ਭਾਰਤ ਦੀ ਮਹਿਲਾ ਪਹਿਲਵਾਨ ਮਨੀਸ਼ਾ ਭਾਨਵਾਲਾ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕਾਮਯਾਬੀ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ।
ਮਨੀਸ਼ਾ ਲਈ ਇਹ ਸਫ਼ਰ ਬਿਲਕੁਲ ਆਸਾਨ ਨਹੀਂ ਸੀ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕੀ ਸੀ, ਪਰ ਹਰ ਵਾਰ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਏਸ਼ੀਆਈ ਖੇਡਾਂ ਵਿੱਚ ਵੀ ਉਸ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਸੀ। ਜਪਾਨ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਉਸ ਦੀ ਕਾਬਲੀਅਤ ‘ਤੇ ਸਵਾਲ ਚੁੱਕਣ ਲੱਗ ਪਏ ਸਨ।
ਮਨੀਸ਼ਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਇਸ ਆਲੋਚਨਾ ਕਾਰਨ ਕਾਫ਼ੀ ਨਿਰਾਸ਼ ਸੀ, ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਫੈਸਲਾ ਕੀਤਾ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਸਭ ਨੂੰ ਜਵਾਬ ਦੇਵੇਗੀ। ਮਨੀਸ਼ਾ ਮੁਤਾਬਕ, ਉਹ 2023 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਠਵੇਂ, 2024 ਵਿੱਚ ਪੰਜਵੇਂ ਅਤੇ 2025 ਵਿੱਚ ਅੱਠਵੇਂ ਸਥਾਨ ‘ਤੇ ਰਹੀ ਸੀ। ਹਰ ਹਾਰ ਤੋਂ ਬਾਅਦ ਉਸ ਨੇ ਆਪਣੀ ਖੇਡ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਸ ਦੇ ਮਨ ਵਿੱਚ ਸਿਰਫ਼ ਇੱਕ ਹੀ ਟੀਚਾ ਸੀ ਕਿ ਵਿਸ਼ਵ ਚੈਂਪੀਅਨ ਬਣਨਾ ਹੈ। ਉਸ ਨੇ ਆਪਣੇ ਪਿਤਾ ਸੁਰੇਸ਼ ਨੂੰ ਯਾਦ ਕੀਤਾ ਅਤੇ ਆਪਣੀ ਡਾਇਰੀ ਵੀ ਪੜ੍ਹੀ। ਡਾਇਰੀ ਵਿੱਚ ਉਸ ਨੇ ਪਹਿਲਾਂ ਹੀ ਆਪਣੇ ਆਪ ਨੂੰ ਵਿਸ਼ਵ ਚੈਂਪੀਅਨ ਲਿਖਿਆ ਹੋਇਆ ਸੀ।
ਮਨੀਸ਼ਾ ਨੇ ਦੱਸਿਆ ਕਿ ਉਹ ਤਿੰਨ ਖਿਡਾਰੀਆਂ ਤੋਂ ਬਹੁਤ ਪ੍ਰੇਰਿਤ ਹੈ। ਇਨ੍ਹਾਂ ਵਿੱਚ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ, ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਟੈਨਿਸ ਖਿਡਾਰਨ ਆਰੀਨਾ ਸਬਲੇਂਕਾ ਸ਼ਾਮਲ ਹਨ। ਬਚਪਨ ਤੋਂ ਹੀ ਸੁਸ਼ੀਲ ਕੁਮਾਰ ਨੂੰ ਦੇਖ ਕੇ ਉਸ ਦੇ ਮਨ ਵਿੱਚ ਵੀ ਇੱਕ ਮਹਾਨ ਪਹਿਲਵਾਨ ਬਣਨ ਦਾ ਸੁਪਨਾ ਪੈਦਾ ਹੋਇਆ ਸੀ। ਉਹ ਸਬਲੇਂਕਾ ਦੀ ਹਿੰਮਤ ਅਤੇ ਹਾਰ ਤੋਂ ਬਾਅਦ ਵਾਪਸੀ ਕਰਨ ਦੇ ਜਜ਼ਬੇ ਤੋਂ ਵੀ ਬਹੁਤ ਪ੍ਰਭਾਵਿਤ ਹੈ। ਮਨੀਸ਼ਾ ਮੁਤਾਬਕ, ਸਬਲੇਂਕਾ ਉਸ ਨੂੰ ਸਿਖਾਉਂਦੀ ਹੈ ਕਿ ਹਾਰ ਤੋਂ ਬਾਅਦ ਵੀ ਮਜ਼ਬੂਤੀ ਨਾਲ ਵਾਪਸੀ ਕਿਵੇਂ ਕਰਨੀ ਹੈ।
ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਵੀ ਮਨੀਸ਼ਾ ਦੀ ਮਿਹਨਤ ਰੁਕਣ ਵਾਲੀ ਨਹੀਂ ਹੈ। ਹੁਣ ਉਸ ਦਾ ਅਗਲਾ ਵੱਡਾ ਟੀਚਾ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਤਗਮਾ ਜਿੱਤਣਾ ਹੈ। ਮਨੀਸ਼ਾ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਲਗਾਤਾਰ ਮਿਲਣ ਵਾਲੀਆਂ ਹਾਰਾਂ ਵੀ ਉਸ ਇਨਸਾਨ ਨੂੰ ਨਹੀਂ ਰੋਕ ਸਕਦੀਆਂ, ਜਿਸ ਦੇ ਇਰਾਦੇ ਮਜ਼ਬੂਤ ਹੋਣ।
