ਸੰਗਰੂਰ, (ਦਲਜੀਤ ਕੌਰ) – ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਵਿਚਾਲੇ ਛੱਡ ਕੇ ਜਾਣ ਅਤੇ ਅਤੇ ਮੋਰਚੇ ਦੀਆਂ ਮੰਗਾਂ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਕਿਸਾਨਾਂ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਅਤੇ ਚੰਡੀਗੜ੍ਹ ਮੋਰਚੇ ਨੂੰ ਫੇਲ ਕਰਨ ਲਈ ਸੜਕਾਂ ਰੋਕਣ ਦੇ ਖਿਲਾਫ ਅੱਜ ਪੂਰੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਅੱਜ ਸੰਗਰੂਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਇਕੱਠੇ ਹੋ ਕੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸੋਹੀਆਂ ਰੋਡ ਸਥਿਤ ਘਰ ਦਾ ਘਿਰਾਓ ਕਰਕੇ ਸਵੇਰੇ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ਾਲ ਰੋਸ ਧਰਨਾ ਦਿੱਤਾ ।
ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 3 ਮਾਰਚ ਦੀ ਚੰਡੀਗੜ੍ਹ ਵਿਖੇ ਜੋ ਮੁੱਖ ਮੰਤਰੀ ਨਾਲ ਮੀਟਿੰਗ ਸੀ ਉਸ ਵਿੱਚ ਸਿਰਫ ਨੌ ਮੰਗਾਂ ਤੇ ਚਰਚਾ ਹੋਈ ਅਤੇ ਇਹ ਸਾਰੀਆਂ ਮੰਗਾਂ ਪੰਜਾਬ ਨਾਲ ਸਬੰਧਿਤ ਸਨ ਉਹਨਾਂ ਦੱਸਿਆ ਕਿ ਪੰਜਾਬ ਦੇ ਆਬਾਦਕਾਰ ਕਿਸਾਨਾਂ ਨੂੰ ਜਮੀਨ ਦੇ ਮਾਲਕੀ ਹੱਕ ਦੇਣ, ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਬਣਾਈ ਗਈ ਖੇਤੀ ਨੀਤੀ ਵਿੱਚ ਪੰਜਾਬ ਪੱਖੀ ਸੋਧ ਕਰਕੇ ਲਾਗੂ ਕਰਨ, ਪੰਜਾਬ ਦੇ ਸਹਿਕਾਰਤਾ ਵਿਭਾਗ ਵਿੱਚ ਫੈਲੇ ਭਰਿਸ਼ਟਾਚਾਰ ਤੇ ਨੱਥ ਪਾ ਕੇ ਇਸ ਨੂੰ ਦਰੁਸਤ ਕਰਨ,ਪੰਜਾਬ ਦੇ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰਨ, ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚ ਮੈਂਬਰਸ਼ਿਪ ਚਾਲੂ ਕਰਨ ਅਤੇ ਖੇਤੀਬਾੜੀ ਵਿਕਾਸ ਬੈਂਕ ਅਤੇ ਹੋਰ ਸਹਿਕਾਰੀ ਬੈਂਕਾਂ ਨੂੰ ਯਕਮੁਸਤ ਨਿਪਟਾਰਾ ਸਕੀਮ ਲਾਗੂ ਕਰਨ ਆਦਿ ਮੰਗਾਂ ਤੇ ਚਰਚਾ ਕਰਨੀ ਸੀ ਪਰ ਮੁੱਖ ਮੰਤਰੀ ਕਥਿਤ ਤੌਰ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੀਟਿੰਗ ਵਿਚਾਲੋਂ ਛੱਡ ਕੇ ਚਲੇ ਗਏ ਅਤੇ ਉਲਟਾ ਕਿਸਾਨ ਲਹਿਰ ਨੂੰ ਬਦਨਾਮ ਕਰਨ ਲਈ ਝੂਠਾ ਬਿਆਨ ਦਿੱਤਾ ਕਿ ਕਿਸਾਨ ਧਰਨਾ ਲਾਉਣ ਲਈ ਬਜਿੱਦ ਸਨ ਤੇ ਸੜਕਾਂ ਤੇ ਰੇਲਾਂ ਰੋਕਣ ਦੀ ਗੱਲ ਕਰਦੇ ਸਨ, ਜਦਕਿ ਸੰਯੁਕਤ ਕਿਸਾਨ ਮੋਰਚੇ ਦਾ ਸਪਸ਼ਟ ਸੁਨੇਹਾ ਸੀ ਕਿ 34 ਸੈਕਟਰ ਵਿੱਚ ਸਾਨੂੰ ਰੋਸ ਪ੍ਰਦਰਸ਼ਨ ਕਰਨ ਦੀ ਜਗ੍ਹਾ ਦਿੱਤੀ ਜਾਵੇ, ਤੇ ਪੰਜਾਬ ਨਾਲ ਸੰਬੰਧਿਤ ਮੰਗਾਂ ਹੱਲ ਕੀਤੀਆਂ ਜਾਣ ਕੋਈ ਵੀ ਰੇਲ ਜਾ ਸੜਕ ਰੋਕਣ ਦਾ ਪ੍ਰੋਗਰਾਮ ਨਹੀਂ ਸੀ। ਮੁੱਖ ਮੰਤਰੀ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ।
ਇਸ ਮੌਕੇ ਬੀਕੇਯੂ ਡਕੌਦਾ ਬੁਰਜ ਗਿੱਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜੀਆਣਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ, ਬੀਕੇਯੂ ਡਕੌਦਾ ਧਨੇਰ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਦੁੱਗਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣਾ ਇਹ ਭੁਲੇਖਾ ਕੱਢ ਦੇਵੇ ਕਿ ਪੁਲਿਸ ਦੇ ਜੋਰ ਨਾਲ ਸੰਘਰਸ਼ ਨੂੰ ਦਬਾ ਲਵੇਗੀ ਬਲਕਿ ਹੋਰ ਦੂਣਾ ਹੋ ਕੇ ਕਿਸਾਨ ਸੰਘਰਸ਼ ਉਭਰੇਗਾ ਕਿਉਂਕਿ ਕਾਰਪੋਰੇਟ ਸੈਕਟਰ ਲਗਾਤਾਰ ਪੰਜਾਬ ਦੀ ਖੇਤੀ ਅਤੇ ਪਰਚੂਨ ਖੇਤਰ ਤੇ ਕਬਜ਼ਾ ਕਰਨ ਲਈ ਵਿਉਤਾਂ ਗੁੰਦ ਰਿਹਾ ਹੈ, ਇਹਨਾਂ ਨੀਤੀਆਂ ਦੇ ਖਿਲਾਫ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਦੀ ਲੋਕ ਲਹਿਰ ਜਰੂਰ ਖੜੀ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਸੰਘਰਸ਼ ਮਹਿੰਦਰ ਸਿੰਘ ਵਿੱਡਿਆ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਕੁੰਨਰਾਂ, ਮਨਜੀਤ ਸਿੰਘ ਘਰਾਚੋਂ, ਰਾਮ ਸਿੰਘ ਸੋਹੀਆਂ, ਮੱਖਣ ਸਿੰਘ ਦੁੱਗਾਂ, ਸੁਖਦੇਵ ਸਿੰਘ ਉਭਾਬਾਲ, ਜਗਤਾਰ ਸਿੰਘ ਲੱਡੀ, ਕਸ਼ਮੀਰ ਸਿੰਘ ਘਰਾਚੋਂ, ਦਲੀਪ ਸਿੰਘ ਘਾਬਦਾਂ, ਗੁਰਚਰਨ ਸਿੰਘ ਸੰਤੋਖਪੁਰਾ, ਅਮਰੀਕ ਸਿੰਘ ਅਕਬਰਪੁਰ, ਕੁਲਵਿੰਦਰ ਸਿੰਘ ਮਾਝਾ, ਮਹਿੰਦਰ ਸਿੰਘ ਭੱਠਲ ਨੇ ਵੀ ਸੰਬੋਧਨ ਕੀਤਾ।