ਪੰਜਾਬ ਪੁਲਿਸ ਦੇ ਇੱਕ ਥਾਣਾ ਇੰਚਾਰਜ ਯਾਨੀ ਐਸਐਚਓ ਅਤੇ ਇੰਟਰਨੈਸ਼ਨਲ ਗੈਂਗਸਟਰ ਨੈੱਟਵਰਕ ਦੇ ਆਪਸੀ ਗਠਜੋੜ ਨੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਹੜਕੰਪ ਮਚਾ ਦਿੱਤਾ ਹੈ। ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਤਤਕਾਲੀ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕੀ ਜਾਂਚ ਏਜੰਸੀਆਂ ਵੱਲੋਂ ਮਿਲੇ ਅਹਿਮ ਸੁਰਾਗ ਤੋਂ ਬਾਅਦ ਤੁਰੰਤ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਲੰਧਰ ਰੇਂਜ ਦੇ ਡੀਆਈਜੀ ਡਾæ ਨਵੀਨ ਸਿੰਗਲਾ ਦੀ ਦੇਖਰੇਖ ਹੇਠ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕੀਤੀ ਜਾ ਚੱਕੀ ਹੈ।
ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ 15 ਜਨਵਰੀ 2026 ਨੂੰ ਹੋਈ ਸੀ ਜਦੋਂ ਹੁਸ਼ਿਆਰਪੁਰ ਦੇ ਪਿੰਡ ਮਿਆਣੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਸਤਕਰਤਾਰ ਦੀ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਗੈਂਗਸਟਰ ਗੁਰਲਾਲ ਰੁਡੀਆਣਾ ਅਤੇ ਜਸ਼ਲ ਗਿੱਲ ਦੇ ਇੰਸਟਾਗ੍ਰਾਮ ਅਕਾਊਂਟਸ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਸਬੂਤਾਂ ਦੇ ਅਧਾਰ ‘ਤੇ ਪੱਟੀ ਜੇਲ੍ਹ ਵਿੱਚ ਬੰਦ ਦੋ ਸ਼ੂਟਰਾਂ ਸਵਰਾਜ ਉਰਫ਼ ਅਭੀ ਅਤੇ ਗੁਰਮੁਖ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਸ਼ੁਰੂ ਕੀਤੀ ਸੀ।
ਇਸ ਤੋਂ ਬਾਅਦ 24 ਮਈ 2026 ਨੂੰ ਤਤਕਾਲੀ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਬਲਵਿੰਦਰ ਸਿੰਘ ਦਾ ਕਤਲ ਇੱਕ ਪਰਿਵਾਰਕ ਰੰਜਿਸ਼ ਦਾ ਨਤੀਜਾ ਸੀ। ਐਸਐਚਓ ਨਾਗਰਾ ਅਨੁਸਾਰ ਅਮਰੀਕਾ ਵਿੱਚ ਰਹਿ ਰਹੇ ਇੱਕ ਰਿਟਾਇਰਡ ਏਐਸਆਈ ਅਤੇ ਮ੍ਰਿਤਕ ਦੇ ਸਾਲੇ ਚਰਨਜੀਤ ਸਿੰਘ ਨੇ ਆਪਣੀ ਧੀ ਦੇ ਤਲਾਕ ਦਾ ਬਦਲਾ ਲੈਣ ਲਈ ਗੈਂਗਸਟਰਾਂ ਨੂੰ 1.80 ਲੱਖ ਰੁਪਏ ਦੇ ਕੇ ਇਹ ਕਤਲ ਕਰਵਾਇਆ ਸੀ, ਜਿਸ ਕਾਰਨ ਪੁਲਿਸ ਨੇ ਐਫਆਈਆਰ ਵਿੱਚ ਚਰਨਜੀਤ ਸਿੰਘ, ਉਸ ਦੇ ਪੁੱਤਰ ਗੁਰਪ੍ਰੀਤ ਅਤੇ ਧੀ ਨੂੰ ਬਤੌਰ ਮੁੱਖ ਸਾਜ਼ਿਸ਼ਕਰਤਾ ਨਾਮਜ਼ਦ ਕਰ ਦਿੱਤਾ।
ਅਮਰੀਕੀ ਅਟਾਰਨੀ ਬਿਲਾਲ ਏ. ਐਸਾਏਲੀ ਦੇ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਜਿਵੇਂ ਹੀ 24 ਮਈ ਨੂੰ ਐਸਐਚਓ ਨਾਗਰਾ ਨੇ ਪ੍ਰੈਸ ਕਾਨਫਰੰਸ ਵਿੱਚ ਅਮਰੀਕਾ ਰਹਿੰਦੇ ਪਰਿਵਾਰ ਦੇ ਨਾਵਾਂ ਦਾ ਖੁਲਾਸਾ ਕੀਤਾ, ਉਸ ਦੇ ਅਗਲੇ ਹੀ ਦਿਨ ਅਮਰੀਕਾ ਵਿੱਚ ਚਰਨਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਹ ਕਤਲ ਕੇਸ ਵਿੱਚੋਂ ਆਪਣਾ ਨਾਮ ਕਢਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਰੀਬ 3.3 ਕਰੋੜ ਰੁਪਏ ਦੀ ਫਿਰੌਤੀ ਦੇਣੀ ਪਵੇਗੀ। ਅਮਰੀਕੀ ਜਾਂਚ ਏਜੰਸੀ ਐਫਬੀਆਈ ਅਤੇ ਕੈਨੇਡੀਅਨ ਪੁਲਿਸ ਸਾਂਝੇ ਤੌਰ ‘ਤੇ ਉੱਤਰੀ ਅਮਰੀਕਾ ਵਿੱਚ ਚੱਲ ਰਹੇ “ਆਪ੍ਰੇਸ਼ਨ ਹਾਰਡਬਾਲ” ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅੰਤਰਰਾਸ਼ਟਰੀ ਐਕਸਟੋਰਸ਼ਨ ਨੈੱਟਵਰਕ ਦੀ ਗੁਪਤ ਜਾਂਚ ਕਰ ਰਹੀਆਂ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਰੀਕਾ ਵਿੱਚ ਮੌਜੂਦ ਭਗਵਾਨਪੁਰੀਆ ਗੈਂਗ ਦੇ ਮੈਂਬਰ ਗੁਰਲਾਲ ਸਿੰਘ ਨੇ ਉੱਥੇ ਰਹਿ ਰਹੇ ਚਰਨਜੀਤ ਸਿੰਘ ਦੇ ਪਰਿਵਾਰ ਦੀ ਪੂਰੀ ਪ੍ਰੋਫਾਈਲ, ਆਰਥਿਕ ਸਥਿਤੀ ਅਤੇ ਫੋਨ ਨੰਬਰ ਇਕੱਠੇ ਕਰਕੇ ਪੰਜਾਬ ਵਿੱਚ ਆਪਣੇ ਸੰਪਰਕਾਂ ਰਾਹੀਂ ਐਸਐਚਓ ਗੁਰਿੰਦਰਜੀਤ ਨਾਗਰਾ ਤੱਕ ਪਹੁੰਚਾਏ ਸਨ। ਅਮਰੀਕੀ ਏਜੰਸੀਆਂ ਪਹਿਲਾਂ ਹੀ ਗੁਰਲਾਲ ਅਤੇ ਉਸ ਦੇ ਅਮਰੀਕੀ ਨੈੱਟਵਰਕ ਦੇ ਫੋਨ ਅਤੇ ਸੋਸ਼ਲ ਮੀਡੀਆ ਅਕਾਊਂਟਸ ਲੱਭ ਕਰ ਰਹੀਆਂ ਸਨ, ਜਿਸ ਕਾਰਨ ਜਦੋਂ ਫਿਰੌਤੀ ਦੇ ਫੋਨ ਆਉਣੇ ਸ਼ੁਰੂ ਹੋਏ ਤਾਂ ਐਫਬੀਆਈ ਦੇ ਹੱਥ ਇਹ ਡਿਜੀਟਲ ਸਬੂਤ ਹੱਥ ਲੱਗੇ। ਇਸ ਜਾਂਚ ਦੇ ਦੌਰਾਨ ਅਮਰੀਕੀ ਅਧਿਕਾਰੀਆਂ ਨੂੰ ਅਜਿਹੇ ਪੁਖ਼ਤਾ ਸਬੂਤ ਅਤੇ ਤਸਵੀਰਾਂ ਮਿਲੀਆਂ ਜਿਨ੍ਹਾਂ ਵਿੱਚ ਐਸਐਚਓ ਨਾਗਰਾ ਸਿੱਧੇ ਤੌਰ ‘ਤੇ ਗੈਂਗਸਟਰ ਨੈੱਟਵਰਕ ਨਾਲ ਡੀਲਿੰਗ ਕਰ ਰਿਹਾ ਸੀ ਅਤੇ ਐਸਐਚਓ ਦੀ ਪ੍ਰੈਸ ਕਾਨਫਰੰਸ ਅਤੇ ਫਿਰੌਤੀ ਦੀ ਮੰਗ ਦਾ ਟਾਈਮਿੰਗ ਮੈਚ ਹੋਣਾ ਸਭ ਤੋਂ ਵੱਡਾ ਸਬੂਤ ਬਣਿਆ। ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਅਟਾਰਨੀ ਆਫ਼ਿਸ ਨੇ ਇਸ ਅੰਤਰਰਾਸ਼ਟਰੀ ਵਸੂਲੀ ਰੈਕਟ ਦੀ ਗੁਪਤ ਰਿਪੋਰਟ ਭਾਰਤ ਸਰਕਾਰ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਸਖ਼ਤ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਅਹੁਦੇ ਤੋਂ ਹਟਾ ਕੇ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ।
