
ਵੈਸਟਰਨ ਆਸਟ੍ਰੇਲੀਆ ਦੀ ਸੀਕ੍ਰੇਟ ਹਾਰਬਰ ਉਪ-ਚੋਣ ਵਿੱਚ ਵਨ ਨੇਸ਼ਨ ਦੇ ਲੂਕ ਹਰਡੇਗਨ ਦੀ ਜਿੱਤ ਦੇ ਦਾਅਵੇ ਨੇ ਰਾਜ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਲੰਬੇ ਸਮੇਂ ਤੋਂ ਲੇਬਰ ਦੇ ਗੜ੍ਹ ਰਹੇ ਇਸ ਹਲਕੇ ਵਿੱਚ ਵਨ ਨੇਸ਼ਨ ਦੀ ਕਾਮਯਾਬੀ ਨੂੰ ਵੱਡੀਆਂ ਰਵਾਇਤੀ ਪਾਰਟੀਆਂ ਲਈ ਵੱਡੇ ਝਟਕੇ ਅਤੇ ਵਨ ਨੇਸ਼ਨ ਲਈ ਵਧਦੇ ਸਮਰਥਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਹ ਰਾਜ ਦੇ ਹੇਠਲੇ ਸਦਨ ਵਿੱਚ ਪਾਰਟੀ ਦੀ ਪਹਿਲੀ ਸੀਟ ਹੈ। ਵਨ ਨੇਸ਼ਨ ਨੇ ਸੀਕ੍ਰੇਟ ਹਾਰਬਰ ਉਪ-ਚੋਣ ਜਿੱਤ ਕੇ ਰਾਜ ਦੀ ਰਾਜਨੀਤੀ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਵਨ ਨੇਸ਼ਨ ਦੇ ਉਮੀਦਵਾਰ ਲੂਕ ਹਰਡੇਗਨ ਨੇ ਤਰਜੀਹੀ ਵੋਟਾਂ ਦੀ ਗਿਣਤੀ ਤੋਂ ਬਾਅਦ ਲੇਬਰ ਦੀ ਉਮੀਦਵਾਰ ਜਾਰਜੀਆ ਟ੍ਰੀ ਨੂੰ 57-42 ਦੇ ਫਰਕ ਨਾਲ ਪਿੱਛੇ ਚੱਲ ਰਹੀ ਹੈ। ਲੇਬਰ ਦੀ ਉਮੀਦਵਾਰ ਜਾਰਜੀਆ ਟ੍ਰੀ ਸੀ, ਜੋ ਪਹਿਲਾਂ ਰਾਜਨੀਤਿਕ ਸਟਾਫਰ ਰਹਿ ਚੁੱਕੀ ਹੈ ਅਤੇ ਬਾਅਦ ਵਿੱਚ ਵੁੱਡਸਾਈਡ ਲਈ ਲਾਬਿਸਟ ਵਜੋਂ ਕੰਮ ਕਰਦੀ ਰਹੀ ਹੈ।
ਸੀਕ੍ਰੇਟ ਹਾਰਬਰ ਲੰਬੇ ਸਮੇਂ ਤੋਂ ਲੇਬਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਇਹ ਖੇਤਰ 1989 ਤੋਂ ਵੱਖ-ਵੱਖ ਨਾਵਾਂ ਅਤੇ ਹੱਦਾਂ ਹੇਠ ਲੇਬਰ ਕੋਲ ਰਿਹਾ ਹੈ। ਪਿਛਲੀ ਵਾਰ ਇਹ ਸੀਟ ਪਾਲ ਪਪਾਲੀਆ ਨੇ ਲਗਭਗ 11.5 ਫੀਸਦੀ ਦੇ ਫਰਕ ਨਾਲ ਜਿੱਤੀ ਸੀ। ਇਹ ਉਪ-ਚੋਣ ਸੀਨੀਅਰ ਲੇਬਰ ਮੰਤਰੀ ਪਾਲ ਪਪਾਲੀਆ ਦੇ ਮੱਧਕਾਲੀ ਅਸਤੀਫ਼ੇ ਤੋਂ ਬਾਅਦ ਕਰਵਾਈ ਗਈ। ਉਹ 2007 ਤੋਂ ਇਸ ਸੀਟ ਅਤੇ ਇਸ ਦੇ ਪੁਰਾਣੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਆ ਰਹੇ ਸਨ।
ਜਿੱਤ ਤੋਂ ਬਾਅਦ ਲੂਕ ਹਰਡੇਗਨ ਨੇ ਕਿਹਾ ਕਿ ਨਤੀਜੇ ਨੇ ਪੂਰੇ ਆਸਟ੍ਰੇਲੀਆ ਦੀ ਰਾਜਨੀਤੀ ਲਈ ਇੱਕ ਵੱਡਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਵੈਸਟਰਨ ਆਸਟ੍ਰੇਲੀਆ ਜਾਂ ਦੇਸ਼ ਵਿੱਚ ਕੋਈ ਵੀ ਲੇਬਰ ਸੀਟ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨੀ ਜਾ ਸਕਦੀ। ਸੀਕ੍ਰੇਟ ਹਾਰਬਰ ਵਿੱਚ ਪੁਰਾਣੇ ਵੈਸਟਰਨ ਆਸਟ੍ਰੇਲੀਅਨ ਵਸਨੀਕਾਂ ਦੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਕੰਮਕਾਜੀ ਪਰਿਵਾਰ ਵੀ ਰਹਿੰਦੇ ਹਨ। ਸਮੁੰਦਰੀ ਕਿਨਾਰੇ ਨਵੇਂ ਰਿਹਾਇਸ਼ੀ ਵਿਕਾਸ ਹੋਣ ਕਾਰਨ ਇਲਾਕੇ ਵਿੱਚ ਘਰਾਂ ਅਤੇ ਬੁਨਿਆਦੀ ਸਹੂਲਤਾਂ ’ਤੇ ਦਬਾਅ ਵੀ ਵਧਿਆ ਹੈ। ਵਨ ਨੇਸ਼ਨ ਦੇ ਲੂਕ ਹਰਡੇਗਨ ਨੇ ਆਪਣੀ ਮੁਹਿੰਮ ਦੌਰਾਨ ਕਈ ਸਥਾਨਕ ਮੁੱਦੇ ਉਠਾਏ। ਇਨ੍ਹਾਂ ਵਿੱਚ ਘਰਾਂ ਦੀ ਉਪਲਬਧਤਾ, ਸਥਾਨਕ ਰਿਹਾਇਸ਼ੀ ਦਬਾਅ, ਪ੍ਰਵਾਸ ਅਤੇ ਇੱਥੋਂ ਤੱਕ ਕਿ ਲਾਲ ਕੂੜੇ ਵਾਲੇ ਡੱਬਿਆਂ ਨੂੰ ਕਿੰਨੀ ਵਾਰ ਖਾਲੀ ਕੀਤਾ ਜਾਂਦਾ ਹੈ, ਵਰਗੇ ਮੁੱਦੇ ਸ਼ਾਮਲ ਸਨ। ਹਰਡੇਗਨ ਜੋ ਜਿਮ ਦੇ ਮਾਲਕ ਹਨ, ਲਗਭਗ ਤਿੰਨ ਸਾਲ ਪਹਿਲਾਂ ਬਿਹਤਰ ਕਾਰੋਬਾਰੀ ਮੌਕਿਆਂ ਦੀ ਭਾਲ ਵਿੱਚ ਵੈਸਟਰਨ ਆਸਟ੍ਰੇਲੀਆ ਆਏ ਸਨ। ਚੋਣ ਦੌਰਾਨ ਹਰਡੇਗਨ ਦੀ ਇੱਕ ਪੁਰਾਣੀ ਸੋਸ਼ਲ ਮੀਡੀਆ ਪੋਸਟ ਵੀ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਵਿੱਚ ਉਨ੍ਹਾਂ ਨੇ ਲਗਭਗ ਇੱਕ ਦਹਾਕਾ ਪਹਿਲਾਂ ਲੰਡਨ ਵਿੱਚ ਰਹਿੰਦੇ ਸਮੇਂ ਕੋਕੀਨ ਦੀ ਵਰਤੋਂ ਅਤੇ ਅਲਬਾਨੀਅਨ ਮਾਫੀਆ ਨਾਲ ਸੰਬੰਧਾਂ ਬਾਰੇ ਗੱਲ ਕੀਤੀ ਸੀ। ਹਰਡੇਗਨ ਨੇ ਉਸ ਸਮੇਂ ਇਸ ਬਾਰੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਕਹਾਣੀ ਸੀ, ਜਿਸ ਰਾਹੀਂ ਉਹ ਲੋਕਾਂ ਨੂੰ ਬਿਹਤਰ ਅਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਸਨ।
ਵਨ ਨੇਸ਼ਨ ਦੀ ਨੇਤਾ ਪੌਲੀਨ ਹੈਨਸਨ ਨੇ ਵੀ ਨਤੀਜੇ ਤੋਂ ਬਾਅਦ ਲੇਬਰ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਭਵਿੱਖ ਵਿੱਚ ਹੋਰ ਲੇਬਰ ਸੀਟਾਂ ਨੂੰ ਨਿਸ਼ਾਨਾ ਬਣਾਏਗੀ। ਹੈਨਸਨ ਨੇ ਕਿਹਾ ਕਿ ਸੀਕ੍ਰੇਟ ਹਾਰਬਰ ਦਾ ਨਤੀਜਾ ਰਵਾਇਤੀ ਵੱਡੀਆਂ ਪਾਰਟੀਆਂ ਲਈ ਚੇਤਾਵਨੀ ਹੋਣਾ ਚਾਹੀਦਾ ਹੈ। ਵਨ ਨੇਸ਼ਨ ਦੇ WA ਨੇਤਾ ਰੌਡ ਕੈਡਿਜ਼ ਨੇ ਸ਼ਨੀਵਾਰ ਰਾਤ ਸਥਾਨਕ ਸਮੇਂ ਮੁਤਾਬਕ 9:30 ਵਜੇ ਹੀ ਜਿੱਤ ਦਾ ਦਾਅਵਾ ਕਰ ਦਿੱਤਾ ਸੀ। ਰੌਡ ਕੈਡੀਜ਼ ਨੇ ਕਿਹਾ ਕਿ ਆਸਟ੍ਰੇਲੀਆ ਦੀ ਰਵਾਇਤੀ ਦੋ-ਪਾਰਟੀ ਰਾਜਨੀਤੀ ਹੁਣ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਲੰਬੇ ਸਮੇਂ ਤੋਂ ਪਰਥ ਦੇ ਇਸ ਹਿੱਸੇ ਨੂੰ ਆਪਣਾ ਮਜ਼ਬੂਤ ਇਲਾਕਾ ਸਮਝਦੀ ਰਹੀ, ਪਰ ਜੇ ਕਿਸੇ ਖੇਤਰ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਜਾਵੇ ਤਾਂ “ਸੁਰੱਖਿਅਤ ਸੀਟ” ਵੀ ਸੁਰੱਖਿਅਤ ਨਹੀਂ ਰਹਿੰਦੀ।
ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਚੋਣ ਤੋਂ ਪਹਿਲਾਂ ਲੇਬਰ ਦੀ ਸੀਟ ਬਚਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਸੀ। ਸ਼ਨੀਵਾਰ ਨੂੰ ਉਹ ਹਾਰ ਮੰਨਣ ਲਈ ਤਿਆਰ ਨਹੀਂ ਸਨ, ਪਰ ਉਨ੍ਹਾਂ ਮੰਨਿਆ ਕਿ ਇਸ ਬਾਹਰੀ ਉਪਨਗਰੀ ਅਤੇ ਮੌਰਗੇਜ-ਬੈਲਟ ਵਾਲੇ ਇਲਾਕੇ ਨੂੰ ਬਚਾਉਣਾ ਮੁਸ਼ਕਲ ਹੋਵੇਗਾ। ਕੁੱਕ ਨੇ ਕਿਹਾ ਸੀ ਕਿ ਜੇ ਲੇਬਰ ਇਹ ਸੀਟ ਹਾਰਦੀ ਹੈ ਤਾਂ ਇਹ ਉਨ੍ਹਾਂ ਲਈ ਬਹੁਤ ਦੁਖਦਾਈ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਪ-ਚੋਣਾਂ ਵਿੱਚ ਸਥਾਨਕ ਮੁੱਦੇ ਅਕਸਰ ਆਮ ਚੋਣਾਂ ਨਾਲੋਂ ਵੱਖਰਾ ਪ੍ਰਭਾਵ ਪਾ ਸਕਦੇ ਹਨ। ਫੈਡਰਲ ਲੇਬਰ ਮੰਤਰੀ ਪੈਟ ਕੋਨਰੋਏ ਨੇ ਵੀ ਨਤੀਜੇ ਨੂੰ ਰਾਸ਼ਟਰੀ ਰਾਜਨੀਤੀ ਨਾਲ ਜੋੜਨ ਤੋਂ ਸਾਵਧਾਨੀ ਵਰਤੀ। ਉਨ੍ਹਾਂ ਕਿਹਾ ਕਿ ਇਹ WA ਲੇਬਰ ਲਈ ਮੁਸ਼ਕਲ ਦਿਨ ਸੀ, ਪਰ ਇੱਕ ਰਾਜ ਦੀ ਉਪ-ਚੋਣ ਤੋਂ ਸਿੱਧੇ ਤੌਰ ’ਤੇ ਰਾਸ਼ਟਰੀ ਰਾਜਨੀਤੀ ਦੇ ਨਤੀਜੇ ਕੱਢਣੇ ਠੀਕ ਨਹੀਂ ਹੋਣਗੇ।
ਉਪ-ਚੋਣ ਵਿੱਚ ਲਿਬਰਲ ਪਾਰਟੀ ਤੀਜੇ ਸਥਾਨ ’ਤੇ ਰਹੀ ਅਤੇ ਉਸ ਨੂੰ ਲਗਭਗ 17 ਫੀਸਦੀ ਪ੍ਰਾਇਮਰੀ ਵੋਟ ਮਿਲੀ। ਫੈਡਰਲ ਲਿਬਰਲ ਫਰੰਟਬੈਂਚਰ ਜੋਨੋ ਡੁਨੀਅਮ ਨੇ ਨਤੀਜੇ ਨੂੰ ਆਪਣੀ ਪਾਰਟੀ ਲਈ ਮਾੜਾ ਦੱਸਿਆ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਨੂੰ ਗੁਆਚੀਆਂ ਵੋਟਾਂ ਅਤੇ ਵੋਟਰਾਂ ਦਾ ਭਰੋਸਾ ਮੁੜ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਇਸ ਦੌਰਾਨ ਸ਼ੈਡੋ ਮੰਤਰੀ ਐਂਡਰਿਊ ਹੈਸਟੀ ਨੇ WA ਲਿਬਰਲ ਨੇਤਾ ਬੇਸਿਲ ਜ਼ੈਂਪਿਲਾਸ ਦੀ ਪਹਿਲਾਂ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ। ਜ਼ੈਂਪਿਲਾਸ ਨੇ ਕਿਹਾ ਸੀ ਕਿ ਵਨ ਨੇਸ਼ਨ ਦੀ ਜਿੱਤ ਲੇਬਰ ਲਈ ਹਾਰ ਹੋਣ ਦੇ ਨਾਲ ਲਿਬਰਲ ਪਾਰਟੀ ਲਈ ਵੀ ਇੱਕ ਤਰ੍ਹਾਂ ਦੀ ਜਿੱਤ ਹੋਵੇਗੀ। ਹੈਸਟੀ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਕਿਸੇ ਹੋਰ ਪਾਰਟੀ ਦੀ ਜਿੱਤ ’ਤੇ ਨਿਰਭਰ ਕਰਨ ਦੀ ਬਜਾਏ ਆਪਣੀਆਂ ਵੋਟਾਂ ਹਾਸਲ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।
ਸੀਕ੍ਰੇਟ ਹਾਰਬਰ ਦੀ ਜਿੱਤ ਵਨ ਨੇਸ਼ਨ ਲਈ ਸਿਰਫ਼ ਇੱਕ ਉਪ-ਚੋਣ ਦੀ ਜਿੱਤ ਨਹੀਂ ਮੰਨੀ ਜਾ ਰਹੀ, ਸਗੋਂ ਇਹ ਪਾਰਟੀ ਦੇ ਵਧ ਰਹੇ ਵੋਟ ਬੈਂਕ ਦਾ ਸੰਕੇਤ ਵੀ ਹੋ ਸਕਦੀ ਹੈ। ਇਸ ਲਈ ਸੀਕ੍ਰੇਟ ਹਾਰਬਰ ਦਾ ਨਤੀਜਾ ਆਉਣ ਵਾਲੀਆਂ ਚੋਣਾਂ ਲਈ ਵਨ ਨੇਸ਼ਨ, ਲੇਬਰ ਅਤੇ ਲਿਬਰਲ—ਤਿੰਨਾਂ ਪਾਰਟੀਆਂ ਲਈ ਮਹੱਤਵਪੂਰਨ ਸਬਕ ਹੈ।
