ਆਸਟ੍ਰੇਲੀਅਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ (AFCM) ਨੇ ਆਪਣੇ 2026 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰਸਿੱਧ ਸੰਗੀਤ ਮੇਲਾ 24 ਜੁਲਾਈ ਤੋਂ 1 ਅਗਸਤ 2026 ਤੱਕ ਕੈਨਜ਼–ਗਿਮੁਈ ਵਿੱਚ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ ਦਾ ਫੈਸਟੀਵਲ ਕੈਨਜ਼ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਫੈਸਟੀਵਲ ਦੇ ਕਲਾਤਮਕ ਨਿਰਦੇਸ਼ਕ ਅਤੇ ਮਸ਼ਹੂਰ ਬ੍ਰਿਟਿਸ਼ ਵਾਇਲਿਨ ਵਾਦਕ ਜੈਕ ਲੀਬੈਕ ਨੇ ਕਿਹਾ ਹੈ ਕਿ, “2026 ਦਾ ਫੈਸਟੀਵਲ ਇੱਕ ਨਵੀਂ ਸ਼ੁਰੂਆਤ ਹੈ, ਜਿਸ ਵਿੱਚ ਦੁਨੀਆ ਭਰ ਦੇ ਮਸ਼ਹੂਰ ਸੰਗੀਤਕਾਰ ਅਤੇ ਆਸਟ੍ਰੇਲੀਆ ਦੇ ਸ਼੍ਰੇਸ਼ਠ ਕਲਾਕਾਰ ਇਕੱਠੇ ਹੋਣਗੇ। ਟਿਕਟਾਂ 2 ਫਰਵਰੀ ਤੋਂ AFCM ਫ੍ਰੈਂਡਜ਼ ਲਈ ਅਤੇ 2 ਮਾਰਚ ਤੋਂ ਆਮ ਲੋਕਾਂ ਲਈ ਉਪਲਬਧ ਹੋਣਗੀਆਂ।
ਇਸ ਸਾਲ ਦੇ ਫੈਸਟੀਵਲ ਵਿੱਚ ਬਰਲਿਨ ਫਿਲਹਾਰਮੋਨਿਕ ਦੇ ਸਟੇਫਨ ਡੋਰ, ਆਸਟ੍ਰੇਲੀਆ ਦੇ ਪ੍ਰਸਿੱਧ ਪਿਆਨਿਸਟ ਪੀਅਰਜ਼ ਲੇਨ, ਫਰਾਂਸ ਦੇ ਸੈਲੋ ਵਾਦਕ ਕ੍ਰਿਸਚਨ-ਪੀਅਰ ਲਾ ਮਾਰਕਾ ਅਤੇ ਆਇਰਿਸ਼ ਗਾਇਕ ਰੌਬਿਨ ਟ੍ਰਿਟਸ਼ਲਰ ਵਰਗੇ ਅੰਤਰਰਾਸ਼ਟਰੀ ਕਲਾਕਾਰ ਸ਼ਾਮਲ ਹੋਣਗੇ। ਇਸ ਦੇ ਨਾਲ ਆਸਟ੍ਰੇਲੀਆ ਦੇ ਨੌਜਵਾਨ ਅਤੇ ਉਭਰਦੇ ਕਲਾਕਾਰ ਵੀ ਆਪਣੀ ਕਲਾ ਪੇਸ਼ ਕਰਨਗੇ।
ਫੈਸਟੀਵਲ ਦੌਰਾਨ ਖਾਸ ਤੌਰ ‘ਤੇ ਇੱਕ ਨਵਾਂ ਸੰਗੀਤਕ ਕੰਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਆਸਟ੍ਰੇਲੀਅਨ ਕੰਪੋਜ਼ਰ ਲੀ ਬ੍ਰੈਡਸ਼ਾ ਨੇ ਚੈਕ ਕੰਪੋਜ਼ਰ ਗਿਡੀਅਨ ਕਲਾਈਨ ਦੀ ਅਧੂਰੀ ਰਚਨਾ ਨੂੰ ਪੂਰਾ ਕੀਤਾ ਹੈ। ਇਹ ਰਚਨਾ ਯਾਦ ਅਤੇ ਸੰਵੇਦਨਾ ਨਾਲ ਭਰਪੂਰ ਮੰਨੀ ਜਾ ਰਹੀ ਹੈ।
ਆਰਟ ਮੰਤਰੀ ਜੌਨ-ਪਾਲ ਲੈਂਗਬਰੋਕ, ਕਵੀਂਸਲੈਂਡ ਦੇ ਸੈਰ-ਸਪਾਟਾ ਅਤੇ ਵਾਤਾਵਰਣ ਮੰਤਰੀ ਐਂਡਰਿਊ ਪਾਵੇਲ ਅਤੇ ਕੈਨਜ਼ ਦੀ ਮੇਅਰ ਐਮੀ ਈਡਨ ਨੇ ਕਿਹਾ ਹੈ ਕਿ, “AFCM ਰਾਜ ਦਾ ਇੱਕ ਮਹੱਤਵਪੂਰਨ ਸੱਭਿਆਚਾਰਕ ਸਮਾਗਮ ਹੈ, ਜੋ ਸੂਬੇ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤ ਕਰਦਾ ਹੈ। ਅਨੁਮਾਨ ਹੈ ਕਿ ਇਹ ਫੈਸਟੀਵਲ ਲਗਭਗ 3 ਮਿਲੀਅਨ ਡਾਲਰ ਦਾ ਆਰਥਿਕ ਲਾਭ ਪਹੁੰਚਾਵੇਗਾ। ਇਹ ਫੈਸਟੀਵਲ ਕੈਰਨਜ਼ ਨੂੰ ਇੱਕ ਵੱਡੇ ਸੱਭਿਆਚਾਰਕ ਕੇਂਦਰ ਵਜੋਂ ਮਜ਼ਬੂਤ ਕਰੇਗਾ ਅਤੇ ਸਥਾਨਕ ਕਲਾਕਾਰਾਂ ਅਤੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ। ਆਸਟ੍ਰੇਲੀਆਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ 2026 ਵਿੱਚ ਕਲਾਸੀਕਲ ਸੰਗੀਤ, ਨਵੀਂ ਰਚਨਾਵਾਂ, ਖਾਸ ਸਮਾਗਮਾਂ ਅਤੇ ਕੁਦਰਤ ਨਾਲ ਜੁੜੇ ਅਨੁਭਵਾਂ ਦਾ ਅਨੋਖਾ ਮਿਲਾਪ ਦੇਖਣ ਨੂੰ ਮਿਲੇਗਾ, ਜੋ ਦਰਸ਼ਕਾਂ ਲਈ ਯਾਦਗਾਰ ਬਣੇਗਾ।”
