Punjab

ਅਮਰੀਕਾ ‘ਚ 7 ਮਿਲੀਅਨ ਦੀ ਕੋਕੀਨ ਸਣੇ 2 ਪੰਜਾਬੀ ਟਰੱਕ ਡਰਾਈਵਰ ਕਾਬੂ

ਅਮਰੀਕਨ ਪੁਲਿਸ ਨੇ 7 ਮਿਲੀਅਨ ਦੀ ਕੋਕੀਨ ਸਣੇ 2 ਪੰਜਾਬੀ ਟਰੱਕ ਡਰਾਈਵਰਾਂ ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਅਮਰੀਕਾ ਵਿਚ 2 ਪੰਜਾਬੀ ਟਰੱਕ ਡਰਾਈਵਰਾਂ ਨੂੰ 70 ਲੱਖ ਡਾਲਰ ਮੁੱਲ ਦੀ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖ਼ਤ 25 ਸਾਲਾ ਗੁਰਪ੍ਰੀਤ ਸਿੰਘ ਅਤੇ 30 ਸਾਲਾ ਜਸਵੀਰ ਸਿੰਘ ਵਜੋਂ ਕੀਤੀ ਗਈ ਹੈ ਅਤੇ ਇੰਮੀਗ੍ਰੇਸ਼ਨ ਵਾਲਿਆਂ ਨੇ ਨਾਲੋ-ਨਾਲ ਡਿਪੋਰਟ ਕਰਨ ਦਾ ਐਲਾਨ ਕਰ ਦਿਤਾ ਹੈ। ਇੰਡਿਆਨਾ ਸਟੇਟ ਪੁਲਿਸ ਨੇ ਦੱਸਿਆ ਹੈ ਕਿ ਇੰਟਰਸਟੇਟ 70 ’ਤੇ ਰੂਟੀਨ ਚੈਕਿੰਗ ਦੌਰਾਨ ਇਕ ਟਰੱਕ-ਟ੍ਰੇਲਰ ਨੂੰ ਰੋਕਿਆ ਗਿਆ ਅਤੇ ਡਰਾਈਵਰ ਨਾਲ ਗੱਲਬਾਤ ਕਰ ਰਹੇ ਅਫ਼ਸਰਾਂ ਨੂੰ ਉਹ ਘਬਰਾਹਟ ਵਿਚ ਮਹਿਸੂਸ ਹੋਇਆ ਜਿਸ ਮਗਰੋਂ ਕੇ-9 ਯੂਨਿਟ ਨੂੰ ਸੱਦਿਆ ਗਿਆ। ਸੂਹੀਆ ਕੁੱਤਿਆਂ ਨੇ ਕੁੱਝ ਹੀ ਪਲਾਂ ਵਿਚ ਸੁੰਘ ਕੇ ਦੱਸ ਦਿਤਾ ਕਿ ਟਰੱਕ ਵਿਚ ਨਸ਼ੀਲੇ ਪਦਾਰਥ ਮੌਜੂਦ ਹਨ। ਟਰੱਕ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ 309 ਪਾਊਂਡ ਕੋਕੀਨ ਬਰਾਮਦ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 7 ਮਿਲੀਅਨ ਡਾਲਰ ਬਣਦੀ ਹੈ।

ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਵਜੋਂ ਹੋਈ ਸ਼ਨਾਖ਼ਤ ਨਸ਼ਿਆਂ ਦੀ ਵੱਡੀ ਖੇਪ ਸਾਹਮਣੇ ਆਉਂਦਿਆਂ ਹੀ ਟਰੱਕ ਵਿਚ ਸਵਾਰ ਕੈਲੇਫੋਰਨੀਆ ਦੇ ਫ਼ਰਿਜ਼ਨੋ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਸੈਂਟਾ ਕਲਾਰਾ ਨਾਲ ਸਬੰਧਤ ਜਸਵੀਰ ਸਿੰਘ ਨੂੰ ਹਥਕੜੀਆਂ ਲਾ ਕੇ ਪਟਨਮ ਕਾਊਂਟੀ ਜੇਲ ਵਿਚ ਡੱਕ ਦਿਤਾ ਗਿਆ। ਦੋਹਾਂ ਵਿਰੁੱਧ ਮੁਢਲੇ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲੱਗੇ ਪਰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਡਿਟੇਨਰ ਲਾ ਦਿਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੂੰ ਅਦਾਲਤੀ ਕਾਰਵਾਈ ਤੋਂ ਪਹਿਲਾਂ ਹੀ ਡਿਪੋਰਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਮਾਮਲੇ ਵਿਚ ਗ੍ਰਿਫ਼ਤਾਰ ਸ਼ੱਕੀਆਂ ਨੂੰ ਉਦੋਂ ਤੱਕ ਬੇਕਸੂਰ ਮੰਨਿਆ ਜਾਂਦਾ ਹੈ ਜਦੋਂ ਤੱਕ ਅਦਾਲਤ ਵਿਚ ਦੋਸ਼ ਸਾਬਤ ਨਾ ਹੋ ਜਾਣ। ਉਧਰ ਇੰਡਿਆਨਾ ਦੇ ਗਵਰਨਰ ਮਾਈਕ ਬਰੌਨ ਨੇ ਸਟੇਟ ਪੁਲਿਸ ਦੇ ਅਫ਼ਸਰਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੂਬੇ ਵਿਚ ਨਸ਼ਾ ਤਸਕਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇੰਡਿਆਨਾ ਸਟੇਟ ਪੁਲਿਸ ਦੀ ਕਾਰਵਾਈ ਦਰਸਾਉਂਦੀ ਹੈ ਕਿ ਅਪਰਾਧੀਆਂ ਦੇ ਮਨਸੂਬੇ ਕਦੇ ਪੂਰੇ ਨਹੀਂ ਹੋ ਸਕਦੇ ਅਤੇ ਖ਼ਤਰਨਾਕ ਨਸ਼ਿਆਂ ਨੂੰ ਕਿਸੇ ਵੀ ਸੂਰਤ ਵਿਚ ਵਿਕਣ ਨਹੀਂ ਦਿਤਾ ਜਾ ਸਕਦਾ।

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਮਿਜ਼ੂਰੀ ਸੂਬੇ ਦੇ ਜੌਪਲਿਨ ਸ਼ਹਿਰ ਤੋਂ ਟਰੱਕ ਲੈ ਕੇ ਰਵਾਨਾ ਹੋਏ ਅਤੇ ਰਿਚਮੰਡ ਸ਼ਹਿਰ ਵੱਲ ਜਾ ਰਹੇ ਸਨ। ਪੁਲਿਸ ਵੱਲੋਂ ਕੋਕੀਨ ਦੇ ਸਰੋਤ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੰਡਿਆਨਾ ਸਟੇਟ ਪੁਲਿਸ ਦੇ ਸੁਪਰਡੈਂਟ ਐਂਥਨੀ ਸਕੌਟ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ’ਤੇ ਹਰ ਵੇਲੇ ਪੈਟਰੋਲੰਗ ਜਾਰੀ ਰਹਿੰਦੀ ਹੈ ਅਤੇ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਇਹਨਾਂ ਦੋਹਾਂ ਪੰਜਾਬੀ ਟਰੱਕ ਡਰਾਈਵਰਾਂ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਅਮਰੀਕਾ ਵਿਚ ਕੱਚੇ ਪੰਜਾਬੀਆਂ ਨੂੰ ਟਰੱਕ ਡਰਾਈਵਿਗ ਦੇ ਕਿਤੇ ਤੋਂ ਦੂਰ ਕਰ ਦਿਤਾ ਗਿਆ ਹੈ ਅਤੇ ਕਿਸੇ ਵੇਲੇ ਅਮਰੀਕਾ ਤੋਂ ਕੈਨੇਡਾ ਤੱਕ ਗੇੜੇ ਲਾਉਣ ਵਾਲੇ ਡਰਾਈਵਰ ਹੁਣ ਸਿਰਫ਼ ਕੈਲੇਫੋਰਨੀਆ ਵਰਗੇ ਰਾਜਾਂ ਵਿਚ ਟਰੱਕ ਚਲਾਉਣ ਲਈ ਮਜਬੂਰ ਹੋ ਚੁੱਕੇ ਹਨ।

Related posts

ਅੱਜ ਬਿਕਰਮ ਸਿੰਘ ਮਜੀਠੀਆ ਕੇਸ ਨਾਲ ਸਬੰਧਤ ਅਦਾਲਤੀ ਸੁਣਵਾਈ ਦਾ ਇੰਤਜ਼ਾਰ !

admin

ਹੁਣ ਮਨਪ੍ਰੀਤ ਸਿੰਘ ਇਆਲੀ ‘ਅਕਾਲੀਦਲ ਵਾਰਿਸ ਪੰਜਾਬ’ ਦੇ ਹੋ ਗਏ !

admin

ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ’ਚ ਭਰਵਾਂ ਸਵਾਗਤ

admin