ਕਪੂਰਥਲਾ – ਪੰਜਾਬ ਅਤੇ ਹਿਮਾਚਲ ‘ਚ ਲਗਾਤਰ ਪੈ ਰਹੇ ਮੀਹ ਕਾਰਨ ਪੰਜਾਬ ਦੇ ਡੈਮ ਉਫਾਨ ‘ਤੇ ਨੇ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਫਿਰੋਜ਼ਪੁਰ ਦੀ ਤਾਂ ਲਗਾਤਾਰ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ। ਕਪੂਰਥਲਾ ‘ਚ ਕਈ ਥਾਵਾਂ ਤੋਂ ਆਰਜੀ ਬੰਨ੍ਹ ਟੁੱਟ ਗਏ ਜਿਸ ਤੋਂ ਬਾਅਦ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ। ਜਿਸ ਤੋਂ ਬਾਅਦ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ।
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਗੱਲ ਬਾਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਲੋਕਾਂ ‘ਤੇ ਜਦੋਂ ਵੀ ਹੜ੍ਹਾਂ ਦਾ ਖ਼ਤਰਾ ਬਣਦਾ ਹੈ ਤਾਂ ਉਹ ਮਦਦ ਵਾਸਤੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸੇ ਹੀ ਕਰਕੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਲਈ ਜੇ.ਸੀ.ਬੀ ਸਣੇ ਦੋ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਦੇ ਦਿੱਤਾ ਹੈ। ਇਸ ਮੌਕੇ ਹਰਭਜਨ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮਿਲਕੇ ਕੇਂਦਰ ਤੇ ਪੰਜਾਬ ਸਰਕਾਰ ਕੋਲ ਇਸ ਮਸਲੇ ਉੱਤੇ ਗੰਭੀਰਤਾ ਨਾਲ ਆਵਾਜ਼ ਉਠਾਉਣਗੇ ਅਤੇ ਇਸ ਦੇ ਹੱਲ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਹੜ੍ਹਾਂ ‘ਚ ਘਿਰੇ ਲੋਕਾਂ ਦੇ ਘਰਾਂ ‘ਚ ਜਾ ਕੇ ਆਏ ਹਨ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿਤੀ ਹੈ। ਉਹਨਾਂ ਕਿਹਾ ਕਿ ਦੁੱਖ ਦੀ ਘੜੀ ‘ਚ ਇਹ ਉਹਨਾਂ ਦਾ ਪਹਿਲਾਂ ਫਰਜ਼ ਬਣਦਾ ਹੈ ਕਿ ਉਹ ਦੂਜਿਆਂ ਦੀ ਮਦਦ ਕਰਨ। ਸੰਤ ਸੀਚੇਵਾਲ ਨੇ ਕਿਹਾ ਕਿ ਪੀੜਤ ਲੋਕਾਂ ਦੀ ਸੇਵਾ ਹੀ ਅਸਲ ਵਿੱਚ ਮਨੁੱਖਤਾ ਦੀ ਸੇਵਾ ਹੈ।