
ਅਮਰ ਗਰਗ ਕਲਮਦਾਨ ਦੀ ਫਿਲਾਸਫੀ ਯੁਕਤ ਨਵੀਂ ਸੋਚ ਕਹਾਣੀ ਸੰਗ੍ਰਹਿ ‘ਸਲੋਚਨਾ’ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਾਹਿਤ ਰਚਨਾ ਵਿੱਚ ਸਥਾਪਿਤ ਕਰਦੀ ਹੈ। ਇਹ ਕਹਾਣੀ ਸੰਗ੍ਰਹਿ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ। ਪੰਜਾਬੀ ਵਿੱਚ ਕੁੱਲ 20 ਅਤੇ ਹਿੰਦੀ ਵਿੱਚ ਕੁੱਲ 21 ਕਹਾਣੀਆਂ ਸ਼ਾਮਿਲ ਹਨ। ਦੋਵੇਂ ਪੁਸਤਕਾਂ ਦੀਆਂ 20 ਕਹਾਣੀਆਂ ਦਾ ਵਿਸ਼ਾ ਵਸਤੂ ਅਤੇ ਤਰਤੀਬ ਇੱਕ ਸਮਾਨ ਹੈ। ਇਸ ਕਰਕੇ ਪੰਜਾਬੀ ਪੁਸਤਕ ਤੇ ਕੀਤੀ ਆਲੋਚਨਾਤਮਿਕ ਚਰਚਾ ਹਿੰਦੀ ਤੇ ਵੀ ਸਹੀ ਬੈਠਦੀ ਹੈ। ਜਦੋਂ ਕਲਮਦਾਨ ਦੀਆਂ ਕਹਾਣੀਆਂ ਸਮਾਜਿਕ ਸੱਚ ਅਤੇ ਫਿਲਾਸਫੀ ਤੇ ਅਧਾਰਿਤ ਹਨ, ਤਾਂ ਇਨ੍ਹਾਂ ਕਹਾਣੀਆਂ ਦੇ ਪ੍ਰਭਾਵ ਦੀ ਕੋਈ ਹਦਬੰਦੀ ਨਹੀਂ ਹੋ ਸਕਦੀ। ਇੱਕ ਖਾਸ ਗੁਣ ਜਿਹੜਾ ਕਲਮਦਾਨ ਨੂੰ ਸਾਹਿਤਕਾਰਾਂ ਦੀ ਉੱਚ ਸ਼੍ਰੇਣੀ ਵਿੱਚ ਦਾਖਲ ਕਰਦਾ ਹੈ, ਉਹ ਹੈ: ਆਪਣੀ ਕ੍ਰਿਤ ਨੂੰ ਲੋਕਾਈ ਸਾਹਮਣੇ ਪੇਸ਼ ਕਰਨਾ ਅਤੇ ਆਲੋਚਨਾ ਨੂੰ ਖਿੜੇ ਮੱਥੇ ਕਬੂਲ ਕਰਨਾ। ਪੁਸਤਕ ਦੀ ਹਰੇਕ ਕਹਾਣੀ ਪੰਜਾਬੀ ਦੇ ਨਾਮੀ ਅਖਬਾਰਾਂ ਅਤੇ ਮੈਗਜੀਨ ਵਿੱਚ ਛਪ ਚੁਁਕੀ ਹੈ। ‘ਸਲੋਚਨਾ’ ਕਹਾਣੀ ਨੂੰ ਤਾਂ ‘ਕਹਾਣੀ ਧਾਰਾ’ ਵਿੱਚ ਥਾਂ ਮਿਲ ਚੁੱਕੀ ਹੈ। ‘ਸਲੋਚਨਾ’ ਕਹਾਣੀ ਸੰਗ੍ਰਹਿ ਦੀ ਆਲੋਚਨਾਤਮਿਕ ਸਮੀਖਿਆ ਲਈ ਦੋ ਵੱਡੇ ਸਮਾਗਮ ਹੋ ਚੁੱਕੇ ਹਨ। ਪਹਿਲਾ ਸਮਾਗਮ 2025 ਵਿੱਚ ਧੂਰੀ ਵਿਖੇ ਹੋਇਆ ਸੀ, ਜਿਸ ਵੱਡੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿੱਚ ਸ਼੍ਰੀ ਲਖਵਿੰਦਰ ਜੋਹਲ, ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ ਅਤੇ ਸ਼੍ਰੀ ਦਰਸ਼ਨ ਸਿੰਘ ਆਸ਼ਟ ਸ਼ਾਮਿਲ ਸਨ। ਦੂਸਰਾ ਸਮਾਗਮ ਪੰਜਾਬ ਭਾਸ਼ਾ ਵਿਭਾਗ ਪਟਿਆਲਾ ਵਿਖੇ ਜੂਨ 2026 ਵਿੱਚ ਸਪੰਨ ਹੋਇਆ। ਜਿਸ ਵਿੱਚ ਡਾ. ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ: ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਡਾ. ਭੁਪਿੰਦਰ ਸਿੰਘ ਖਹਿਰਾ ਸਾਬਕਾ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਭਗਵੰਤ ਸਿੰਘ ਸੰਗਰੂਰ, ਡਾ. ਪ੍ਰੇਮ ਪ੍ਰਕਾਸ਼ ਖੋਸਲਾ, ਭਗਵਾਨ ਦਾਸ ਗੁਪਤਾ ਅਤੇ ਡਾ. ਦਰਸ਼ਨ ਸਿੰਘ ਆਸ਼ਟ ਹਾਜ਼ਿਰ ਸਨ। ਮੁੱਖ ਪੇਪਰ ਡਾ. ਤਰਲੋਚਨ ਕੌਰ, ਅਤੇ ਡਾ. ਹਰਵਿੰਦਰ ਕੌਰ ਨੇ ਪੇਸ਼ ਕੀਤੇ ਅਤੇ ਡਾ. ਕਮਲਜੀਤ ਸਿੰਘ ਟਿੱਬਾ, ਮਾਸਟਰ ਜਗਮਿੰਦਰ ਪਾਲ ਬਰਾਸ, ਡਾ. ਸੁਰੇਸ਼ ਨਾਇਕ ਅਤੇ ਰਵਿੰਦਰ ਕੁਮਾਰ ਨੇ ਕਹਾਣੀ ਸੰਗ੍ਰਹਿ ਸਲੋਚਨਾ ਬਾਰੇ ਆਲੋਚਨਾਤਮਿਕ ਵਿਚਾਰ ਪੇਸ਼ ਕੀਤੇ। ਪੰਜਾਬ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿੱਚ ਹੋਇਆ ਇਹ ਸਮਾਗਮ ਇੰਨਾ ਪ੍ਰਭਾਵਸ਼ਾਲੀ ਸੀ, ਜਿਸ ਨੇ ਸਿੱਧ ਕਰ ਦਿੱਤਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਅੱਜ ਪੰਜਾਬ ਵਿੱਚ ਸਿਰਮੌਰ ਰੁਤਬੇ ਤੇ ਬਣੀ ਹੋਈ ਹੈ।
ਅੱਜ ਮੈਂ ਕਹਾਣੀ ਸੰਗ੍ਰਹਿ ‘ਸਲੋਚਨਾ’ ਬਾਰੇ ਕਹੀਆਂ ਉਪਰੋਕਤ ਗੱਲਾਂ ਨੂੰ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਸਲੋਚਨਾ’ ਦੇ ਸਾਰ ਅੰਸ਼ ਰਾਹੀਂ ਪੇਸ਼ ਕਰ ਰਹੀ ਹਾਂ:
ਇਸ ਕਹਾਣੀ ਵਿੱਚ ਸਲੋਚਨਾ ਮੁਁਖ ਪਾਤਰ ਦਾ ਚਰਿੱਤਰ ਇੰਨਾ ਦਮਦਾਰ ਹੈ ਕਿ ਲੇਖਕ ਨੂੰ ਪੁਸਤਕ ਦਾ ਨਾਮਕਰਨ ਇਸ ਦੇ ਨਾਮ ਉੱਪਰ ਹੀ ਕਰਨਾ ਪਿਆ। ਸਲੋਚਨਾ ਵੇਪਨ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ, ਸਿਰਜਣਾਤਮਕ ਦਿਮਾਗ ਦੀ ਮਾਲਕਿਨ ਹੈ। ਸਾਹਿਤ ਸਭਾ ਨਾਲ ਜੁੜੀ ਹੁੰਦੀ ਹੈ ਜਿੱਥੇ ਉਹ ‘ਪਿਆਰ’ ਬਾਰੇ ਇੱਕ ਕਵਿਤਾ ਸੁਣਾਉਂਦੀ ਹੈ। ਇਹੋ ਕਵਿਤਾ ਜਦੋਂ ਉਹ ਆਪਣੇ ਸਹਿਪਾਠੀ ਅਸ਼ੋਕ ਨੂੰ ਸੁਣਾਉਂਦੀ ਹੈ ਤਾਂ ਦੋਸਤੀ ਸੱਚੇ ਪਿਆਰ ਵਿੱਚ ਬਦਲ ਜਾਂਦੀ ਹੈ। ਉਹ ਬੀ. ਟੈਕ. ਕਰਦੇ ਸਮੇਂ ਹੀ, ਇੱਕ ਪ੍ਰੋਜੈਕਟ ਤੇ ਕੰਮ ਕਰਦੀ ਹੈ। ਉਹ ਏ.ਕੇ. 47 ਮਾਡਲ ਨੂੰ ਏ.ਕੇ. 247 ਬਣਾਉਣਾ ਚਾਹੁੰਦੀ ਹੈ। ਇਸ ਪ੍ਰੋਜੈਕਟ ਵਿੱਚ ਅਸ਼ੋਕ ਵੀ ਉਸਦੀ ਮਦਦ ਕਰਦਾ ਹੈ ਅਤੇ ਉਹ ਨਵਾਂ ਮਾਡਲ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ। ਬੀ. ਟੈਕ. ਵਿੱਚ ਗੋਲਡ ਮੈਡਲਿਸਟ ਵੀ ਬਣ ਜਾਂਦੀ ਹੈ। ਬੀ. ਟੈਕ. ਕਰਨ ਉਪਰਾਂਤ ਜੰਬੂਦੀਪ ਆਰਡੀਨੈਂਸ ਫੈਕਟਰੀ ਵਿੱਚ ਦੋਵਾਂ ਨੂੰ ਨੌਕਰੀ ਮਿਲ ਜਾਂਦੀ ਹੈ, ਆਰਡੀਨੈਂਸ ਇੰਸਟੀਚਿਊਟ ਵਾਲੇ ਨੌਕਰੀ ਦੇ ਨਾਲ-ਨਾਲ ਐਮ. ਟੈਕ. ਦੀ ਡਿਗਰੀ ਵੀ ਕਰਵਾਉਂਦੇ ਹਨ।
ਅਸ਼ੋਕ ਸਲੋਚਨਾ ਨੂੰ ਅਖਬਾਰ ਦੀ ਇੱਕ ਖਬਰ ਦਾ ਹਵਾਲਾ ਦੇ ਕੇ ਕਹਿੰਦਾ ਹੈ, ‘ਤੇਰਾ ਮਾਡਲ ਏ.ਕੇ. 247 ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਸਵੀਕਾਰ ਕਰ ਲਿਆ ਹੈ। ਆਰਡੀਨੈਂਸ ਇੰਸਟੀਚਿਊਟ ਦਾ ਡਾਇਰੈਕਟਰ ਸਲੋਚਨਾ ਨੂੰ ਆਪਣੇ ਦਫਤਰ ਬੁਲਾਉਂਦਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਦਸਦਾ ਹੋਇਆ ਉਸ ਨੂੰ ਦੋ ਬਾਡੀਗਾਰਡ ਰੱਖਣ ਨੂੰ ਕਹਿੰਦਾ ਹੈ। ਪਰ ਸਲੋਚਨਾ ਬਾਡੀਗਾਰਡ ਲੈਣ ਤੋਂ ਇਨਕਾਰ ਕਰਦੀ ਹੋਈ ਕਹਿੰਦੀ ਹੈ, ‘ਇਸ ਨਾਲ ਮੇਰੀ ਅਜਾਦੀ ਮਰ ਜਾਵੇਗੀ ਜੇਕਰ ਅਜਾਦੀ ਮਰੇਗੀ ਤਾਂ ਮੇਰੀ ਸਿਰਜਣਾ ਵੀ ਮਰੇਗੀ।’ ਤਾਂ ਡਾਇਰੈਕਟਰ ਵੱਲੋਂ ਸਲੋਚਨਾ ਨੂੰ ਆਪਣੀ ਰੱਖਿਆ ਲਈ ਇੱਕ ਪਿਸਟਲ ਦਿੱਤਾ ਜਾਂਦਾ ਹੈ, ਜਿਸ ਨੂੰ ਸਲੋਚਨਾ ਹਰ ਵੇਲੇ ਆਪਣੇ ਬੈਗ ਵਿੱਚ ਰੱਖਦੀ ਹੈ।
ਸਲੋਚਨਾ ਤੇ ਅਸੋਕ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਧ ਜਾਣ ਦੀ ਸੋਚਦੇ ਹਨ। ਦੋਵੇਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਦੇ ਹਨ। ਘਰ ਵਾਲੇ ਇੱਕੋ ਗੱਲ ਕਹਿੰਦੇ ਹਨ, ਰਿਸ਼ਤਾ ਮਨਜੂਰ ਹੈ, ਪਰ ਕੁੰਡਲੀਆ ਦਾ ਮਿਲਾਪ ਹੋ ਜਾਵੇ। ਸਲੋਚਨਾ ਦਾ ਪਿਤਾ ਮੇਘਰਾਜ ਪੁਸ਼ਤੈਨੀ ਪੰਡਤ ਹਰਗੋਪਾਲ ਕੋਲ ਜਾਂਦਾ ਹੈ। ਹਰਗੋਪਾਲ, ਸਲੋਚਨਾ ਨੂੰ ਗੈਰ ਮਾਂਗਲੀਕ ਅਤੇ ਅਸ਼ੋਕ ਨੂੰ ਮਾਂਗਲੀਕ ਦੱਸ ਕੇ ਸ਼ਾਦੀ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ, ਉੱਧਰ ਅਸ਼ੋਕ ਦੇ ਮਾਤਾ-ਪਿਤਾ ਪੰਡਤ ਸੁਖਲਾਲ ਕੋਲ ਜਾਂਦੇ ਹਨ। ਉਹ ਵੀ ਹਰਗੋਪਾਲ ਵਾਲੀ ਰਾਇ ਦਹੁਰਾਉਂਦਾ ਹੈ। ਦੋਵੇਂ ਪਰਿਵਾਰ ਰਲ ਕੇ ਤੀਜੇ ਪੰਡਤ ਕੋਲ ਜਾਂਦੇ ਹਨ, ਉਹ ਵੀ ਸ਼ਾਦੀ ਦੇ ਵਿਰੁੱਧ ਰਾਇ ਦਿੰਦਾ ਹੈ। ਹੁਣ ਦੋਵੇਂ ਪਰਿਵਾਰ ਆਯੁਰਵੇਦ ਦੇ ਡਾਕਟਰ ਰਘੂਨਾਥ ਨੂੰ ਮਿਲਦੇ ਹਨ, ਸਾਰੀ ਗੱਲ ਸੁਣਨ ਤੋਂ ਬਾਦ ਡਾਕਟਰ ਕਹਿੰਦਾ ਹੈ, ਵੇਦਾਂ ਵਿੱਚ ਵੀ ਕਿਤੇ ਮਾਂਗਲੀਕ ਅਤੇ ਗੈਰ ਮਾਂਗਲੀਕ ਦਾ ਉਲੇਖ ਨਹੀਂ ਹੈ, ਨਾਂ ਹੀ ਵਿਗਿਆਨਿਕ ਤੌਰ ਤੇ ਕੋਈ ਬੱਚਾ ਮਾਂਗਲੀਕ ਜਾਂ ਗੈਰ ਮਾਂਗਲੀਕ ਹੁੰਦਾ ਹੈ, ਬੱਚਾ ਤਾਂ ਦੁਨਿਆਵੀ ਜਨਮ ਤੋਂ ਪਹਿਲਾਂ ਹੀ ਮਾਂ ਦੇ ਗਰਭ ਵਿੱਚ ਜਨਮ ਲੈ ਚੁੱਕਾ ਹੁੰਦਾ ਹੈ। ਮੇਰੀ ਰਾਇ ਮੁਤਾਬਿਕ ਇਹ ਸ਼ਾਦੀ ਬਿਲਕੁਲ ਪਵਿੱਤਰ ਅਤੇ ਸਹੀ ਹੋਵੇਗੀ। ਹੁਣ ਦੋਵੇਂ ਪਰਿਵਾਰ ਇੱਕ ਵਾਰ ਫੇਰ ਪੰਡਤ ਹਰਗੋਪਾਲ ਨੂੰ ਮਿਲਦੇ ਹਨ, ਉਹ ਕਹਿੰਦਾ ਹੈ, ਵੇਦ ਆਪਣੀ ਥਾਂ ਤੇ ਹਨ ਅਤੇ ਜਿਉਤਸ਼ ਵਿਗਿਆਨ ਆਪਣੀ ਥਾਂ ਤੇ ਹੈ, ਜਿਉਤਸ਼ ਵਿਗਿਆਨ ਦੇ ਮੁਤਾਬਿਕ ਇਹ ਸ਼ਾਦੀ ਨਹੀਂ ਹੋ ਸਕਦੀ।
ਪੰਡਤ ਹਰਗੋਪਾਲ, ਪੰਡਤ ਸੁਖਲਾਲ ਨੂੰ ਮਿਲ ਕੇ ਕਹਿੰਦਾ ਹੈ ਤੂੰ ਲੜਕੇ ਦੇ ਜਨਮ ਸਮੇਂ ਨੂੰ ਥੋੜਾ ਪਹਿਲਾਂ ਕਰ ਦੇਵੇਂ ਤਾਂ ਲੜਕੇ ਦਾ ਮਾਂਗਲੀਕ ਦੋਸ਼ ਸਹੀ ਹੋ ਸਕਦਾ ਹੈ ਪਰ ਪੰਡਤ ਸੁਖਲਾਲ ਨਾਹ ਕਰ ਦਿੰਦਾ ਹੈ, ਕਹਿੰਦਾ ਹੈ ਮੈਂ ਸ਼ਾਸ਼ਤਰ ਨਾਲ ਧੋਖਾ ਨਹੀਂ ਕਰ ਸਕਦਾ।
ਅਗਲੇ ਦਿਨ ਅਸ਼ੋਕ ਅਤੇ ਸਲੋਚਨਾ ਹੋਟਲ ਵਿੱਚ ਮਿਲਦੇ ਹਨ, ਮੋਮਬੱਤੀ ਬਾਲ ਕੇ ਉਸਦੇ ਇਰਦ-ਗਿਰਦ ਸੱਤ ਫੇਰੇ ਲੈਂਦੇ ਹਨ ਅਤੇ ਰੰਗਰਲੀਆਂ ਵੀ ਮਨਾਉਂਦੇ ਹਨ। ਇਸ ਦ੍ਰਿਸ਼ ਨੂੰ ਮੋਬਾਇਲ ਵਿੱਚ ਕੈਦ ਕਰ ਲੈਂਦੇ ਹਨ। ਦੋਵੇਂ ਜਣੇ ਆਪਣੇ-ਆਪਣੇ ਮਾਤਾ-ਪਿਤਾ ਨੂੰ ਵਿਆਹ ਦ੍ਰਿਸ਼ ਦਿਖਾਉਂਦੇ ਹਨ। ਇਹ ਦ੍ਰਿਸ਼ ਦੇਖ ਕੇ ਦੋਵੇਂ ਮਾਪੇ ਅਸ਼ੋਕਾ ਹੋਟਲ ਵਿੱਚ ਸ਼ਾਦੀ ਤਹਿ ਕਰ ਦਿੰਦੇ ਹਨ। ਅਸ਼ੋਕ ਦੇ ਮਾਤਾ-ਪਿਤਾ ਕਿਸੇ ਵੀ ਤਰ੍ਹਾਂ ਸੁਖਲਾਲ ਨੂੰ ਸ਼ਾਦੀ ਦੀ ਰਸਮ ਨਿਭਾਉਣ ਲਈ ਰਜਾਮੰਦ ਕਰ ਲੈਂਦੇ ਹਨ। ਵੱਡਾ ਇੰਤਜਾਮ ਕੀਤਾ ਜਾਂਦਾ ਹੈ, ਮਹਿਮਾਨ ਆਉਂਦੇ ਹਨ, ਸਵਾਗਤ ਹੁੰਦਾ ਹੈ। ਰਾਤ ਨੂੰ ਲਗਭਗ 11 ਵਜੇ ਫੇਰਿਆਂ ਦੀ ਰਸਮ ਹੋ ਰਹੀ ਹੁੰਦੀ ਹੈ, ਪੰਡਤ ਸੁਖਲਾਲ ਫੇਰਿਆਂ ਦੀ ਰਸਮ ਅਦਾ ਕਰਦਾ ਹੈ। ਪੰਡਤ ਹਰਗੋਪਾਲ ਨੂੰ ਵੀ ਮਹਿਮਾਨ ਦੇ ਤੌਰ ਤੇ ਸੱਦਾ ਮਿਲਿਆਂ ਹੁੰਦਾ ਹੈ। ਉਹ ਇੱਧਰ-ਉੱਧਰ ਘੁੰਮਦਾ-ਘੁਮਾਂਦਾ ਫੇਰਿਆਂ ਦੀ ਰਸਮ ਕੋਲ ਪਹੁੰਚ ਜਾਂਦਾ ਹੈ। ਸੁਖਲਾਲ ਨੂੰ ਦੇਖ ਕੇ ਉਸ ਦਾ ਪਾਰਾ ਚੜ੍ਹ ਜਾਂਦਾ ਹੈ, ਉਹ ਸੁਖਲਾਲ ਨੂੰ ਬੁਰਾ-ਭਲਾ ਬੋਲਦਾ ਹੈ, ਇੱਥੇ ਹੀ ਸਬਰ ਨਹੀਂ ਕਰਦਾ ਉਹ ਸੁਖਲਾਲ ਨੂੰ ਕਾਲਰਾਂ ਤੋਂ ਚੁੱਕ ਕੇ ਬੇਦੀ ਤੋਂ ਬਾਹਰ ਸੁੱਟ ਦਿੰਦਾ ਹੈ। ਇਹ ਦੇਖ ਕੇ ਸਲੋਚਨਾ ਤੋਂ ਰਿਹਾ ਨਹੀਂ ਗਿਆ, ਉਹ ਆਪਣੇ ਹੱਥ ਬੈਗ ਵਿੱਚੋਂ ਪਿਸਟਲ ਕੱਢਦੀ ਹੈ ਅਤੇ ਹਰਗੋਪਾਲ ਦੀ ਪੁਰਪੜੀ ਵਿੱਚ ਗੋਲੀ ਦਾਗ ਦਿੰਦੀ ਹੈ, ਹਰਗੋਪਾਲ ਉੱਥੇ ਹੀ ਢੇਰ ਹੋ ਜਾਂਦਾ ਹੈ। ਮੌਕੇ ਤੇ ਪੁਲਿਸ ਆ ਜਾਂਦੀ ਹੈ, ਸਲੋਚਨਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਚਲਾਨ ਪੇਸ਼ ਹੋ ਜਾਂਦਾ ਹੈ। ਕਚਹਰੀ ਵਿੱਚ ਬਹਿਸਾਂ ਹੁੰਦੀਆਂ ਹਨ। ਜੱਜ ਫੈਸਲਾ ਲਿਖਦਾ ਹੈ, ਪਾੜ ਦਿੰਦਾ ਹੈ, ਫੇਰ ਲਿਖਦਾ ਹੈ, ਫੇਰ ਪਾੜ ਦਿੰਦਾ ਹੈ, ਅਗਲੀ ਤਾਰੀਕ ਦਿੱਤੀ ਜਾਂਦੀ ਹੈ। ਆਖਿਰ ਨੂੰ ਉਹ ਸਲੋਚਨਾ, ਪੰਡਤ ਹਰਗੋਪਾਲ ਦੀ ਬਿਧਵਾ ਪ੍ਰਸਿੰਨੀ ਦੇਵੀ ਨੂੰ ਆਪਣੇ ਅਰਾਮ ਵਾਲੇ ਕਮਰੇ ਵਿੱਚ ਲੈ ਕੇ ਜਾਂਦਾ ਹੈ। ਸਲੋਚਨਾ ਨੂੰ ਇੱਕ ਵੱਡੀ ਕੁਰਸੀ ਤੇ ਬਿਠਾ ਕੇ ਕਹਿੰਦਾ ਹੈ, ‘ਜੇਕਰ ਤੂੰ ਜੱਜ ਹੋਵੇਂ, ਤੇਰੇ ਕੋਲ ਇਹ ਮਸਲਾ ਆ ਜਾਵੇ, ਤਾਂ ਤੂੰ ਕੀ ਫੈਸਲਾ ਦੇਵੇਂਗੀ? ਅੱਗੇ ਉਹ ਕਹਿੰਦਾ ਹੈ ਮੈਂ ਤੇਰੇ ਵੱਲੋਂ ਦਿੱਤੇ ਹੋਏ ਫੈਸਲੇ ਨੂੰ ਹੀ ਮੰਨ ਲਵਾਂਗਾ, ਯਾਦ ਰੱਖੀਂ ਫੈਸਲੇ ਵਿੱਚ ਇਨਸਾਫ ਦੀ ਖੁਸ਼ਬੋ ਆਉਣੀ ਚਾਹੀਂਦੀ ਹੈ। ਸਲੋਚਨਾ ਫੈਸਲਾ ਲਿਖਦੀ ਹੈ: ‘ਇਸ ਘਟਨਾ ਦੇ ਵਾਪਰਣ ਦਾ ਮੁੱਖ ਕਾਰਨ ਪੰਡਤ ਹਰਗੋਪਾਲ ਦਾ ਕਾਰਨਾਮਾ ਹੈ, ਇਸ ਲਈ ਉਹ ਮੁੱਖ ਦੋਸ਼ੀ ਹੈ, ਪਰ ਹੁਣ ਉਹ ਮਰ ਚੁੱਕਾ ਹੈ, ਉਸ ਦੀ ਮੌਤ ਦੇ ਕਾਰਨ ਜੋ ਆਰਥਿਕ ਕਸ਼ਟ ਪ੍ਰਸਿੰਨੀ ਦੇਵੀ ਨੂੰ ਭੁਗਤਣੇ ਪੈ ਰਹੇ ਹਨ, ਉਸ ਲਈ ਸਲੋਚਨਾ ਦੋਸ਼ੀ ਹੈ। ਮੈਂ ਹੁਕਮ ਦਿੰਦੀ ਹਾਂ, ਸਲੋਚਨਾ ਇੱਕ ਮੁਸ਼ਤ 5 ਲੱਖ ਰੁਪਏ ਦੀ ਰਾਸ਼ੀ ਪ੍ਰਸਿੰਨੀ ਦੇਵੀ ਦੇ ਖਾਤੇ ਵਿੱਚ ਜਮਾਂ ਕਰਵਾਏ, ਤਾਕਿ ਉਹ ਕਿਸੇ ਵੀ ਅਪਾਤਕਾਲ ਦੇ ਸਮੇਂ ਇਹ ਰਾਸ਼ੀ ਵਰਤ ਸਕੇ। ਬਾਕੀ ਸਲੋਚਨਾ, ਪ੍ਰਸਿੰਨੀ ਦੇਵੀ ਦੇ ਮਰਦੇ ਦਮ ਤਕ ਉਸਨੂੰ 30,000/- ਰੁਪਏ ਪ੍ਰਤੀ ਮਹੀਨਾ ਦੇਣ ਲਈ ਪਾਬੰਦ ਹੋਵੇਗੀ, ਇਹ ਦੇਣਦਾਰੀਆਂ ਇਸੇ ਮਹੀਨੇ ਤੋਂ ਸ਼ੁਰੂ ਕੀਤੀਆਂ ਜਾਣ। ਸਲੋਚਨਾ ਵੱਲੋਂ ਪ੍ਰਸਿੰਨੀ ਦੇਵੀ ਲਈ ਆਰਥਿਕ ਮਦਦ ਨੂੰ ਸਜਾ ਨਾ ਸਮਝਿਆ ਜਾਵੇ ਸਗੋਂ ਇਸ ਨੂੰ ਨੈਤਿਕ ਫਰਜ਼ ਸਮਝਿਆ ਜਾਵੇ। ਸਲੋਚਨਾ ਨੂੰ ਬਾ-ਇੱਜ਼ਤ ਬਰੀ ਕੀਤਾ ਜਾਂਦਾ ਹੈ। ਸਲੋਚਨਾ ਵੱਲੋਂ ਲਿਖੇ ਫੈਸਲੇ ਨੂੰ ਜੱਜ ਸਾਹਿਬ ਨੇ ਕਚਹਿਰੀ ਵਿੱਚ ਪੜ੍ਹ ਕੇ ਸੁਣਾ ਦਿੱਤਾ। ਪ੍ਰਸਿੰਨੀ ਦੇਵੀ ਨੇ ਜੱਜ ਸਾਹਮਣੇ ਬੇਨਤੀ ਕੀਤੀ ਕਿ ਉਹ ਇਸ ਫੈਸਲੇ ਨਾਲ ਬਹੁਤ ਖੁਸ਼ ਹੈ, ਉਹ ਆਪਣੇ ਪਰਿਵਾਰ ਉੱਪਰ ਲੱਗੇ ਕਲੰਕ ਨੂੰ ਧੋਣ ਲਈ ਸਲੋਚਨਾ ਅਤੇ ਅਸ਼ੋਕ ਦੀ ਸ਼ਾਦੀ ਉਸਨੂੰ ਆਪ ਮੂਹਰੇ ਹੋ ਕੇ ਕਰਵਾਉਣ ਦੀ ਇਜਾਜਤ ਦਿੱਤੀ ਜਾਵੇ। ਜੱਜ ਪ੍ਰਸਿੰਨੀ ਦੇਵੀ ਦੀ ਇਸ ਇੱਛਾ ਨੂੰ ਵੀ ਫੈਸਲੇ ਦਾ ਹਿੱਸਾ ਬਣਾ ਦਿੰਦਾ ਹੈ।
ਉਹੀ ਅਸ਼ੋਕਾ ਹੋਟਲ ਹੁੰਦਾ ਹੈ, ਸਲੋਚਨਾ ਅਤੇ ਅਸ਼ੋਕ ਦੀ ਸ਼ਾਦੀ ਦਾ ਸਮਾਗਮ ਚਲ ਰਿਹਾ ਹੁੰਦਾ ਹੈ। ਮਹਿਮਾਨ ਆਉਂਦੇ ਹਨ, ਜੱਜ ਸਾਹਿਬ ਵੀ ਆਉਂਦੇ ਹਨ। ਪ੍ਰਸਿੰਨੀ ਦੇਵੀ ਅੱਗੇ ਹੋ ਕੇ ਮਹਿਮਾਨਾਂ ਦਾ ਸਵਾਗਤ ਕਰਦੀ ਹੈ। ਉਹੀ ਪੰਡਤ ਸੁਖਲਾਲ ਫੇਰਿਆਂ ਦੀ ਰਸਮ ਨੂੰ ਸਿਰੇ ਚਾੜ੍ਹਦਾ ਹੈ।
ਨਿਚੋੜ: ਲੇਖਕ ਨੇ ਮਹਾਂਕਾਵਿ ਰਾਮਾਇਣ ਦੀ ਪਾਤਰ ਸਲੋਚਨਾ ਦੇ ਪਤੀਵਰਤਾ ਚਰਿੱਤਰ ਨੂੰ ਬਾ-ਖੂਬੀ ਹਥਲੀ ਕਹਾਣੀ ਦੀ ਪਾਤਰ ਸਲੋਚਨਾ ਵਿੱਚ ਉਤਾਰ ਦਿੱਤਾ ਹੈ।
ਕਹਾਣੀ ਬਹੁਤ ਹੀ ਕਲਾਤਮਿਕ ਤਰੀਕੇ ਨਾਲ ਵਿਗਿਆਨ ਅਤੇ ਵੈਦਿਕ ਸਾਹਿਤ ਦੇ ਦ੍ਰਿਸ਼ਟੀ ਕੋਣ ਤੋਂ ਮਾਂਗਲੀਕ ਅਤੇ ਗੈਰ ਮਾਂਗਲੀਕ ਦੀ ਕੂ-ਪ੍ਰਥਾ ਨੂੰ ਰੱਦ ਕਰਦੀ ਹੈ।
ਲੇਖਕ ਨੇ ਬਹੁਤ ਹੀ ਖੂਬਸੂਰਤੀ ਨਾਲ ਆਯੂਰਵੇਦ ਦੇ ਡਾਕਟਰ ਦੇ ਮੂੰਹੋ ਕਢਵਾਇਆ ਹੈ: ਬੱਚੇ ਦਾ ਜਨਮ ਸਮਾਂ ਦੁਨਿਆਵੀ ਹੁੰਦਾ ਹੈ ਅਸਲ ਵਿੱਚ ਬੱਚੇ ਦਾ ਜਨਮ ਤਾਂ ਮਾਂ ਦੇ ਗਰਭ ਵਿੱਚ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਬੱਚਾ ਮਾਂ ਦੇ ਗਰਭ ਵਿੱਚ ਜਿਉਂਦੇ ਰਹਿਣ ਦੀਆਂ ਸਾਰੀਆਂ ਕਿਰਿਆਵਾਂ ਪੂਰੀਆਂ ਕਰਦਾ ਹੈ। ਇਸ ਲਈ ਪੰਡਤਾਂ ਦੇ ਬਣਾਏ ਟੇਵੇ ਅਤੇ ਪੱਤਰੀਆਂ ਝੂਠ ਹਨ, ਕੇਵਲ ਦੁਕਾਨਦਾਰੀ ਦੇ ਟੂਲ ਹਨ।
ਕਹਾਣੀ ਵਿੱਚ ਸਲੋਚਨਾ ਵੱਲੋਂ ਬੋਲਿਆ ਗਿਆ ਡਾਇਆਲਾਗ, ‘ਜੇਕਰ ਮੇਰੀ ਅਜ਼ਾਦੀ ਮਰ ਗਈ ਤਾਂ ਮੇਰੀ ਸਿਰਜਣਾ ਮਰ ਜਾਵੇਗੀ’ ਸਾਹਿਤ ਸਿਰਜਣਾ ਦੀ ਆਤਮਾ ਨੂੰ ਪ੍ਰਕਟ ਕਰਦਾ ਹੈ।
ਸਲੋਚਨਾ ਦੇ ਹੱਥੋਂ ਪੰਡਤ ਦਾ ਮਾਰਿਆ ਜਾਣਾ, ਮਾਂਗਲੀਕ, ਗੈਰ ਮਾਂਗਲੀਕ ਦੀ ਕੂ-ਪ੍ਰਥਾ ਦੇ ਖਾਤਮੇ ਨੂੰ ਚਿੰਨ੍ਹਤ ਕਰਦਾ ਹੈ।
ਅੱਜ ਜਦੋਂ ਸਾਡੇ ਸਮਾਜ ਵਿੱਚ ਇੰਨੇ ਵੱਡੇ ਪੱਧਰ ਤੇ ਗੈਰ-ਮਨੁੱਖੀ ਕੂ-ਪ੍ਰਥਾ ਚੱਲ ਰਹੀ ਹੈ ਤਾਂ ਅਮਰ ਗਰਗ ਕਲਮਦਾਨ ਦੀ ਕਹਾਣੀ ‘ਸਲੋਚਨਾ’ ਧਰੁ ਤਾਰੇ ਵਾਂਗ ਲੋਕਾਈ ਲਈ ਇੱਕ ਰਾਹ ਦਸੇਰਾ ਸਾਬਿਤ ਹੋ ਸਕਦੀ ਹੈ। ਸਾਹਿਤ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼੍ਰੇਣੀ ਵਿੱਚ ਕਹਾਣੀ ‘ਸਲੋਚਨਾ’ ਦਾ ਸਵਾਗਤ ਹੈ।
