Articles

ਦਿੱਲੀ ਦੀ ਨਵੀਂ ਮੁੱਖ-ਮੰਤਰੀ ਅਤੇ ਬੀਜੇਪੀ ਦੀਆਂ ਜਾਤੀਵਾਦੀ ਨੀਤੀਆਂ !

ਦਿੱਲੀ ਦੀ ਮੁੱਖ-ਮੰਤਰੀ ਸ੍ਰੀਮਤੀ ਰੇਖਾ ਗੁਪਤਾ। (ਫੋਟੋ: ਏ ਐਨ ਆਈ)
ਲੇਖਕ: ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ

ਆਰ.ਐਸ.ਐਸ. / ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਕਿਸ ਤਰ੍ਹਾਂ ਸਵਰਨ ਜਾਤਾਂ ਦੇ ਲੋਕਾਂ ਨੂੰ ਸਿਆਸੀ ਤਾਕਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਕਥਿਤ ਨੀਵੀਆਂ ਜਾਂ ਪਛੜੀਆਂ ਜਾਤਾਂ ਦੇ ਲੋਕਾਂ ਨਾਲ – ਭਾਵੇਂ ਉਹ ਆਪਣੀ ਹੀ ਪਾਰਟੀ ਨਾਲ ਵੀ ਸਬੰਧਿਤ ਕਿਉਂ ਨਾ ਹੋਣ, ਦੀ ਇਕ ਹੋਰ ਮਿਸਾਲ ਦਿੱਲੀ ਉਪਰ ਥੋਪੀ ਗਈ ਨਵੀਂ ਮੁੱਖ ਮੰਤਰੀ ਯਾਨੀ ਸ੍ਰੀਮਤੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਐਲਾਣੇ ਜਾਣ ਨਾਲ ਹੋ ਗਈ ਹੈ। ਬਾਨੀਆ ਸਮਾਜ ਨਾਲ ਸਬੰਧਿਤ ਸ੍ਰੀਮਤੀ ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ਹਾਲਾਂ ਉਨ੍ਹਾਂ ਨੂੰ ਸਰਕਾਰ ਦੇ ਕੰਮਕਾਰ ਚਲਾਉਣ ਦਾ ਕੋਈ ਤਜ਼ੁਰਬਾ ਨਹੀਂ ਹੈ। ਪਰ ਫਿਰ ਵੀ, ਆਪਣੀ ਪਾਰਟੀ ਦੇ ਕਈ ਸੀਨੀਅਰ ਆਗੂਆਂ – ਖ਼ਾਸਕਰ ਪਰਵੇਸ਼ ਸਾਹਿਬ ਸਿੰਘ ਵਰਮਾ ਦੀ ਮੁੱਖ ਮੰਤਰੀ ਦੀ ਕੁਰਸੀ ਪ੍ਰਤੀ ਦਾਅਵੇਦਾਰੀ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ, ਨਜ਼ਰਅੰਦਾਜ਼ ਕਰਕੇ ਬੀਜੇਪੀ ਵੱਲੋਂ ਜਿਸ ਤਰ੍ਹਾਂ ਸ੍ਰੀਮਤੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਗਿਆ ਹੈ, ਉਸ ਨਾਲ ਬ੍ਰਾਹਮਣਵਾਦੀ ਸਿਧਾਂਤਾਂ ਤੋਂ ਅਨਜਾਣ ਲੋਕਾਂ ਨੂੰ ਤਾਂ ਹੈਰਾਨੀ ਹੋ ਰਹੀ ਹੈ, ਪਰ ਆਰ.ਐਸ.ਐਸ. ਦੀ ਫਿਰਕੂ ਅਤੇ ਜਾਤ-ਪਾਤ ਪੱਖੀ ਨੀਤੀਆਂ ਨੂੰ ਸਮਝਣ ਵਾਲੇ ਲੋਕਾਂ ਨੂੰ ਨਹੀਂ।

ਕਿਉਂਕਿ ਜਿਥੇ ਸ੍ਰੀਮਤੀ ਰੇਖਾ ਗੁਪਤਾ ਬਾਨੀਆ ਬਿਰਾਦਰੀ, ਯਾਨੀ ਹਿੰਦੂ ਸਮਾਜ ਦੀ ਉਚ ਜਾਤਾਂ ਵਿਚ ਸ਼ੁਮਾਰ ਹੁੰਦੇ ਵਰਗ ਨਾਲ ਸਬੰਧਿਤ ਹਨ, ਉਥੇ ਸ੍ਰੀ ਪਰਵੇਸ਼ ਵਰਮਾ (ਅਤੇ ਮਨਜਿੰਦਰ ਸਿੰਘ ਸਿਰਸਾ) ਜਾਟ ਜਾਂ ਜੱਟ, ਭਾਵ ਕਿਸਾਨ ਬਿਰਾਦਰੀ ਨਾਲ ਸਬੰਧਿਤ ਹਨ। ਹੱਥੀਂ ਕਿਰਤ ਕਰਨ ਵਾਲੇ ਇਨਸਾਨ ਨੂੰ ਬ੍ਰਾਹਮਣਵਾਦੀ ਫਲਸਫੇ ਵਿੱਚ ਸ਼ੂਦਰ ਜਾਂ ਕਥਿਤ ਨੀਵੀਂ ਜਾਤ ਦਾ ਮੰਨਿਆ ਜਾਂਦਾ ਹੈ, ਉਸ ਨੂੰ ਕੁਲੀਨ ਵਰਗਾਂ ਦੀ ਬਰਾਬਰੀ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਨਫਰਤ ਦਾ ਪਾਤਰ ਸਮਝਿਆ ਜਾਂਦਾ ਹੈ। ਇਸੇਲਈ ਪੰਜਾਬ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਸਾਨ / ਜੱਟ ਬਿਰਾਦਰੀ ਵੱਲੋਂ ਸਰਕਾਰ ਤੋਂ ਕਿਸੇ ਕਿਸਮ ਦੀ ਮੰਗ ਕਰਨ ’ਤੇ, ਉਸ ਮੰਗ ਨੂੰ ਮੰਨਣਾ ਤਾਂ ਦੂਰ, ਕਿਸਾਨਾਂ ਨੂੰ ਆਪਣੇ ਨਾਲ ਗੱਲਬਾਤ ਕਰਨ ਦੇ ਲਾਇਕ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਵੇਂ ਕਿ ਪੰਜਾਬ ਦੇ ਸ਼ੰਭੂ ਬਾਰਡਰ ’ਤੇ ਕਿਸਾਨ ਧਰਨਾਕਾਰੀਆਂ ਨਾਲ ਅੱਜ ਵੀ ਕੀਤਾ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ, ਕੈਨੇਡਾ ਵਿੱਚ ਸ਼ੱਕੀ ਢੰਗ ਨਾਲ ਕਤਲ ਕਰਵਾਏ ਜਾ ਚੁੱਕੇ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਜਰ ਦਾ ਬੀਜੇਪੀ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ‘ਪਲੰਬਰ-ਪਲੰਬਰ’ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਹੈ, ਜਦਕਿ ਪਲੰਬਰ ਜਾਂ ਕਿਸੇ ਵੀ ਹੋਰ ਕਿਸਮ ਦਾ ਹੱਥੀਂ ਕਿਰਤ ਕਰਨ ਵਾਲਾ ਕਿੱਤਾ ਅਪਣਾਉਣ ਨੂੰ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਜਾਂ ਧਰਮ ਦੇ ਲੋਕਾਂ ਵੱਲੋਂ ਨੀਵਾਂ ਨਹੀਂ ਸਮਝਿਆ ਜਾਂਦਾ।

ਇਸ ਤੋਂ ਪਹਿਲਾਂ ਵੀ, ਹਰਿਆਣਾ ਵਿੱਚ ਬਣਾਈਆਂ ਆਪਣੀਆਂ ਪਿਛਲੀਆਂ ਸਰਕਾਰਾਂ ਵਿੱਚ ਬੀਜੇਪੀ ਨੇ ਮਨੋਹਰ ਲਾਲ ਖੱਟਰ ਵਰਗੇ ਖੱਤਰੀ ਯਾਨੀ ਉਚ ਜਾਤ ਦੇ ਕਾਰਕੁੰਨ ਨੂੰ ਤਾਂ ਮੁੱਖ ਮੰਤਰੀ ਬਣਾ ਦਿੱਤਾ, ਪਰ ਸਮੁੱਚੇ ਸੂਬੇ ਵਿੱਚੌਂ ਕਿਸੇ ਵੀ ਜਾਟ ਲੀਡਰ ਨੂੰ ਇਸ ਅਹੁਦੇ ਵਾਸਤੇ ਨਹੀਂ ਚੁਣਿਆ। ਜਦੋਂ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਵਜੋਂ ਬਦਲਣ ਦੇ ਹਾਲਾਤ ਬਣੇ, ਉਸ ਸਮੇਂ ਵੀ ਨਾਇਬ ਸੈਣੀ ਵਰਗੇ ਗੈਰ-ਜਾਟ ਸ਼ਖਸ ਨੂੰ ਜਾਟਾਂ ਦੀ ਭਰਮਾਰ ਵਾਲੇ ਸੂਬੇ ਦਾ ਮੁੱਖ ਮੰਤਰੀ ਬਣਾ ਕੇ, ਜਾਟਾਂ ਨੂੰ ਮੂੰਹ ਚਿੜਾਇਆ ਗਿਆ ਅਤੇ ਇਹ ਵਰਤਾਰਾ ਅੱਜ ਵੀ ਜਾਰੀ ਹੈ। ਹਾਲਾਂਕਿ ਇਹ ਗੱਲ ਅਲੱਗ ਹੈ ਕਿ ਸ੍ਰੀ ਨਾਇਬ ਸੈਣੀ ਵੀ ‘ਸੈਣੀ’ ਵਰਗ ਨਾਲ ਸਬੰਧਿਤ ਹਨ, ਜਿਸਨੂੰ ਇਕ ਪਛੜਿਆ ਵਰਗ ਮੰਨਿਆ ਜਾਂਦਾ ਹੈ, ਪਰ ਜਦੋਂ ਮਸਲਾ ਸੱਤਾ ਦਾ ਕੰਟਰੋਲ ਅਤੇ ਸਿਆਸੀ ਤਾਕਤ ਦੇਣ ਦਾ ਹੋਵੇ, ਤਾਂ ਜਾਟ ਵਰਗ ਦਾ ਮਨੋਬਲ ਨੀਵਾਂ ਰੱਖਣ ਲਈ ਸੈਣੀ ਵਰਗ ਦੇ ਸ਼ਖ਼ਸ ਦੀ ਵਰਤੋਂ ਕਰ ਲਈ ਗਈ।

ਅਜਿਹੇ ਵਿੱਚ ਬੀਜੇਪੀ ਲੀਡਰਸ਼ਿਪ ਤੋਂ ਇਹ ਉਮੀਦ ਕਰਨਾ ਕਿ ਉਹ ਕਿਸੇ ਜਾਟ ਜਾਂ ਜੱਟ ਨੂੰ ਦਿੱਲੀ ਜਿਹੀ ਅਹਿਮ ਥਾਂ ਦੀ ਅਗਵਾਈ ਸੌਂਪ ਕੇ ਸਿਆਸੀ ਤੌਰ ’ਤੇ ਮਜਬੂਤ ਕਰ ਦਿੰਦੇ – ਲੋਕਾਂ ਦੀ ਭਾਰੀ ਗਲਤਫਹਿਮੀ ਸੀ, ਜਿਸਨੂੰ ਬੀਜੇਪੀ ਲੀਡਰਸ਼ਿਪ ਨੇ ਆਪਣੇ ਤਾਜ਼ਾਤਰੀਨ ਫੈਸਲੇ ਨਾਲ ਦੂਰ ਕਰ ਦਿੱਤਾ ਹੈ। ਹਾਲਾਂਕਿ ਇਥੇ ਬੀਜੇਪੀ ਦੇ ਪੱਖ ਵਿੱਚ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਿਸੇ ਸਮੇਂ ਇਸੇ ਪਾਰਟੀ ਨੇ ਪਰਵੇਸ਼ ਵਰਮਾ ਦੇ ਪਿਤਾ ਸਾਹਿਬ ਸਿੰਘ ਵਰਮਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਸੀ – ਪਰ ਉਸ ਸਮੇਂ ਬੀਜੇਪੀ ਸਿਆਸੀ ਤੌਰ ’ਤੇ ਏਨੀ ਮਜਬੂਤ ਨਹੀਂ ਸੀ, ਜਿੰਨੀ ਅੱਜ ਹੈ ਅਤੇ ਉਸ ਸਮੇਂ ਚੋਣਾਂ ਵੀ ਈ.ਵੀ.ਐਮ. ਨਾਲ ਨਹੀਂ ਹੁੰਦੀਆਂ ਸਨ। ਇਸਲਈ ਹਰ ਕੰਮ ਕਰਨ ਤੋਂ ਪਹਿਲਾਂ ਹਰ ਪਾਰਟੀ ਨੂੰ ਲੋਕਾਂ ਦੇ ਜਜ਼ਬਾਤਾਂ ਦਾ ਧਿਆਨ ਰੱਖਣਾ ਪੈਂਦਾ ਸੀ। ਪਰ ਬੀਜੇਪੀ ਉ_ਪਰ ਗੁਜਰਾਤ ਲਾੱਬੀ ਦਾ ਕਬਜ਼ਾ ਹੋਣ, ਕੇਂਦਰ ਅਤੇ ਬਹੁਤ ਸਾਰੇ ਸੂਬਿਆਂ ਵਿੱਚ ਬੀਜੇਪੀ ਸਰਕਾਰਾਂ ਬਣਨ, ਈ.ਵੀ.ਐਮ. ਰਾਹੀਂ ਮਨਮਰਜ਼ੀ ਦੇ ਰਿਜ਼ਲਟ ਪ੍ਰਾਪਤ ਕਰਨ ਵਿੱਚ ਮੁਹਾਰਤ ਹਾਸਲ ਕਰਨ ਅਤੇ ਚੋਣ ਕਮਿਸ਼ਨਰਾਂ ਦਾ ਬੀਜੇਪੀ ਦੇ ਪਾਲਤੂ ਜੀਆਂ ਵਾਂਗ ਵਿਵਹਾਰ ਕਰਨ ਦਾ ਰੁਝਾਨ ਸਥਾਪਿਤ ਹੋ ਜਾਣ ਕਾਰਨ, ਅਜੋਕੇ ਸਮੇਂ ਵਿੱਚ ਜਿਵੇਂ-ਜਿਵੇਂ ਬੀਜੇਪੀ ਲੀਡਰਸ਼ਿਪ ਦਾ ਆਤਮ-ਵਿਸ਼ਵਾਸ ਵੱਧ ਰਿਹਾ ਹੈ, ਉਵੇਂ-ਉਵੇਂ ਉਹ ਆਪਣੀਆਂ ਅਸਲ ਬ੍ਰਾਹਮਣਵਾਦੀ ਨੀਤੀਆਂ ਦਾ ਖੁੱਲ੍ਹ ਕੇ ਇਜ਼ਹਾਰ ਕਰਨ ਲੱਗ ਪਈ ਹੈ।

ਇਸ ਲਈ ਮੋਰਲ ਆਫ ਦਾ ਸਟੋਰੀ ਇਹੀ ਹੈ ਕਿ ਜਿਹੜੇ ਕਥਿਤ ਨੀਵੀਆਂ ਜਾਂ ਪਛੜੀਆਂ ਜਾਤਾਂ ਦੇ ਲੋਕ ਬੀਜੇਪੀ ਵਿੱਚ ਸ਼ਾਮਲ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬ੍ਰਾਹਮਣਵਾਦ ਦੇ ਮੂਲ ਸਿਧਾਂਤ, ਯਾਨੀ ਜਾਤ-ਪਾਤ ਨੂੰ ਸਮਝਦਿਆਂ ਹੋਇਆਂ, ਆਪਣੀ ਔਕਾਤ ਵਿੱਚ ਰਹਿਣ ਵਿੱਚ ਹੀ ਭਲਾਈ ਸਮਝਣੀ ਚਾਹੀਦੀ ਹੈ ਅਤੇ ਆਪਣੇ ਵਾਸਤੇ ਕਿਸੇ ਕਿਸਮ ਦੇ ਸਿਆਸੀ ਲਾਭ / ਮਜਬੂਤੀ ਨੂੰ ਆਪਣੇ ਹੱਕ ਦੀ ਤਰ੍ਹਾਂ ਨਹੀਂ ਬਲਕਿ ਇਕ ਖੈਰਾਤ ਦੀ ਤਰ੍ਹਾਂ ਹੀ ਮਿਲ ਸਕਣ ਦੀ ਉਮੀਦ ਰੱਖਣੀ ਚਾਹੀਦੀ ਹੈ।

Related posts

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ ?

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin