
ਬਾਲਣ ਜਾਣੀ ਕਿ ਤੇਲ ਜਾਂ ਗੈਸ, ਜਦੋਂ ਕੋਈ ਗੱਡੀ ਜਾਂ ਮਸ਼ੀਨ, ਕਾਰ ਜਾਂ ਜਨਰੇਟਰ ਸਿਰਫ਼ ਇੱਕ ਹੀ ਕਿਸਮ ਦੀ ਚੀਜ਼ ਨਾਲ ਚੱਲਦੀ ਹੈ, ਜਿਵੇਂ ਸਿਰਫ਼ ਪੈਟਰੋਲ ਜਾਂ ਸਿਰਫ਼ ਡੀਜ਼ਲ ਤਾਂ ਉਸਨੂੰ ਬਾਲਣ ਕਹਿੰਦੇ ਹਨ। ਖਾੜੀ ਵਿਚਲੇ ਹਾਲਾਤਾਂ ਦੇ ਕਾਰਨ ਆਸਟ੍ਰੇਲੀਆ 1970 ਤੋਂ ਬਾਅਦ ਪਹਿਲੀ ਵਾਰ ਗੰਭੀਰ ਤੇਲ ਸੰਕਟ ਦਾ ਸ੍ਹਾਮਣਾ ਕਰ ਰਿਹਾ ਹੈ। ਬੇਸ਼ੱਕ, ਆਸਟ੍ਰੇਲੀਆ ਸਮੇਤ ਭਾਰਤ, ਚੀਨ ਅਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਤੇਲ ਵਾਲੇ ਜਹਾਜ਼ਾਂ ਲਈ ਸੁਰੱਖਿਅਤ ਰਸਤਾ ਬਣਾਉਣ ਵਾਸਤੇ ਇਰਾਨ ਨਾਲ ਸਿੱਧੀ ਗੱਲਬਾਤ ਦੇ ਯਤਨ ਕਰ ਰਹੀਆਂ ਹਨ, ਪਰ ਦੁਨੀਆਂ ਦੇ ਕਈ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਹੱਲ ਹੋਣ ਦੀ ਥਾਂ ਹੋਰ ਗੰਭੀਰ ਹੋ ਸਕਦਾ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕੱਲ੍ਹ ਸੋਮਵਾਰ, 30 ਮਾਰਚ 2026 ਨੂੰ ਨੈਸ਼ਨਲ ਕੈਬਨਿਟ ਦੀ ਇੱਕ ਐਮਰਜੈਂਸੀ ਮੀਟਿੰਗ ਕਰਨ ਜਾ ਰਹੇ ਹਨ, ਜਿੱਥੇ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਵਿਸ਼ਵਵਿਆਪੀ ਤੇਲ ਦੇ ਪ੍ਰਵਾਹ ਵਿੱਚ ਵਿਘਨ ਜਾਰੀ ਰਹਿਣ ‘ਤੇ ਗੰਭੀਰ ਕਮੀ ਨੂੰ ਰੋਕਣ ਲਈ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਇਸ ਮੀਟਿੰਗ ਦੇ ਵਿੱਚ ਬਾਲਣ ਦੀ ਖਪਤ ਨੂੰ ਘਟਾਉਣ ਲਈ ਸਵੈ-ਇੱਛਤ ਉਪਾਅ ਜਿਵੇਂ ਕਿ ਘਰ ਤੋਂ ਕੰਮ ਕਰਨਾ, ਸਪਲਾਈ ਸੀਮਾਵਾਂ ਲਗਾਉਣਾ ਅਤੇ ਲੋੜ ਪੈਣ ‘ਤੇ ਬਾਲਣ ਰਾਸ਼ਨਿੰਗ ਲਈ ਇੱਕ ਰਾਸ਼ਟਰੀ ਪਹੁੰਚ ਸ਼ਾਮਲ ਹੈ, ਇਸ ਮੀਟਿੰਗ ਦੇ ਏਜੰਡੇ ਵਿੱਚ ਹੋਣਗੇ। ਫੈਡਰਲ ਸਰਕਾਰ ਦੀ ਨਵੀਂ ਬਣੀ ਫਿਊਲ ਸਪਲਾਈ ਟਾਸਕਫੋਰਸ ਦੀ ਕੋਆਰਡੀਨੇਟਰ, ਐਂਥੀਆ ਹੈਰਿਸ ਦੇ ਵਲੋਂ ਇਸ ਸਬੰਧੀ ਮੀਟਿੰਗ ਦੇ ਵਿੱਚ ਸ਼ੁਰੂਆਤੀ ਉਪਾਆਂ ਸਬੰਧੀ ਇੱਕ ਰੂਪ-ਰੇਖਾ ਪੇਸ਼ ਕੀਤੀ ਜਾਵੇਗੀ।
ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਪੈਟਰੋਲ ਪੰਪ ਇਸ ਸਮੇਂ ਤੇਲ ਜਾਂ ਗੈਸ ਤੋਂ ਬਿਨਾਂ ਦੱਸੇ ਜਾ ਰਹੇ ਹਨ। ਆਸਟ੍ਰੇਲੀਆ ਵਿੱਚ ਸੈਂਕੜੇ ਸਰਵਿਸ ਸਟੇਸ਼ਨਾਂ ‘ਤੇ ਬਿਨਾਂ ਲੀਡ ਵਾਲੇ ਪੈਟਰੋਲ ਅਤੇ ਡੀਜ਼ਲ ਦੀ ਘਾਟ ਆ ਰਹੀ ਹੈ, ਖਾਸ ਕਰਕੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਜਨਤਕ ਪੈਸੇ ਦੀ ਵਰਤੋਂ ਕਰਕੇ ਵਧੇਰੇ ਬਾਲਣ ਮੁਹੱਈਆ ਕਰਵਾਏਗੀ ਤਾਂ ਜੋ ਸਪਲਾਈ ਵਧ ਸਕੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਦੱਸਿਆ ਹੈ ਕਿ, “ਸਰਕਾਰ ਅੰਤਰਰਾਸ਼ਟਰੀ ਬਾਜ਼ਾਰ ਤੋਂ ਹੋਰ ਬਾਲਣ ਖਰੀਦਣ ਲਈ ਕਦਮ ਚੁੱਕੇਗੀ ਅਤੇ ਖਰੀਦ ਦੇ ਵਿੱਤੀ ਜੋਖਮ ਨੂੰ ਆਪਣੇ ਸਿਰ ਲਵੇਗੀ। ਇਸ ਯੋਜਨਾ ਦੇ ਤਹਿਤ ਵੱਡੀਆਂ ਤੇਲ ਕੰਪਨੀਆਂ ਬਾਲਣ ਖਰੀਦਦੀਆਂ ਰਹਿਣਗੀਆਂ, ਪਰ ਸਰਕਾਰ ਉਹਨਾਂ ਦੀ ਖਰੀਦ ਦੇ ਵਿੱਤੀ ਜੋਖਮ ਨੂੰ ਆਪਣੇ ਸਿਰ ਲਵੇਗੀ। ਇਸ ਨਾਲ ਸਪਲਾਇਰਾਂ ਨੂੰ ਹੋਰ ਬਾਲਣ ਲਿਆਉਣ ਦਾ ਵਿਸ਼ਵਾਸ ਮਿਲੇਗਾ ਅਤੇ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਸਰਕਾਰ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਵਾਧੂ ਬਾਲਣ ਸਪਲਾਈ ਸੁਰੱਖਿਅਤ ਕਰਨ ਲਈ ਨਵੇਂ ਅਧਿਕਾਰ ਮਿਲ ਸਕਣ।”
ਆਸਟ੍ਰੇਲੀਆ ਦੇ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਦੱਸਿਆ ਹੈ ਕਿ, “ਆਸਟ੍ਰੇਲੀਆ ਕੋਲ ਹਾਲੇ ਵੀ ਲਗਭਗ 39 ਦਿਨਾਂ ਦਾ ਬਾਲਣ ਅਤੇ 30 ਦਿਨਾਂ ਦਾ ਡੀਜ਼ਲ ਸਟਾਕ ਵਿੱਚ ਮੌਜੂਦ ਹੈ, ਭਾਵੇਂ ਕੁੱਝ ਖੇਤਰਾਂ ਵਿੱਚ ਇਸ ਦੀ ਘਾਟ ਹੈ। ਪਿਛਲੇ ਦਿਨਾਂ ਦੇ ਵਿੱਚ ਤੇਲ ਦੇ 6 ਜਹਾਜ਼ ਕੈਂਸਲ ਕੀਤੇ ਗਏ ਹਨ ਕੁੱਝ ਆਰਡਰ ਅੱਪਡੇਟ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਅਪ੍ਰੈਲ ਦੇ ਵਿੱਚ ਤੇਲ ਦੀ ਸਪਲਾਈ ਪੁੱਜ ਜਾਣ ਦੀ ਉਮੀਦ ਹੈ।”
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਤਿੰਨ ਮਹੀਨਿਆਂ ਲਈ ਬਾਲਣ ਟੈਕਸ ਅੱਧਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੇ ਅਨੁਸਾਰ ਇਸ ਨਾਲ ਲੋਕਾਂ ਨੂੰ ਲਗਭਗ 26 ਸੈਂਟ ਪ੍ਰਤੀ ਲੀਟਰ ਦੀ ਬਚਤ ਹੋ ਸਕਦੀ ਹੈ।
ਆਸਟ੍ਰੇਲੀਅਨ ਸਰਵਿਸਿਜ਼ ਯੂਨੀਅਨ ਨੇ ਕਿਹਾ ਕਿ ਲੋਕ ਮਹਿੰਗੇ ਤੇਲ ਦੀਆਂ ਦੀਆਂ ਕੀਮਤਾਂ ਦੀ ਮਾਰ ਨਹੀਂ ਝੱਲ ਸਕਦੇ, ਖਾਸ ਕਰਕੇ ਵਪਾਰੀ, ਟਰੱਕ ਚਲਾਉਣ ਵਾਲੇ ਅਤੇ ਕਿਸਾਨ। ਬਾਲਣ ਸੰਕਟ ਦੇ ਕਾਰਨ ਨਿਰਮਾਣ ਖੇਤਰ ਵੀ ਪ੍ਰਭਾਵਿਤ ਹੋ ਰਿਹਾ ਹੈ। ਮਾਸਟਰ ਬਿਲਡਰਜ਼ ਐਸੋਸੀਏਸ਼ਨ ਨੇ ਕੀਮਤਾਂ ਦੀ ਨਿਗਰਾਨੀ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇ ਜੰਗ ਜਲਦੀ ਖਤਮ ਨਾ ਹੋਈ ਤਾਂ ਘਰ ਬਣਾਉਣ ਦੀ ਲਾਗਤ ਹੋਰ ਵਧ ਸਕਦੀ ਹੈ ਅਤੇ ਨਵੇਂ ਘਰ ਬਣਾਉਣਾ ਮੁਸ਼ਕਲ ਹੋ ਜਾਵੇਗਾ।
ਈਰਾਨ ‘ਤੇ ਅਮਰੀਕਾ-ਇਜ਼ਰਾਈਲ ਹਮਲਿਆਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਬਾਲਣ ਦੀਆਂ ਕੀਮਤਾਂ ਲਗਭਗ 40 ਫੀਸਦੀ ਵਧ ਗਈਆਂ ਹਨ। ਇਸ ਕਾਰਨ ਸਟ੍ਰੇਟ ਹੋਰਮੁਜ਼ ਰਸਤਾ ਲਗਭਗ ਬੰਦ ਵਰਗਾ ਹੋ ਗਿਆ ਹੈ ਅਤੇ ਦੁਨੀਆ ਦੇ ਕਰੀਬ 20 ਫੀਸਦੀ ਤੇਲ ਵਪਾਰ ‘ਤੇ ਇਸ ਦਾ ਅਸਰ ਪਿਆ ਹੈ। ਪੈਟਰੋਲ ਦੀ ਔਸਤ ਕੀਮਤ ਹੁਣ ਪਹਿਲਾਂ ਨਾਲੋਂ ਕਾਫੀ ਵੱਧ ਹੈ ਅਤੇ ਇਤਿਹਾਸਕ ਪੱਧਰ ‘ਤੇ ਪਹੁੰਚ ਗਈ ਹੈ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਦੇ ਅਨੁਸਾਰ, ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਲਗਭਗ ਹਰ ਵੱਡੇ ਸ਼ਹਿਰ ਵਿੱਚ 3 ਡਾਲਰ ਪ੍ਰਤੀ ਲੀਟਰ ਤੋਂ ਵੱਧ ਹੋ ਗਈਆਂ ਹਨ। ਇਸ ਦੇ ਨਾਲ ਹੀ 28 ਫਰਵਰੀ ਤੋਂ ਬਾਅਦ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਭਗ ਰਿਕਾਰਡ ਵਾਧਾ ਹੋਇਆ ਹੈ।
ਸਰਕਾਰ ਵਲੋਂ ਲੋਕਾਂ ਨੂੰ ਬਾਲਣ ਦੀ ਘਾਟ ਨਾਲ ਨਿਪਟਣ ਦੇ ਲਈ ਸਲਾਹ ਦਿੱਤੀ ਹੈ ਕਿ:
- ਬਾਲਣ ਉਨ੍ਹਾ ਹੀ ਖਰੀਦੋ ਜਿੰਨਾ ਤੁਸੀਂ ਆਮ ਤੌਰ ‘ਤੇ ਲੈਂਦੇ ਹੋ, ਵੱਧ ਨਾ ਖਰੀਦੋ।
- ਘਬਰਾਹਟ ਵਿੱਚ ਬਾਲਣ ਨਾ ਖਰੀਦੋ, ਇਸ ਨਾਲ ਘਾਟ ਹੋਰ ਵੱਧ ਸਕਦੀ ਹੈ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿੱਚ।
- ਘਰ ਵਿੱਚ ਬਾਲਣ ਸਟੋਰ ਨਾ ਕਰੋ, ਇਹ ਅੱਗ ਲੱਗਣ ਦਾ ਖਤਰਾ ਬਣ ਸਕਦਾ ਹੈ।
- ਸਰਵਿਸ ਸਟੇਸ਼ਨ ਦੇ ਕਰਮਚਾਰੀਆਂ ਨਾਲ ਸਤਿਕਾਰ ਨਾਲ ਗੱਲ ਕਰੋ, ਉਹ ਇਸ ਸਮੇਂ ਬਹੁਤ ਕੰਮ ਕਰ ਰਹੇ ਹਨ।
