Health & FitnessArticlesAustralia & New Zealand

ਦਵਾਈਆਂ ‘ਤੇ ਬਣਿਆ ਕਾਲਾ ਤਿਕੋਣ ਮਰੀਜ਼ਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੁੰਦਾ !

ਦਵਾਈਆਂ 'ਤੇ ਬਣਿਆ ਕਾਲਾ ਤਿਕੋਣ ਮਰੀਜ਼ਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।

ਕੀ ਤੁਸੀਂ ਕਦੇ ਆਪਣੀ ਪ੍ਰਿਸਕ੍ਰਿਪਸ਼ਨ ਵਾਲੀ ਦਵਾਈ ਦੇ ਪੈਕ ਜਾਂ ਜਾਣਕਾਰੀ ਪੱਤਰ ‘ਤੇ ਕਾਲਾ ਤਿਕੋਣ (ਟਰਾਇਐਂਗਲ) ਵਾਲਾ ਨਿਸ਼ਾਨ ਦੇਖਿਆ ਹੈ? ਬਹੁਤ ਸਾਰੇ ਲੋਕਾਂ ਨੂੰ ਇਸ ਨਿਸ਼ਾਨ ਦਾ ਅਸਲ ਮਤਲਬ ਨਹੀਂ ਪਤਾ, ਜਦਕਿ ਇਹ ਮਰੀਜ਼ਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਐਡਿਲੇਡ ਦੀ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ 90 ਫੀਸਦੀ ਤੋਂ ਵੱਧ ਆਮ ਲੋਕ ਅਤੇ ਲਗਭਗ ਅੱਧੇ ਸਿਹਤ ਮਾਹਿਰ ਵੀ ਇਸ ਨਿਸ਼ਾਨ ਨੂੰ ਸਹੀ ਤਰ੍ਹਾਂ ਨਹੀਂ ਪਛਾਣਦੇ। ਇਸਦਾ ਮਰੀਜ਼ਾਂ ਦੀ ਸੁਰੱਖਿਆ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਇਸ ਦੇ ਕਾਰਣ ਦਵਾਈਆਂ ਦੇ ਸੰਭਾਵਿਤ ਸਾਈਡ ਇਫੈਕਟਸ ਦੀ ਰਿਪੋਰਟਿੰਗ ਘੱਟ ਹੁੰਦੀ ਹੈ, ਜੋ ਮਰੀਜ਼ਾਂ ਦੀ ਸੁਰੱਖਿਆ ਲਈ ਇੱਕ ਚਿੰਤਾ ਦਾ ਵਿਸ਼ਾ ਹੈ।

ਆਸਟ੍ਰੇਲੀਆ ਵਿੱਚ ਬਲੈਕ ਟਰਾਇਐਂਗਲ ਸਕੀਮ 2018 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮਕਸਦ ਲੋਕਾਂ ਅਤੇ ਡਾਕਟਰਾਂ ਨੂੰ ਨਵੀਆਂ ਪ੍ਰਿਸਕ੍ਰਿਪਸ਼ਨ ਦਵਾਈਆਂ ਜਾਂ ਨਵੇਂ ਤਰੀਕੇ ਨਾਲ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਸਾਈਡ ਇਫੈਕਟਸ ਦੀ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਨਾ ਹੈ। ਇਹ ਕਾਲਾ ਤਿਕੋਣ ਦਾ ਨਿਸ਼ਾਨ ਕਈ ਆਮ ਦਵਾਈਆਂ ‘ਤੇ ਮਿਲਦਾ ਹੈ, ਜਿਵੇਂ ਕਿ ਸ਼ੂਗਰ ਅਤੇ ਵਜ਼ਨ ਘਟਾਉਣ ਵਾਲੀਆਂ ਦਵਾਈਆਂ, ਦਿਲ ਦੀ ਬਿਮਾਰੀ ਦੀਆਂ ਦਵਾਈਆਂ, ਕੋਵਿਡ-19 ਵੈਕਸੀਨ, ਕੈਂਸਰ ਦੇ ਇਲਾਜ ਅਤੇ ਨੀਂਦ ਨਾਲ ਸੰਬੰਧਤ ਦਵਾਈਆਂ ਸ਼ਾਮਲ ਹਨ।

ਇਸ ਖੋਜ ਦੀ ਅਗਵਾਈ ਕਰਨ ਵਾਲੇ ਡਾ. ਇਯੋਬ ਅਲੇਮਾਏਹੁ ਗੇਬਰਯੋਹੈਨਸ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਨਿਸ਼ਾਨ ਜਾਂ ਸਕੀਮ ਵਾਰੇ ਜਾਣਕਾਰੀ ਹੀ ਨਹੀਂ ਹੈ। ਇਸ ਸਰਵੇ ਵਿੱਚ ਸ਼ਾਮਲ 400 ਤੋਂ ਵੱਧ ਲੋਕਾਂ ਵਿੱਚੋਂ 10 ਫੀਸਦੀ ਤੋਂ ਵੀ ਘੱਟ ਆਮ ਲੋਕ ਅਤੇ 52 ਫੀਸਦੀ ਸਿਹਤ ਮਾਹਿਰਾਂ ਨੂੰ ਹੀ ਇਸ ਸਕੀਮ ਬਾਰੇ ਪਤਾ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਦਵਾਈ ਬਾਜ਼ਾਰ ਵਿੱਚ ਆ ਜਾਂਦੀ ਹੈ ਤਾਂ ਉਸ ਦੀ ਸੁਰੱਖਿਆ ਬਾਰੇ ਕਈ ਨਵੀਆਂ ਜਾਣਕਾਰੀਆਂ ਮਰੀਜ਼ਾਂ ਅਤੇ ਡਾਕਟਰਾਂ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਰਾਹੀਂ ਹੀ ਮਿਲਦੀਆਂ ਹਨ। ਕਈ ਵਾਰ ਕੁੱਝ ਸਾਈਡ ਇਫੈਕਟਸ ਕਲੀਨੀਕਲ ਟ੍ਰਾਇਲ ਦੌਰਾਨ ਸਾਹਮਣੇ ਨਹੀਂ ਆਉਂਦੇ। ਖੋਜ ਦੀ ਇੱਕ ਚੰਗੀ ਗੱਲ ਇਹ ਵੀ ਰਹੀ ਕਿ ਜਦੋਂ ਲੋਕਾਂ ਨੂੰ ਕਾਲੇ ਤਿਕੋਣ ਦਾ ਮਤਲਬ ਸਮਝਾਇਆ ਗਿਆ ਤਾਂ ਜ਼ਿਆਦਾਤਰ ਨੇ ਕਿਹਾ ਕਿ ਉਹ ਭਵਿੱਖ ਵਿੱਚ ਦਵਾਈ ਦੇ ਸਾਈਡ ਇਫੈਕਟਸ ਦੀ ਰਿਪੋਰਟ ਕਰਨ ਲਈ ਤਿਆਰ ਰਹਿਣਗੇ।

ਇਹ ਖੋਜ ਬ੍ਰਿਟਿਸ਼ ਜਰਨਲ ਆਫ ਕਲੀਨਿਕਲ ਫਾਰਮਾਕੋਲੋਜੀ ਵਿੱਚ ਪ੍ਰਕਾਸ਼ਿਤ ਹੋਈ ਹੈ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਕਾਲੇ ਤਿਕੋਣ ਵਾਲੇ ਨਿਸ਼ਾਨ ਨੂੰ ਦਵਾਈ ਦੇ ਪੈਕ ਜਾਂ ਸਾਈਡ ਇਫੈਕਟਸ ਵਾਲੇ ਹਿੱਸੇ ਵਿੱਚ ਹੋਰ ਸਪੱਸ਼ਟ ਤਰੀਕੇ ਨਾਲ ਦਰਸਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਨੂੰ ਹੋਰ ਆਸਾਨੀ ਦੇ ਨਾਲ ਦੇਖ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਮਰੀਜ਼ ਸਿਰਫ਼ ਡਾਕਟਰ ਰਾਹੀਂ ਹੀ ਨਹੀਂ, ਸਗੋਂ ਸਿੱਧੇ ਰੈਗੂਲੇਟਰ ਨੂੰ ਵੀ ਦਵਾਈ ਦੇ ਸਾਈਡ ਇਫੈਕਟਸ ਦੀ ਰਿਪੋਰਟ ਕਰ ਸਕਦੇ ਹਨ।

ਇਹ ਖੋਜ ਮੋਨਾਸ਼ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੋਨਿੰਗਨ (ਨੀਦਰਲੈਂਡਜ਼) ਦੇ ਸਹਿਯੋਗ ਨਾਲ ਕੀਤੀ ਗਈ ਸੀ।

Related posts

ਸੋ ਕਿਉ ਮੰਦਾ ਆਖੀਐ . . . !

admin

NZ Covid-19 update: 562 Active Cases

admin

ਮੁਸ਼ਕਿਆ ਪਾਣੀ ਕਿਉਂ ਪੀਣ ਅਕਾਲੀ ?

admin