹੈ? ਚੱਲੋ ਖੈਰ ਗੱਲ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਸ ਨੂੰ ਚੁਫੇਰਿਓ ਗ੍ਰਹਿਣ ਲੱਗਦਾ ਜਾਂਦਾ ਹੈ। ਕੁੱਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪੰਜਾਬੀ ਨਾਲ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।