ਅੰਮ੍ਰਿਤਸਰ – ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਲਾਈਵਸਟੋਕ ਫਾਰਮ ਕੰਪਲੈਕਸ (ਪਸ਼ੂਧਨ ਫਾਰਮ ਕੰਪਲੈਕਸ) ਵਿਖੇ ਪਹਿਲੀ ਵਾਰ ‘ਕੈਚ ਕਾਊ ਕਿਊਸ’ ਪ੍ਰੋਗਰਾਮ ਅਧੀਨ ਇਕ ਰੋਜ਼ਾ ਪਸ਼ੂਧਨ ਨਿਰਣਾ ਮੁਕਾਬਲਾ ਕਰਵਾਇਆ। ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨਾਲ ਮਿਲ ਕੇ ਕੀਤਾ। ਉਕਤ ਪ੍ਰੋਗਰਾਮ ਦਾ ਸੰਚਾਲਨ ਬਾਹਰ ਜਾਣ ਵਾਲੇ ਇੰਟਰਨਾਂ ਵੱਲੋਂ ਗਾਵਾਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ’ਤੇ ਕੀਤਾ ਗਿਆ।
ਇਸ ਸਬੰਧੀ ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਇੰਟਰਨਾਂ ਨੂੰ ਨਿਰਣਾਇਕ ਟੀਮਾਂ ਵਜੋਂ ਛੇ ਸਮੂਹਾਂ ’ਚ ਵੰਡਿਆ ਗਿਆ ਸੀ ਅਤੇ ਉਨ੍ਹਾਂ ਨੇ ਸਰੀਰ ਦੀ ਸਮਰੱਥਾ, ਚਾਲ, ਥਣ, ਨਸਲ ਅਤੇ ਹੋਰ ਸੰਕੇਤਾਂ ਦੇ ਆਧਾਰ ’ਤੇ ਜਾਨਵਰਾਂ ਦਾ ਨਿਰਣਾ ਕਰਦਿਆਂ ਸਕੋਰ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਸੀਨੀਅਰ ਫੈਕਲਟੀ ਮੈਂਬਰਾਂ ਡਾ. ਵੀ. ਕੇ. ਗੰਡੋਤਰਾ ਅਤੇ ਡਾ. ਟੀ. ਏ. ਐੱਸ. ਗਨਾਈ ਦੀ ਅਗਵਾਈ ’ਚ ਦੋ ਜਿਊਰੀ ਟੀਮਾਂ ਨੇ ਵਿਦਿਆਰਥੀਆਂ ਦੇ ਸਕੋਰਾਂ ਦਾ ਨਿਰਣਾ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ਲਈ ਜੇਤੂ ਨੂੰ ਇਨਾਮ ਤਕਸੀਮ ਕੀਤੇ।
ਡਾ. ਵਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਪਸ਼ੂਆਂ ਦੇ ਡਾਕਟਰਾਂ ਨੂੰ ਵੱਖ-ਵੱਖ ਸਰੀਰਿਕ ਮਾਪਦੰਡਾਂ ਦੇ ਆਧਾਰ ’ਤੇ ਜਾਨਵਰਾਂ ਦੇ ਨਿਰਣੇ ਬਾਰੇ ਵਿਹਾਰਕ ਹੁਨਰ ਸਿੱਖਣ ਲਈ ਤਿਆਰ ਕਰਦੇ ਹਨ, ਜੋ ਉਨ੍ਹਾਂ ਨੂੰ ਪੰਜਾਬ ਪਸ਼ੂ ਪਾਲਣ ਵਿਭਾਗ ਦੁਆਰਾ ਆਯੋਜਿਤ ਵੱਖ-ਵੱਖ ਪਸ਼ੂਧਨ ਚੈਂਪੀਅਨਸ਼ਿਪਾਂ ਕਰਵਾਉਣ ’ਚ ਸਹਾਈ ਸਿੱਧ ਹੋਣਗੇ। ਉਨ੍ਹਾਂ ਡੇਅਰੀ ਜਾਨਵਰਾਂ ’ਚ ਉਕਤ ਮੁਕਾਬਲਿਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਜਨਨ ਮਿਆਰਾਂ ਨੂੰ ਬਿਹਤਰ ਬਣਾਉਣ, ਗੁਣਵੱਤਾ ਵਾਲੇ ਪਸ਼ੂਧਨ, ਦੁੱਧ ਦੀ ਪੈਦਾਵਾਰ ਅਤੇ ਪ੍ਰਜਨਨ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਇਸ ਮੌਕੇ ਉਕਤ ਕੰਪਲੈਕਸ ਦੇ ਮੁੱਖੀ ਡਾ. ਆਰ. ਕੇ. ਤੱਗੜ ਨੇ ਨਸਲ ਦੀਆਂ ਵਿਸ਼ੇਸ਼ਤਾਵਾਂ ਦੇ ਸੰਰਚਨਾ ਅਤੇ ਉਤਪਾਦਕਤਾ ਪਹਿਲੂਆਂ ਦੇ ਆਧਾਰ ’ਤੇ ਨਿਰਣਾ ਕਰਨ ਲਈ ਪਸ਼ੂਆਂ ਦੇ ਮੁਲਾਂਕਣ ਸਬੰਧੀ ਗਿਆਨ ਸਾਂਝਾ ਕੀਤਾ। ਜਦਕਿ ਪ੍ਰਬੰਧਕੀ ਸਕੱਤਰ ਡਾ. ਪੀ. ਕੇ. ਮਲਹੋਤਰਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਜੱਜਾਂ, ਭਾਗੀਦਾਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ।
