Punjab

ਪੌਂਗ ਡੈਮ ’ਚੋਂ ਪਾਣੀ ਛੱਡੇ ਜਾਣ ਕਾਰਣ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ !

ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਜਿਸ ਕਾਰਣ ਡੈਮ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਚੰਡੀਗੜ੍ਹ – ਪੰਜਾਬ ’ਚ ਅੱਜ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅੱਜ ਕੁਝ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨ ਵੀ ਅਜਿਹੇ ਹੀ ਹਾਲਾਤ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 23 ਅਗਸਤ ਤੋਂ ਮੌਸਮ ’ਚ ਬਦਲਾਅ ਆਵੇਗਾ ਅਤੇ ਸੁਸਤ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਵੇਗਾ।
ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਦਿਨਾਂ ’ਚ ਪੌਂਗ ਡੈਮ ਤੋਂ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਅਸਰ ਨਾਲ ਅੱਜ ਬਿਆਸ ਨਦੀ ਦਾ ਜਲ ਪੱਧਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ ਅਤੇ ਤਰਨਤਾਰਨ ’ਚ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਕਪੂਰਥਲਾ ’ਚ ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਜ਼ਿਲ੍ਹਾ ਪਹਿਲਾਂ ਹੀ ਹੜ੍ਹ ਨਾਲ ਪ੍ਰਭਾਵਿਤ ਹਨ। ਤਰਨਤਾਰਨ ’ਚ ਹਰੀਕੇ ਹੈਡਜ਼ ਤੋਂ ਵੀ ਲਗਾਤਾਰ ਡਾਊਨਸਟ੍ਰੀਮ ’ਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦਾ ਅਸਰ ਫਾਜ਼ਿਲਕਾ ਜ਼ਿਲ੍ਹੇ ਤੱਕ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਬਿਆਸ ਦਾ ਜਲ ਪੱਧਰ ਵਧਿਆ ਤਾਂ ਇਨ੍ਹਾਂ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਅੰਮ੍ਰਿਤਸਰ ਦੇ ਕਈ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਸਥਿਤੀ ਕਾਰਨ ਲਗਭਗ 15,000 ਏਕੜ ਫਸਲ ਹੜ੍ਹ ਦੀ ਚਪੇਟ ’ਚ ਹੈ।
ਪੰਜਾਬ ’ਚ ਲਗਾਤਾਰ ਆਮ ਤੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸਿਰਫ਼ ਕੁਝ ਜ਼ਿਲ੍ਹਿਆਂ ’ਚ ਮੀਂਹ ਪਿਆ, ਜਿਸ ਕਾਰਨ ਸੂਬੇ ਦੇ ਤਾਪਮਾਨ ’ਚ 1.8 ਡਿਗਰੀ ਦੀ ਮਾਮੂਲੀ ਵਾਧਾ ਹੋਇਆ, ਹਾਲਾਂਕਿ ਇਹ ਆਮ ਦੇ ਨੇੜੇ ਹੈ। ਸੂਬੇ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ, ਜਿੱਥੇ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਤਾਪਮਾਨ 32.3 ਡਿਗਰੀ, ਲੁਧਿਆਣਾ ’ਚ 33.2 ਡਿਗਰੀ, ਪਟਿਆਲਾ ’ਚ 32.2 ਡਿਗਰੀ ਅਤੇ ਪਠਾਨਕੋਟ ’ਚ 31.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਹਲਕਾ ਮੀਂਹ, ਪਠਾਨਕੋਟ ’ਚ 7.5 ਮਿਮੀ, ਫਾਜ਼ਿਲਕਾ ’ਚ 5.5 ਮਿਮੀ ਅਤੇ ਹੁਸ਼ਿਆਰਪੁਰ ’ਚ 0.5 ਮਿਮੀ ਮੀਂਹ ਦਰਜ ਕੀਤਾ ਗਿਆ। ਜੁਲਾਈ ਵਾਂਗ ਅਗਸਤ ਮਹੀਨੇ ’ਚ ਵੀ ਸੂਬੇ ’ਚ 18 ਪ੍ਰਤੀਸ਼ਤ ਘੱਟ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ, ਅਗਸਤ ’ਚ ਆਮ ਤੌਰ ’ਤੇ 98.7 ਮਿਮੀ ਮੀਂਹ ਪੈਂਦਾ ਹੈ, ਪਰ ਇਸ ਵਾਰ ਸਿਰਫ਼ 81% ਮੀਂਹ ਹੀ ਦਰਜ ਹੋਇਆ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin