BollywoodArticlesIndia

ਕੰਗਨਾ ਰਣੌਤ ਤੇ ਰਾਹੁਲ ਗਾਂਧੀ ਦੇ ਵਿਆਹ ਦੀ ਸੋਸ਼ਲ ਮੀਡੀਆ ‘ਤੇ ਚਰਚਾ ?

ਕੰਗਨਾ ਰਣੌਤ, BJP ਸੰਸਦ ਮੈਂਬਰ ਅਤੇ ਬਾਲੀਵੁੱਡ ਦੀ ਅਦਾਕਾਰਾ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਬਾਲੀਵੁੱਡ ਦੀ ਹੀਰੋਇਨ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਵਿਆਹ ਦੀਆਂ ਖ਼ਬਰਾਂ ਵਿੱਚ ਬਣੀ ਹੋਈ ਹੈ ਅਤੇ ਉਹ ਵੀ ਰਾਹੁਲ ਗਾਂਧੀ ਦੇ ਨਾਲ। ਬਾਲੀਵੁੱਡ ਦੀ ਹੀ ਇੱਕ ਹੋਰ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਰਾਘਵ ਚੱਢਾ ਦੁਆਰਾ ਆਮ ਆਦਮੀ ਪਾਰਟੀ ਨੂੰ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਇਹਨਾਂ ਚਰਚਾਵਾਂ ਦੇ ਵਿਚਕਾਰ ਇੱਕ ਮੀਮ ਪੇਜ ਰਾਹੀਂ ਕੰਗਨਾ ਰਣੌਤ ਦੇ ਰਾਹੁਲ ਗਾਂਧੀ ਨਾਲ ਵਿਆਹ ਵਾਰੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਰਅਸਲ, ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਰਾਹੁਲ ਗਾਂਧੀ ਨਾਲ ਵਿਆਹ ਕਰਨ ਜਾ ਰਹੀ ਹੈ। ਉਸਨੇ ਹਾਲ ਹੀ ਵਿੱਚ ਚਿਰਾਗ ਪਾਸਵਾਨ ਨਾਲ ਅਫੇਅਰ ਦੀਆਂ ਅਫਵਾਹਾਂ ‘ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਕੰਗਨਾ ਰਣੌਤ ਨੇ ਇਹਨਾਂ ਦਾਅਵਿਆਂ ‘ਤੇ ਹੈਰਾਨੀ ਪ੍ਰਗਟ ਕਰਦਿਆਂ ਆਪਣੀ ਚੁੱਪ ਵੀ ਤੋੜੀ ਹੈ। ਅਦਾਕਾਰਾ ਨੇ ਇਸਨੂੰ ਇੱਕ ਸ਼ਰਮਨਾਕ ਕੰਮ ਅਤੇ ਮਨਘੜਤ ਝੂਠੀ ਖ਼ਬਰ ਕਿਹਾ। ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਸਪੱਸ਼ਟ ਅੰਦਾਜ਼ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਟ੍ਰੋਲਾਂ ਨੂੰ ਢੁਕਵਾਂ ਜਵਾਬ ਦਿੰਦੀ ਹੈ। ਕੰਗਨਾ ਰਣੌਤ ਆਪਣੇ ਵੱਖੋ-ਵੱਖਰੇ ਵਿਚਾਰਾਂ ਕਾਰਣ ਅਕਸਰ ਸੋਸ਼ਲ ਮੀਡੀਆ ‘ਤੇ ਵਿਵਾਦਾਂ ਵਿੱਚ ਵੀ ਘਿਰੀ ਰਹਿੰਦੀ ਹੈ। ਡਿਜੀਟਲ ਪਲੇਟਫਾਰਮਾਂ ‘ਤੇ ਕਥਿਤ ਤੌਰ ‘ਤੇ ਵਿਵਾਦਪੂਰਨ ਪੋਸਟਾਂ ਪਾਉਣ ਦੇ ਕਰਕੇ ਕੰਗਨਾ ਦਾ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਉਸਨੇ ਇੱਕ ਵਾਰ ਫਿਰ ਅਜਿਹਾ ਹੀ ਕੀਤਾ ਜਦੋਂ ਇੱਕ ਮੀਮ ਪੇਜ ਨੇ ਉਸਦੇ ਨਾਮ ‘ਤੇ ਇੱਕ ਫਰਜ਼ੀ ਬਿਆਨ ਫੈਲਾਇਆ ਗਿਆ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਰਾਹੁਲ ਗਾਂਧੀ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ, ਤਾਂ ਕੰਗਨਾ ਉਸ ਨਾਲ ਵਿਆਹ ਕਰਨ ਲਈ ਸਹਿਮਤ ਹੋ ਜਾਵੇਗੀ। ਇਹ ਦੇਖਣ ਤੋਂ ਬਾਅਦ ਅਦਾਕਾਰਾ ਮੀਮ ਪੇਜ ‘ਤੇ ਗੁੱਸੇ ਵਿੱਚ ਆ ਗਈ। ਕੰਗਨਾ ਨੇ ਨਾ ਸਿਰਫ ਪੋਸਟ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਬਲਕਿ ਟ੍ਰੋਲਰਸ ‘ਤੇ ਵੀ ਨਿਸ਼ਾਨਾ ਸਾਧਿਆ।

ਦਰਅਸਲ “ਨੌਟੀ ਵਰਲਡ” ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਨੇ ਕੰਗਨਾ ਰਣੌਤ ਅਤੇ ਰਾਹੁਲ ਗਾਂਧੀ ਬਾਰੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿੱਚ ਕੀਤੇ ਗਏ ਦਾਅਵੇ ਦੇ ਅਨੁਸਾਰ, ਕੰਗਨਾ ਨੇ ਕਿਹਾ ਕਿ, “ਜੇਕਰ ਰਾਹੁਲ ਗਾਂਧੀ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਉਸ ਨਾਲ ਵਿਆਹ ਕਰਨ ਲਈ ਤਿਆਰ ਹੋਵੇਗੀ।”

ਜਦੋਂ ਕੰਗਨਾ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਸਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਪੁਸ਼ਟੀ ਕੀਤੀ ਗਈ ਕਿ ਇਹ ਖ਼ਬਰ ਸਿਰਫ਼ ਇੱਕ ਅਫਵਾਹ ਹੈ ਅਤੇ ਇਸਨੂੰ ਝੂਠਾ ਫੈਲਾਇਆ ਜਾ ਰਿਹਾ ਹੈ। ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਖ਼ਬਰਾਂ ਨੂੰ ਝੂਠਾ ਦੱਸਦੇ ਹੋਏ ਲਿਖਿਆ, “ਇਹ ਝੂਠੀ ਖ਼ਬਰ ਬਹੁਤ ਸ਼ਰਮਨਾਕ ਹੈ। ਰਾਜਨੀਤੀ ਵਿੱਚ ਵੀ ਔਰਤਾਂ ਦਾ ਕੋਈ ਸਤਿਕਾਰ ਨਹੀਂ ਹੈ। ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।”

ਇਸ ਪੋਸਟ ‘ਤੇ ਬਹੁਤ ਸਾਰੇ ਯੂਜ਼ਰਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰਸ ਨੇ ਲਿਖਿਆ ਕਿ ਇਹ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇੱਕ ਹੋਰ ਨੇ ਲਿਖਿਆ ਕਿ ਕੰਗਨਾ ਨੇ ਸਪੱਸ਼ਟੀਕਰਨ ਜਾਰੀ ਕਰਕੇ ਚੰਗਾ ਕੰਮ ਕੀਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਫਰਜ਼ੀ ਖ਼ਬਰ ਹੈ। ਹਾਲਾਂਕਿ, ਕੰਗਨਾ ਨੇ ਖੁਦ ਇਸ ਖ਼ਬਰ ਦਾ ਖੰਡਨ ਕੀਤਾ ਹੈ। ਰਾਹੁਲ ਗਾਂਧੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਜਨਮ 23 ਮਾਰਚ 1987 ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਕਸਬੇ ਭੰਬਲਾ ਵਿੱਚ ਹੋਇਆ ਸੀ। ਇੱਕ ਰਾਜਪੂਤ ਪਰਿਵਾਰ ਵਿੱਚ ਪੈਦਾ ਹੋਈ। ਕੰਗਨਾ ਦੇ ਪਿਤਾ, ਅਮਰਦੀਪ ਰਣੌਤ, ਇੱਕ ਕਾਰੋਬਾਰੀ ਹਨ ਅਤੇ ਉਸਦੀ ਮਾਂ ਆਸ਼ਾ ਰਣੌਤ ਇੱਕ ਸਕੂਲ ਅਧਿਆਪਕਾ ਹੈ। ਕੰਗਨਾ ਤਿੰਨ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ‘ਤੇ ਹੈ ਤੇ ਉਸਦੀ ਇੱਕ ਵੱਡੀ ਭੈਣ ਰੰਗੋਲੀ ਰਣੌਤ ਅਤੇ ਇੱਕ ਛੋਟਾ ਭਰਾ ਅਕਸ਼ਿਤ ਰਣੌਤ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਡੀਏਵੀ ਸਕੂਲ ਦੇਹਰਾਦੂਨ ਤੋਂ ਪ੍ਰਾਪਤ ਕੀਤੀ ਅਤੇ ਸਾਇੰਸ ਕਾਲਜ ਸ਼ਿਮਲਾ ਤੋਂ ਗ੍ਰੈਜੂਏਸ਼ਨ ਕੀਤੀ। ਕੰਗਨਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਹ 16 ਸਾਲ ਦੀ ਉਮਰ ਵਿੱਚ ਇਕੱਲੀ ਦਿੱਲੀ ਚਲੀ ਗਈ ਅਤੇ ਇੱਕ ਮਾਡਲ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।

ਕੰਗਨਾ ਨੇ 2006 ਵਿੱਚ ਪਹਿਲੀ ਥ੍ਰਿਲਰ ਫਿਲਮ”ਗੈਂਗਸਟਰ” ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ ਅਤੇ ਇਸ ਫਿਲਮ ਲਈ ਉਸਨੂੰ ਸਰਵੋਤਮ ਮਹਿਲਾ ਡੈਬਿਊ ਲਈ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ 2008 ਵਿੱਚ ਬਣੀ ਫਿਲਮ “ਫੈਸ਼ਨ” ਦੇ ਲਈ ਸਰਵੋਤਮ ਸਹਾਇਕ ਅਦਾਕਾਰਾ ਦੇ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਦੀ 2011 ਦੀ ਫਿਲਮ “ਤਨੂੰ ਵੈਡਸ ਮੰਨੂ” ਸਭ ਤੋਂ ਵੱਧ ਵਪਾਰਕ ਤੌਰ ‘ਤੇ ਸਫਲ ਮਹਿਲਾ-ਨਿਰਦੇਸ਼ਿਤ ਹਿੰਦੀ ਫਿਲਮਾਂ ਵਿੱਚੋਂ ਇੱਕ ਹੈ। ਉਸਨੂੰ ਚਾਰ ਰਾਸ਼ਟਰੀ ਪੁਰਸਕਾਰ ਅਤੇ ਚਾਰ ਫਿਲਮਫੇਅਰ ਪੁਰਸਕਾਰ ਮਿਲੇ ਹਨ। ਕੰਗਨਾ ਰਣੌਤ ਨੂੰ 2020 ਵਿੱਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਛੇ ਵਾਰ ਫੋਰਬਸ ਇੰਡੀਆ ਦੀ ਚੋਟੀ ਦੀਆਂ 100 ਸੇਲਿਬ੍ਰਿਟੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਕੰਗਨਾ ਰਣੌਤ ਨੂੰ ਆਖਰੀ ਵਾਰ ਫਿਲਮ ਐਮਰਜੈਂਸੀ ਵਿੱਚ ਦੇਖਿਆ ਗਿਆ ਸੀ। ਫਿਲਮ ਵਿੱਚ ਅਦਾਕਾਰਾ ਦੇ ਪ੍ਰਦਰਸ਼ਨ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫਿਲਮ “ਐਮਰਜੈਂਸੀ” ਦਾ ਨਿਰਦੇਸ਼ਨ ਅਤੇ ਨਿਰਮਾਣ ਖੁਦ ਕੰਗਨਾ ਦੁਆਰਾ ਕੀਤਾ ਗਿਆ ਸੀ। ਉਸਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਕੰਗਨਾ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਧਾਕੜ ਅਤੇ ਤਹਿਸ ਵਰਗੀਆਂ ਪਿਛਲੀਆਂ ਫਿਲਮਾਂ ਵੀ ਬਾਕਸ ਆਫਿਸ ‘ਤੇ ਫਲਾਪ ਹੋ ਗਈਆਂ। ਇਨ੍ਹਾਂ ਫਲਾਪ ਹੋਈਆਂ ਫਿਲਮਾਂ ਤੋਂ ਬਾਅਦ ਕੰਗਨਾ ਨੇ ਰਾਜਨੀਤੀ ਵਿੱਚ ਜਾਣ ਦੀ ਸੋਚੀ ਅਤੇ ਮਾਰਚ 2024 ਵਿੱਚ ਕੰਗਨਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ। ਭਾਜਪਾ ਨੇ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦ ਕੀਤਾ ਸੀ ਅਤੇ ਉਸਨੇ ਚੋਣ ਜਿੱਤ ਲਈ। ਉਹ ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਤੋਂ ਸੰਸਦ ਮੈਂਬਰ ਹੈ।

ਕੰਗਨਾ ਰਣੌਤ ਇੱਕ ਫਿਲਮੀ ਅਦਾਕਾਰਾ ਦੇ ਨਾਲ-ਨਾਲ ਇੱਕ ਫਿਲਮ ਨਿਰਮਾਤਾ ਵੀ ਹੈ। ਆਪਣੇ ਫਿਲਮੀ ਕਰੀਅਰ ਦੌਰਾਨ ਉਸਨੇ ਕਈ ਵਿਵਾਦਾਂ ਦਾ ਸਾਹਮਣਾ ਕੀਤਾ ਹੈ ਅਤੇ ਆਲੋਚਨਾਤਮਕ ਭੂਮਿਕਾਵਾਂ ਵੀ ਨਿਭਾਈਆਂ ਹਨ। ਉਹ ਇੱਕ ਉੱਘੀ ਅਦਾਕਾਰਾ ਹੈ ਜਿਸਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਕਵੀਨ 2013 ਵਿੱਚ ਰਿਲੀਜ਼ ਹੋਈ ਸੀ ਅਤੇ ਉਸਨੇ ਫਿਲਮ “ਕਵੀਨ” ਵਿੱਚ ਰਾਣੀ ਦੇ ਰੂਪ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਕੰਗਨਾ ਦੀ “ਕਵੀਨ” ਨੂੰ ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ ਅਤੇ ਫਿਲਮ ਵਿੱਚ ਕੰਗਨਾ ਨੂੰ ਇਕੱਲੇ ਹਨੀਮੂਨ ‘ਤੇ ਜਾਂਦੇ ਦਿਖਾਇਆ ਗਿਆ ਸੀ।

ਕੰਗਨਾ ਕੋਲ ਹੁਣ ਤਿੰਨ ਫਿਲਮਾਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕੰਗਨਾ ਰਣੌਤ ਆਪਣੀ ਅਗਲੀ ਫਿਲਮ “ਕਵੀਨ 2” ਵੀ ਬਣਾ ਰਹੀ ਹੈ ਅਤੇ ਉਹ ਅਗਲੀ ਵਾਰ ਕਵੀਨ 2 ਵਿੱਚ ਵੱਡੇ ਪਰਦੇ ‘ਤੇ ਦਿਖਾਈ ਦੇਵੇਗੀ। ਉਹ “ਸਰਕਲ” ਅਤੇ “ਭਾਰਤ ਭਾਗਿਆ ਵਿਧਾਤਾ” ਵਿੱਚ ਵੀ ਨਜ਼ਰ ਆਵੇਗੀ। “ਸਰਕਲ” ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। “ਭਾਰਤ ਭਾਗਿਆ ਵਿਧਾਤਾ” ਪੋਸਟ-ਪ੍ਰੋਡਕਸ਼ਨ ਵਿੱਚ ਹੈ ਅਤੇ ਕਵੀਨ 2 ਪ੍ਰੀ-ਪ੍ਰੋਡਕਸ਼ਨ ਵਿੱਚ ਹੈ।

Related posts

Julia Morris Opens Up About Shingles to Spotlight Australia’s ‘Hidden Health Baggage’

admin

2 ਨਵੰਬਰ ਜਨਮ ਦਿਨ ‘ਤੇ ਵਿਸ਼ੇਸ਼: ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ

admin

ਸਾਬਕਾ PM ਅਟਲ ਬਿਹਾਰੀ ਵਾਜਪਾਈ ਦੀ ਚੌਥੀ ਬਰਸੀ ਮੌਕੇ PM ਮੋਦੀ, ਰਾਸ਼ਟਰਪਤੀ ਮੁਰਮੂ ਤੇ ਉਪ ਰਾਸ਼ਟਰਪਤੀ ਧਨਖੜ ਨੇ ਸ਼ਰਧਾਂਜਲੀ ਦਿੱਤੀ

Bunty