ਵਿਕਟੋਰੀਆ ਦੇ ਵਿੱਚ ਸੂਬੇ ਦੇ ਹਸਪਤਾਲਾਂ ਵਿੱਚ ਨਰਸਾਂ ਅਤੇ ਮਿਡਵਾਈਫ਼ਾਂ ਲਈ ਪੇਸ਼ੈਂਟ ਰੇਸ਼ੋ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਵਧੀਆ ਅਤੇ ਸੁਰੱਖਿਅਤ ਇਲਾਜ ਮਿਲ ਸਕੇ। ਸਰਕਾਰ ਇਸ ਕਾਰਜਕਾਲ ਦੌਰਾਨ ਨਵਾਂ ਕਾਨੂੰਨ ਲਿਆਏਗੀ, ਜਿਸ ਨਾਲ ਸਿਹਤ ਪ੍ਰਣਾਲੀ ਵਿੱਚ 253 ਨਵੀਆਂ ਫੁੱਲ-ਟਾਈਮ ਨਰਸਿੰਗ ਨੌਕਰੀਆਂ ਸ਼ਾਮਲ ਹੋਣਗੀਆਂ। ਇਸ ਯੋਜਨਾ ਲਈ 109.7 ਮਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ।
ਨਵੇਂ ਕਾਨੂੰਨ ਤਹਿਤ 26 ਹਸਪਤਾਲਾਂ, ਜਿਨ੍ਹਾਂ ਵਿੱਚ ਪੇਂਡੂ ਅਤੇ ਖੇਤਰੀ ਵਿਕਟੋਰੀਆ ਦੇ 17 ਹਸਪਤਾਲ ਵੀ ਸ਼ਾਮਲ ਹਨ, ਨੂੰ ਉੱਚ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਉੱਥੇ ਹੋਰ ਨਰਸਿੰਗ ਸਟਾਫ਼ ਮਿਲੇਗਾ। ਇਸ ਬੁੱਧਵਾਰ 1 ਜੁਲਾਈ ਤੋਂ ਪਿਛਲੇ ਸਾਲ ਮਨਜ਼ੂਰ ਕੀਤੇ ਗਏ ਨਵੇਂ ਨਰਸ-ਟੂ-ਪੇਸ਼ੈਂਟ ਰੇਸ਼ੋ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ।
ਇਨ੍ਹਾਂ ਨਵੇਂ ਨਿਯਮਾਂ ਦੇ ਵਿੱਚ ਸਾਂਮਿਲ ਹਨ:
- ਆਈਸੀਯੂ ਵਿੱਚ ਲੈਵਲ 1 ਅਤੇ 2 ਹਸਪਤਾਲਾਂ ਲਈ ਹਰ ਸ਼ਿਫਟ ਵਿੱਚ 1 ਨਰਸ : 1 ਮਰੀਜ਼ ਦਾ ਰੇਸ਼ੋ।
- ਐਮਰਜੈਂਸੀ ਵਿਭਾਗ ਵਿੱਚ ਸਵੇਰ ਦੀ ਸ਼ਿਫਟ ਦੌਰਾਨ ਵਧੇਰੇ ਨਰਸਾਂ ਦੀ ਤਾਇਨਾਤੀ।
- ਮੈਟਰਨਿਟੀ ਵਾਰਡ ਵਿੱਚ ਰਾਤ ਦੀ ਸ਼ਿਫਟ ਦੌਰਾਨ 1 ਮਿਡਵਾਈਫ਼ : 4 ਮਰੀਜ਼ ਦਾ ਨਵਾਂ ਰੇਸ਼ੋ।
- ਹਾਈ ਡਿਪੈਂਡੈਂਸੀ ਅਤੇ ਕੋਰੋਨਰੀ ਕੇਅਰ ਯੂਨਿਟਾਂ ਵਿੱਚ ਰਾਤ ਭਰ ਇੰਚਾਰਜ ਨਰਸ ਦੀ ਡਿਊਟੀ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਮਰੀਜ਼ਾਂ ਨੂੰ ਬਿਹਤਰ ਦੇਖਭਾਲ ਮਿਲੇਗੀ, ਨਰਸਾਂ ਅਤੇ ਮਿਡਵਾਈਫ਼ਾਂ ‘ਤੇ ਕੰਮ ਦਾ ਦਬਾਅ ਘਟੇਗਾ ਅਤੇ ਉਨ੍ਹਾਂ ਲਈ ਕੰਮ ਕਰਨ ਦਾ ਮਾਹੌਲ ਹੋਰ ਸੁਰੱਖਿਅਤ ਬਣੇਗਾ।
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ, “ਮਜ਼ਬੂਤ ਰੇਸ਼ੋ ਦਾ ਮਤਲਬ ਹੈ ਕਿ ਮਰੀਜ਼ਾਂ ਦੀ ਦੇਖਭਾਲ ਲਈ ਹੋਰ ਸਟਾਫ਼ ਉਪਲਬਧ ਹੋਵੇਗਾ। ਸਰਕਾਰ ਹਮੇਸ਼ਾ ਨਰਸਾਂ ਅਤੇ ਮਿਡਵਾਈਫ਼ਾਂ ਦਾ ਸਾਥ ਦਿੰਦੀ ਰਹੇਗੀ।
ਵਿਕਟੋਰੀਆ ਦੀ ਸਿਹਤ ਮੰਤਰੀ ਹੈਰਿਏਟ ਸ਼ਿੰਗ ਨੇ ਕਿਹਾ ਹੈ ਕਿ, “ਇਹ ਬਦਲਾਅ ਨਰਸਾਂ ਅਤੇ ਮਿਡਵਾਈਫ਼ਾਂ ਨੂੰ ਉਹ ਸਹਾਇਤਾ ਦੇਣਗੇ ਜਿਸ ਨਾਲ ਉਹ ਵਿਕਟੋਰੀਆ ਦੇ ਲੋਕਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦੇ ਸਕਣ।”
