ਡੀ.ਏ.ਵੀ. ਐਡਵਰਡਗੰਜ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਵੱਲੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸੇਵਾਮੁਕਤ ਪ੍ਰਿੰਸੀਪਲ ਡਾ. ਵਿਜੈ ਗਰਗ ਦੁਆਰਾ ਲਿਖੀ ਮੋਸਟ ਇਨਫਲੂਐਂਸ਼ੀਅਲ ਇੰਡੀਅਨ ਸਾਇੰਟਿਸਟਸ ਆਫ਼ ਆਲ ਟਾਈਮ” ਪੁਸਤਕ ‘ ਦਾ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ, ਵਿਦਿਆਰਥੀ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਡਾ. ਵਿਜੈ ਗਰਗ ਨੂੰ ਇਸ ਮਹੱਤਵਪੂਰਨ ਰਚਨਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਭਾਰਤ ਦੇ ਮਹਾਨ ਵਿਗਿਆਨੀਆਂ ਦੇ ਜੀਵਨ, ਉਨ੍ਹਾਂ ਦੇ ਸੰਘਰਸ਼, ਖੋਜਾਂ ਅਤੇ ਵਿਗਿਆਨਕ ਯੋਗਦਾਨ ਨੂੰ ਬਹੁਤ ਹੀ ਸਰਲ ਅਤੇ ਪ੍ਰੇਰਣਾਦਾਇਕ ਢੰਗ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜ ਦੀ ਭਾਵਨਾ ਅਤੇ ਨਵੀਨਤਾ ਪ੍ਰਤੀ ਰੁਚੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਡਾ. ਵਿਜੈ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪੁਸਤਕ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਭਾਰਤੀ ਵਿਗਿਆਨੀਆਂ ਨਾਲ ਜਾਣੂ ਕਰਵਾਉਣਾ ਹੈ, ਜਿਨ੍ਹਾਂ ਨੇ ਆਪਣੀਆਂ ਖੋਜਾਂ ਅਤੇ ਆਵਿਸ਼ਕਾਰਾਂ ਨਾਲ ਵਿਸ਼ਵ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪੁਸਤਕ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
ਇਸ ਪੁਸਤਕ ਵਿੱਚ ਭਾਰਤ ਦੇ ਕਈ ਮਹਾਨ ਵਿਗਿਆਨੀਆਂ ਦੇ ਜੀਵਨ, ਉਨ੍ਹਾਂ ਦੀਆਂ ਮਹੱਤਵਪੂਰਨ ਖੋਜਾਂ, ਵਿਗਿਆਨਕ ਉਪਲਬਧੀਆਂ ਅਤੇ ਰਾਸ਼ਟਰ ਨਿਰਮਾਣ ਵਿੱਚ ਪਾਏ ਗਏ ਯੋਗਦਾਨ ਦਾ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੈ। ਇਹ ਪੁਸਤਕ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਲਾਭਦਾਇਕ ਸਾਬਤ ਹੋਵੇਗੀ।
ਸਮਾਗਮ ਦੇ ਅੰਤ ਵਿੱਚ ਸਕੂਲ ਪਰਿਵਾਰ ਵੱਲੋਂ ਡਾ. ਵਿਜੈ ਗਰਗ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਸਿੱਖਿਆ ਅਤੇ ਸਾਹਿਤ ਖੇਤਰ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ ਗਈ।
