
ਇੱਕ ਨਵੇਂ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਆਸਟ੍ਰੇਲੀਆ ਨੇ ਜਾਨਵਰਾਂ ਅਤੇ ਪੌਦਿਆਂ ਦੀਆਂ ਤੇਜ਼ੀ ਨਾਲ ਖ਼ਤਮ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣਾ ਹੈ ਤਾਂ ਦੇਸ਼ ਨੂੰ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਦੇ ਇਸਤੇਮਾਲ ਵਿੱਚ ਵੱਡੇ ਬਦਲਾਅ ਕਰਨੇ ਪੈਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਕੁੱਝ ਖੇਤੀ ਵਾਲੇ ਇਲਾਕਿਆਂ ਨੂੰ ਮੁੜ ਕੁਦਰਤੀ ਜੰਗਲਾਂ ਅਤੇ ਬਨਸਪਤੀ ਵਿੱਚ ਬਦਲਣਾ ਲਾਜ਼ਮੀ ਹੋ ਸਕਦਾ ਹੈ।
ਇਹ ਅਧਿਐਨ ਐਡੀਲੇਡ ਯੂਨੀਵਰਸਿਟੀ ਦੇ ਵਾਤਾਵਰਣ ਵਿਗਿਆਨ ਦੇ ਗ੍ਰੈਜੂਏਟ ਪੀਟਰ ਮਾਰਟਿਨ ਦੁਆਰਰਾ ਕੀਤੀ ਗਈ ਖੋਜ ਦੇ ਵਿੱਚ ਆਇਆ ਹੈ। ਉਹਨਾਂ ਖੋਜ ਕੀਤੀ ਕਿ ਸਾਊਥ ਆਸਟ੍ਰੇਲੀਆ 30 ਫ਼ੀਸਦੀ ਜ਼ਮੀਨ ਨੂੰ ਮੁੜ ਕੁਦਰਤ ਲਈ ਕਿਵੇਂ ਵਾਪਸ ਕਰ ਸਕਦਾ ਹੈ। ਇਹ ਟੀਚਾ 2022 ਵਿੱਚ ਦੁਨੀਆਂ ਦੇ ਕਈ ਦੇਸ਼ਾਂ, ਜਿਨ੍ਹਾਂ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਹੈ, ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਘੱਟੋ-ਘੱਟ 30 ਫ਼ੀਸਦੀ ਜ਼ਮੀਨ ਨੂੰ ਕੁਦਰਤੀ ਹਾਲਤ ਵਿੱਚ ਵਾਪਸ ਨਾ ਲਿਆਂਦਾ ਗਿਆ ਤਾਂ ਵਾਤਾਵਰਣ ਨੂੰ ਅਜਿਹਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਭਰਪਾਈ ਕਰਨਾ ਮੁਸ਼ਕਲ ਹੋਵੇਗਾ। ਇਹ ਚੇਤਾਵਨੀ ਉਸ ਵੇਲੇ ਆਈ ਹੈ ਜਦੋਂ ਦੁਨੀਆ ਭਰ ਵਿੱਚ ਇਹ ਚਿੰਤਾ ਵਧ ਰਹੀ ਹੈ ਕਿ ਮਨੁੱਖੀ ਗਤੀਵਿਧੀਆਂ ਦੇ ਕਾਰਣ ਧਰਤੀ ਉਪਰ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਹੀਆਂ ਹਨ।
ਗ੍ਰਾਂਥਮ ਰਿਸਰਚ ਇੰਸਟੀਚਿਊਟ ਆਨ ਕਲਾਈਮੇਟ ਚੇਂਜ ਐਂਡ ਦ ਐਨਵਾਇਰਨਮੈਂਟ ਦੇ ਅਨੁਸਾਰ ਇਹ ਦਰ ਕੁਦਰਤੀ ਰਫ਼ਤਾਰ ਨਾਲੋਂ 10 ਤੋਂ 1000 ਗੁਣਾ ਵੱਧ ਹੈ ਅਤੇ ਕਰੀਬ 12 ਲੱਖ ਜਾਨਵਰਾਂ ਅਤੇ ਦਰੱਖਤਾਂ ਦੀਆਂ ਪ੍ਰਜਾਤੀਆਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਵਾਤਾਵਰਣ ਵਿਗਿਆਨ ਦੇ ਮਾਸਟਰਜ਼ ਗ੍ਰੈਜੂਏਟ ਪੀਟਰ ਮਾਰਟਿਨ ਦਾ ਕਹਿਣਾ ਹੈ ਕਿ ਜੈਵਿਕ ਵਿਭਿੰਨਤਾ (ਬਾਇਓਡਾਇਵਰਸਿਟੀ) ਨੂੰ ਬਚਾਉਣ ਅਤੇ ਕੁਦਰਤੀ ਸੰਤੁਲਨ ਕਾਇਮ ਰੱਖਣ ਲਈ ਘੱਟੋ-ਘੱਟ 30 ਫ਼ੀਸਦੀ ਜ਼ਮੀਨ ਨੂੰ ਮੁੜ ਕੁਦਰਤੀ ਹਾਲਤ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ।
30 ਫ਼ੀਸਦੀ ਜ਼ਮੀਨ ਕੁਦਰਤ ਨੂੰ ਵਾਪਸ ਦੇਣ ਦੇ ਇਸ ਟੀਚੇ ਨੂੰ 2022 ਵਿੱਚ ਮਾਂਟਰੀਅਲ ਵਿੱਚ ਹੋਏ ਅੰਤਰਰਾਸ਼ਟਰੀ ਸਮਝੌਤੇ ਦੌਰਾਨ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਸਵੀਕਾਰ ਕੀਤਾ ਸੀ। ਪਰ ਪੀਟਰ ਮਾਰਟਿਨ ਦਾ ਕਹਿਣਾ ਹੈ ਕਿ ਇਸ ਟੀਚੇ ਨੂੰ ਹਕੀਕਤ ਵਿੱਚ ਪੂਰਾ ਕਰਨਾ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਖੇਤੀ ਲਈ ਵੱਡੇ ਪੱਧਰ ‘ਤੇ ਜ਼ਮੀਨ ਪੱਧਰੀ ਕੀਤੀ ਗਈ ਹੈ, ਕਾਫ਼ੀ ਔਖਾ ਹੋਵੇਗਾ।
ਮਾਰਟਿਨ ਦੇ 2025 ਵਿੱਚ ਪੂਰੇ ਹੋਏ ਅਧਿਐਨ ਵਿੱਚ ਸਾਊਥ ਆਸਟ੍ਰੇਲੀਆ ਦੇ ਚਾਰ ਸਥਾਨਕ ਸਰਕਾਰੀ ਖੇਤਰਾਂ ਕੂਰੋਂਗ, ਯਾਰਕ ਪੈਨਿਨਸੁਲਾ, ਗ੍ਰਾਂਟ ਅਤੇ ਕੌਪਰ ਕੋਸਟ ਦਾ ਅਧਿਐਨ ਕੀਤਾ ਗਿਆ। ਖੋਜ ਵਿੱਚ ਪਤਾ ਲੱਗਿਆ ਕਿ ਇਹ ਸਾਰੇ ਖੇਤਰ 30 ਫ਼ੀਸਦੀ ਦੇ ਟੀਚੇ ਤੋਂ ਕਾਫ਼ੀ ਪਿੱਛੇ ਹਨ। ਕੁੱਝ ਇਲਾਕਿਆਂ ਵਿੱਚ ਦੇਸੀ ਦਰੱਖਤ ਅਤੇ ਬਨਸਪਤੀ ਆਪਣੇ ਅਸਲ ਖੇਤਰ ਦੇ ਬਹੁਤ ਹੀ ਛੋਟੇ ਹਿੱਸੇ ਤੱਕ ਸੀਮਤ ਰਹਿ ਗਏ ਹਨ। ਮਿਸਾਲ ਵਜੋਂ ਕੌਪਰ ਕੋਸਟ ਵਿੱਚ ਸਿਰਫ਼ 3.6 ਫ਼ੀਸਦੀ ਦੇਸੀ ਬਨਸਪਤੀ ਹੀ ਬਚੀ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਵੱਡੇ ਖੇਤਰਾਂ ਨੂੰ ਮੁੜ ਕੁਦਰਤੀ ਰੂਪ ਵਿੱਚ ਲਿਆਉਣਾ ਪਵੇਗਾ। ਇਸ ਵਿੱਚ ਸਿਰਫ਼ ਸੜਕਾਂ ਜਾਂ ਖੇਤਾਂ ਦੇ ਕਿਨਾਰੇ ਵਾਲੀ ਜ਼ਮੀਨ ਹੀ ਨਹੀਂ, ਸਗੋਂ ਕੁੱਝ ਥਾਵਾਂ ‘ਤੇ ਉਪਜਾਊ ਖੇਤੀਬਾੜੀ ਵਾਲੀ ਜ਼ਮੀਨ ਵੀ ਸ਼ਾਮਲ ਹੋ ਸਕਦੀ ਹੈ। ਲੰਬੇ ਸਮੇਂ ਵਿੱਚ ਕੁੱਝ ਜਾਇਦਾਦਾਂ ਨੂੰ ਖੇਤੀ ਤੋਂ ਹਟਾ ਕੇ ਮੁੜ ਦੇਸੀ ਜੰਗਲਾਂ ਅਤੇ ਕੁਦਰਤੀ ਵਾਤਾਵਰਣ ਵਿੱਚ ਬਦਲਣਾ ਪਵੇਗਾ ਅਤੇ ਇਹ ਕੋਈ ਛੋਟਾ-ਮੋਟਾ ਬਦਲਾਅ ਨਹੀਂ ਹੈ।
ਪੀਟਰ ਮਾਰਟਿਨ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਲਾਕਿਆਂ ਨੂੰ ਸਿਰਫ਼ “ਕਣਕ ਅਤੇ ਭੇਡਾਂ ਵਾਲੇ ਖੇਤਰ” ਦੀ ਥਾਂ “ਕਣਕ, ਭੇਡਾਂ ਅਤੇ ਕੁਦਰਤੀ ਵਾਤਾਵਰਣ ਵਾਲੇ ਖੇਤਰ” ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਕੁੱਝ ਥਾਵਾਂ ‘ਤੇ ਖੇਤੀ ਦੀ ਪੈਦਾਵਾਰ ਘੱਟ ਹੋ ਸਕਦੀ ਹੈ, ਪਰ ਵਧੇਰੇ ਕੁਦਰਤੀ ਮਾਹੌਲ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਫ਼ਾਇਦੇਮੰਦ ਹੋਵੇਗਾ। ਅਧਿਐਨ ਵਿੱਚ ਪੁਰਾਣੇ ਬਨਸਪਤੀ ਨਕਸ਼ਿਆਂ ਦੀ ਮੱਦਦ ਨਾਲ ਇਹ ਵੀ ਦਿਖਾਇਆ ਗਿਆ ਕਿ ਜੇ 30 ਫ਼ੀਸਦੀ ਜ਼ਮੀਨ ਮੁੜ ਕੁਦਰਤ ਨੂੰ ਦਿੱਤੀ ਜਾਵੇ ਤਾਂ ਉਹ ਇਲਾਕੇ ਕਿਵੇਂ ਦਿਖਾਈ ਦਿੰਦੇ ਹਨ। ਮਿਸਾਲ ਵਜੋਂ ਕੌਪਰ ਕੋਸਟ ਲਈ ਤਿਆਰ ਕੀਤੇ ਇੱਕ ਮਾਡਲ ਵਿੱਚ ਦਿਖਾਇਆ ਗਿਆ ਹੈ ਕਿ ਇਲਾਕੇ ਦੇ 30 ਫੀਸਦੀ ਹਿੱਸੇ ਵਿੱਚ ਦਰੱਖਤ, ਜੰਗਲ ਅਤੇ ਝਾੜੀਆਂ ਮੁੜ ਵਿਕਸਤ ਹੋ ਸਕਦੀਆਂ ਹਨ।
ਪੀਟਰ ਮਾਰਟਿਨ ਦੇ ਅਨੁਸਾਰ ਇਸ ਇੰਨੇ ਵੱਡੇ ਅਤੇ ਲੰਬੇ ਸਮੇਂ ਵਾਲੇ ਬਦਲਾਅ ਨੂੰ ਲੋਕਾਂ ਵੱਲੋਂ ਸਵੀਕਾਰ ਕਰਨਾ ਆਸਾਨ ਨਹੀਂ ਹੋਵੇਗਾ। ਜਿਹੜੇ ਇਲਾਕਿਆਂ ਵਿੱਚ ਕਈ ਪੀੜ੍ਹੀਆਂ ਤੋਂ ਖੇਤੀ ਕੀਤੀ ਜਾ ਰਹੀ ਹੈ, ਉੱਥੇ ਵੱਡੇ ਪੱਧਰ ‘ਤੇ ਕੁਦਰਤੀ ਵਾਤਾਵਰਣ ਨੂੰ ਮੁੜ ਬਹਾਲ ਕਰਨਾ ਮੁਸ਼ਕਲ ਹੈ, ਖ਼ਾਸ ਕਰਕੇ ਜੇ ਇਸ ਨਾਲ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੁੰਦੀ ਹੋਵੇ। ਅਜਿਹੇ ਬਦਲਾਅ ਨੂੰ ਪੂਰਾ ਹੋਣ ਵਿੱਚ ਕਈ ਦਹਾਕੇ, ਇੱਥੋਂ ਤੱਕ ਕਿ ਇੱਕ ਸਦੀ ਵੀ ਲੱਗ ਸਕਦੀ ਹੈ। ਜਲਵਾਯੂ ਤਬਦੀਲੀ ਇਸ ਚੁਣੌਤੀ ਨੂੰ ਹੋਰ ਵੱਡਾ ਬਣਾ ਰਹੀ ਹੈ। ਤਾਪਮਾਨ ਵਧਣ ਅਤੇ ਮੀਂਹ ਦੇ ਪੈਟਰਨ ਬਦਲਣ ਕਾਰਨ ਕਈ ਮੌਜੂਦਾ ਖੇਤੀਬਾੜੀ ਵਾਲੇ ਇਲਾਕੇ ਭਵਿੱਖ ਵਿੱਚ ਫ਼ਸਲਾਂ ਲਈ ਢੁੱਕਵੇਂ ਨਹੀਂ ਰਹਿ ਸਕਦੇ। ਮਿਸਾਲ ਵਜੋਂ ਸਾਊਥ ਆਸਟ੍ਰੇਲੀਆ ਦੇ ਮਿਡ ਨਾਰਥ ਖੇਤਰ ਵਿੱਚ ਭਰੋਸੇਯੋਗ ਖੇਤੀ ਦੀ ਇਤਿਹਾਸਕ ਹੱਦ, ਜਿਸ ਨੂੰ ਗੋਇਡਰ ਲਾਈਨ ਕਿਹਾ ਜਾਂਦਾ ਹੈ, ਪਹਿਲਾਂ ਹੀ ਦੱਖਣ ਵੱਲ ਖਿਸਕ ਰਹੀ ਹੈ। ਇਸ ਸਦੀ ਦੇ ਅਖੀਰ ਤੱਕ ਕਡੀਨਾ ਜੋ ਅੱਜ ਅਨਾਜ ਉਗਾਉਣ ਦਾ ਇੱਕ ਮਹੱਤਵਪੂਰਨ ਖੇਤਰ ਹੈ, ਉੱਥੇ ਮੌਸਮ ਫਲਿੰਡਰਜ਼ ਰੇਂਜ ਦੇ ਹਾਕਰ ਇਲਾਕੇ ਵਾਂਗ ਕਾਫ਼ੀ ਜ਼ਿਆਦਾ ਸੁੱਕਾ ਹੋ ਸਕਦਾ ਹੈ। ਇਸ ਤਬਦੀਲੀ ਕਾਰਨ ਕੁੱਝ ਮੌਜੂਦਾ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ ਖੇਤੀ ਕਰਨਾ ਲੰਬੇ ਸਮੇਂ ਲਈ ਸੰਭਵ ਨਹੀਂ ਰਹੇਗਾ। ਅਜਿਹੀ ਸਥਿਤੀ ਵਿੱਚ ਜ਼ਮੀਨ ਦੀ ਵਰਤੋਂ ਬਦਲਣ ਦੀ ਲੋੜ ਪੈ ਸਕਦੀ ਹੈ। ਇਸ ਵਿੱਚ ਨਵੇਂ ਮੌਸਮ ਦੇ ਅਨੁਕੂਲ ਫ਼ਸਲਾਂ ਉਗਾਉਣਾ ਜਾਂ ਕੁਝ ਥਾਵਾਂ ‘ਤੇ ਖੇਤੀ ਦੀ ਥਾਂ ਈਕੋ-ਟੂਰਿਜ਼ਮ ਵਰਗੇ ਨਵੇਂ ਵਿਕਲਪ ਅਪਣਾਉਣਾ ਸ਼ਾਮਲ ਹੋ ਸਕਦਾ ਹੈ, ਜਿੱਥੇ ਕੁਦਰਤੀ ਵਾਤਾਵਰਣ ਨੂੰ ਮੁੜ ਬਹਾਲ ਕੀਤਾ ਗਿਆ ਹੋਵੇ।
ਮਾਰਟਿਨ ਦੀ ਖੋਜ ਇਹ ਦਰਸਾਉਂਦੀ ਹੈ ਕਿ, “ਆਸਟ੍ਰੇਲੀਆ ਅੱਜ ਵੀ ਆਪਣੀ ਜ਼ਮੀਨ ਦਾ ਪ੍ਰਬੰਧਨ ਵੱਡੇ ਪੱਧਰ ‘ਤੇ 19ਵੀਂ ਸਦੀ ਦੇ ਪੁਰਾਣੇ ਤਰੀਕਿਆਂ ਨਾਲ ਕਰ ਰਿਹਾ ਹੈ, ਜਦਕਿ ਵਿਗਿਆਨਕ ਖੋਜਾਂ ਸਾਲਾਂ ਤੋਂ ਦੱਸ ਰਹੀਆਂ ਹਨ ਕਿ ਇਹ ਤਰੀਕਾ ਵਾਤਾਵਰਣ ਲਈ ਟਿਕਾਊ ਨਹੀਂ ਹੈ। ਅਸੀਂ ਅੱਜ ਵੀ 1840 ਦੇ ਦਹਾਕੇ ਵਾਲੇ ਜ਼ਮੀਨ ਪ੍ਰਬੰਧਨ ਦੇ ਤਰੀਕੇ ਅਪਣਾ ਰਹੇ ਹਾਂ, ਜਦਕਿ ਵਿਗਿਆਨ ਸਾਫ਼ ਦੱਸ ਚੁੱਕਾ ਹੈ ਕਿ ਇਸ ਕਾਰਨ ਕਈ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਅਤੇ ਸਰਕਾਰੀ ਵੈੱਬਸਾਈਟਾਂ ‘ਤੇ ਕੁਦਰਤ ਦੀ ਸੰਭਾਲ ਬਾਰੇ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਅਸਲ ਸਵਾਲ ਇਹ ਹੈ ਕਿ ਕੀ ਸਾਡੇ ਕੋਲ ਜ਼ਮੀਨ ਦੀ ਵਰਤੋਂ ਵਿੱਚ ਉਹ ਵੱਡੇ ਬਦਲਾਅ ਕਰਨ ਦੀ ਸਮਝ ਅਤੇ ਹਿੰਮਤ ਹੈ, ਜਿਨ੍ਹਾਂ ਦੀ ਵਿਗਿਆਨ ਮੁਤਾਬਕ ਹੁਣ ਤੁਰੰਤ ਲੋੜ ਹੈ।”
