ArticlesAustralia & New Zealand

ਇੱਕ-ਦੂਜੇ ਦਾ ਸਾਥ: ਕਿਸਾਨਾਂ ਨੂੰ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਪ੍ਰੇਰਿਤ ਕਰ ਰਹੀ ਨਵੀਂ ਮੁਹਿੰਮ !

ਇਹ ਪ੍ਰੋਜੈਕਟ 'ਵੈਦਰ ਇਟ ਟੁਗੈਦਰ' ਨਾਮ ਦੀ ਮੁਹਿੰਮ ਸਾਊਥ ਆਸਟ੍ਰੇਲੀਆ ਸਰਕਾਰ ਦੇ ਡਰੋਟ ਰਿਸਪੌਂਸ ਸੁਪੋਰਟ ਪੈਕੇਜ ਦੀ ਸਹਾਇਤਾ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਕਿਸਾਨਾਂ ਨੂੰ ਆਪਣੀ ਸਿਹਤ ਅਤੇ ਮਨ ਦੀ ਤੰਦਰੁਸਤੀ ਦਾ ਧਿਆਨ ਰੱਖਣ ਲਈ ਪ੍ਰੇਰਿਤ ਕਰਨਾ ਹੈ।

ਮੀਂਹ ਹੋਵੇ ਜਾਂ ਧੁੱਪ, ਆਸਟ੍ਰੇਲੀਆ ਦੇ ਕਿਸਾਨ ਅਤੇ ਪਿੰਡਾਂ ਦੇ ਲੋਕ ਹਮੇਸ਼ਾ ਇੱਕ-ਦੂਜੇ ਦੀ ਮਦਦ ਲਈ ਅੱਗੇ ਆਉਂਦੇ ਹਨ। ਪਰ ਜਦੋਂ ਗੱਲ ਆਪਣੀ ਮਾਨਸਿਕ ਸਿਹਤ ਦੀ ਆਉਂਦੀ ਹੈ, ਤਾਂ ਮਦਦ ਮੰਗਣਾ ਅਕਸਰ ਉਨ੍ਹਾਂ ਲਈ ਔਖਾ ਰਹਿੰਦਾ ਹੈ।

ਹੁਣ ਐਡੀਲੇਡ ਯੂਨੀਵਰਸਿਟੀ ਦੀ ਆਈਫਰੇਮਵੈੱਲ ਟੀਮ ਨੇ ਇੱਕ ਨਵੀਂ ਪੰਜ ਭਾਗਾਂ ਵਾਲੀ ਵੀਡੀਓ ਲੜੀ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਕਿਸਾਨਾਂ ਵਿੱਚ ਮਾਨਸਿਕ ਸਿਹਤ ਬਾਰੇ ਬਣੇ ਡਰ ਅਤੇ ਸ਼ਰਮ ਨੂੰ ਘਟਾਉਣਾ ਹੈ। ਇਸ ਮੁਹਿੰਮ ਰਾਹੀਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਲੋੜ ਪੈਣ ‘ਤੇ ਮਦਦ ਮੰਗਣਾ ਕਮਜ਼ੋਰੀ ਨਹੀਂ, ਸਗੋਂ ਹਿੰਮਤ ਦੀ ਨਿਸ਼ਾਨੀ ਹੈ।

ਇਸ ਵੀਡੀਓ ਲੜੀ ਨੂੰ ਸੀਐਮਵੀ ਗਰੁੱਪ ਫਾਉਂਡੇਸ਼ਨ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਵਿੱਚ ਉਹਨਾਂ ਕਿਸਾਨਾਂ ਦੀਆਂ ਅਸਲ ਕਹਾਣੀਆਂ ਦਿਖਾਈਆਂ ਗਈਆਂ ਹਨ ਜਿਨ੍ਹਾਂ ਨੇ ਜਨਮ ਤੋਂ ਬਾਅਦ ਹੋਣ ਵਾਲੇ ਡਿਪ੍ਰੈਸ਼ਨ (ਪੋਸਟਨੈਟਲ ਡਿਪ੍ਰੈਸ਼ਨ), ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦੁੱਖ, ਪਰਿਵਾਰਕ ਰਿਸ਼ਤਿਆਂ ਵਿੱਚ ਤਣਾਅ, ਇਕੱਲਾਪਣ ਅਤੇ ਖੇਤੀਬਾੜੀ ਨਾਲ ਜੁੜੇ ਲਗਾਤਾਰ ਦਬਾਅ ਦਾ ਸਾਹਮਣਾ ਕੀਤਾ ਹੈ। ਵੀਡੀਓ ਵਿੱਚ ਇੱਕ ਪੇਂਡੂ ਡਾਕਟਰ ਵੀ ਸਧਾਰਨ ਭਾਸ਼ਾ ਵਿੱਚ ਦੱਸਦੇ ਹਨ ਕਿ ਮਾਨਸਿਕ ਸਿਹਤ ਲਈ ਮਦਦ ਕਿਵੇਂ ਲਈ ਜਾ ਸਕਦੀ ਹੈ ਅਤੇ ਪਹਿਲੀ ਵਾਰ ਡਾਕਟਰ ਨਾਲ ਗੱਲ ਕਰਦੇ ਸਮੇਂ ਕੀ ਉਮੀਦ ਰੱਖਣੀ ਚਾਹੀਦੀ ਹੈ।

ਇਹ ਪ੍ਰੋਜੈਕਟ ‘ਵੈਦਰ ਇਟ ਟੁਗੈਦਰ’ ਨਾਮ ਦੀ ਵੱਡੀ ਮੁਹਿੰਮ ਦਾ ਹਿੱਸਾ ਹੈ। ਇਹ ਮੁਹਿੰਮ ਸਾਊਥ ਆਸਟ੍ਰੇਲੀਆ ਸਰਕਾਰ ਦੇ ਡਰੋਟ ਰਿਸਪੌਂਸ ਸੁਪੋਰਟ ਪੈਕੇਜ ਦੀ ਸਹਾਇਤਾ ਨਾਲ ਚਲਾਈ ਜਾ ਰਹੀ ਹੈ। ਇਸ ਦਾ ਮਕਸਦ ਕਿਸਾਨਾਂ ਨੂੰ ਆਪਣੀ ਸਿਹਤ ਅਤੇ ਮਨ ਦੀ ਤੰਦਰੁਸਤੀ ਦਾ ਧਿਆਨ ਰੱਖਣ ਲਈ ਪ੍ਰੇਰਿਤ ਕਰਨਾ ਹੈ। ਮੁਹਿੰਮ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿਣ, ਜਿਨ੍ਹਾਂ ਗੱਲਾਂ ‘ਤੇ ਕਾਬੂ ਹੈ ਉਨ੍ਹਾਂ ‘ਤੇ ਧਿਆਨ ਦੇਣ, ਸਰਗਰਮ ਰਹਿਣ ਅਤੇ ਲੋੜ ਪੈਣ ‘ਤੇ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਇਸ ਪ੍ਰੋਜੈਕਟ ਦੀ ਅਗਵਾਈ ਐਸੋਸੀਏਟ ਪ੍ਰੋਫੈਸਰ ਕੇਟ ਗਨ, ਜੋ ਆਈਫਰੇਮਵੈੱਲ ਦੀ ਸੰਸਥਾਪਕ ਅਤੇ ਡਾਇਰੈਕਟਰ ਹਨ, ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਹਿਲਾਂ ਨਾਲੋਂ ਵੱਧ ਕਿਸਾਨ ਮਾਨਸਿਕ ਸਿਹਤ ਬਾਰੇ ਗੱਲ ਕਰਨ ਲਈ ਤਿਆਰ ਹੋ ਰਹੇ ਹਨ।

ਮੁਹਿੰਮ ਦੀ ਕੋਆਰਡੀਨੇਟਰ ਐਨਾਬੇਲ ਓਟਨਸ, ਜੋ ਖੁਦ ਖੇਤੀਬਾੜੀ ਵਾਲੇ ਪਰਿਵਾਰ ਵਿੱਚ ਪਲੀ-ਵੱਡੀ ਹੋਈ ਅਤੇ ਸਾਊਥ ਆਸਟ੍ਰੇਲੀਆ ਦੇ ਕਲੇਅਰ ਵੈਲੀ ਇਲਾਕੇ ਨਾਲ ਸੰਬੰਧਿਤ ਹਨ, ਨੇ ਕਿਹਾ ਕਿ, “ਇਹ ਵੀਡੀਓ ਕਿਸਾਨਾਂ ਤੱਕ ਬਿਨਾਂ ਦਬਾਅ ਦੇ ਮਹੱਤਵਪੂਰਨ ਸੰਦੇਸ਼ ਪਹੁੰਚਾਉਂਦੀਆਂ ਹਨ। ਕਿਸਾਨ ਹਮੇਸ਼ਾ ਦੂਜੇ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਪਰ ਕਈ ਪੀੜ੍ਹੀਆਂ ਤੋਂ ਆਪਣੀਆਂ ਮਾਨਸਿਕ ਮੁਸ਼ਕਲਾਂ ਬਾਰੇ ਗੱਲ ਕਰਨਾ ਉਨ੍ਹਾਂ ਲਈ ਆਸਾਨ ਨਹੀਂ ਰਿਹਾ। ਰਵਾਇਤੀ ਮਾਨਸਿਕ ਸਿਹਤ ਮੁਹਿੰਮਾਂ ਅਕਸਰ ਕਿਸਾਨਾਂ ਨਾਲ ਸਿੱਧਾ ਜੁੜ ਨਹੀਂ ਸਕਦੀਆਂ, ਕਿਉਂਕਿ ਉਹ ਬਹੁਤ ਜ਼ਿਆਦਾ ਡਾਕਟਰੀ ਜਾਂ ਸ਼ਹਿਰੀ ਜੀਵਨ ਨਾਲ ਜੁੜੀਆਂ ਲੱਗਦੀਆਂ ਹਨ। ਇਸ ਨਵੀਂ ਵੀਡੀਓ ਲੜੀ ਵਿੱਚ ਕਿਸਾਨਾਂ ਦੀਆਂ ਆਪਣੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਅਸਲ ਤਜਰਬਿਆਂ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਇਸ ਨਾਲ ਸੰਦੇਸ਼ ਹੋਰ ਭਰੋਸੇਯੋਗ, ਸੌਖੇ ਅਤੇ ਹਰ ਕਿਸਾਨ ਲਈ ਸਮਝਣ ਯੋਗ ਬਣਦੇ ਹਨ। ਜਦੋਂ ਇੱਕ ਕਿਸਾਨ ਦੂਜੇ ਕਿਸਾਨ ਦੀ ਕਹਾਣੀ ਸੁਣਦਾ ਹੈ, ਤਾਂ ਉਸ ਨੂੰ ਵੀ ਮਦਦ ਲੈਣ ਲਈ ਹੌਸਲਾ ਮਿਲਦਾ ਹੈ।”

ਸਾਊਥ ਆਸਟ੍ਰੇਲੀਆ ਦੇ ਸਾਊਥ ਈਸਟ ਇਲਾਕੇ ਦੇ ਕਿਸਾਨ ਐਸ਼ਲੇ ਸ਼ਮਿਡਟ ਨੇ ਦੱਸਿਆ ਕਿ, “ਕੁਝ ਸਾਲ ਪਹਿਲਾਂ ਉਹ ਨਿੱਜੀ ਦੁੱਖ, ਕੰਮ ਦੀਆਂ ਮੁਸ਼ਕਲਾਂ ਅਤੇ ਖੇਤੀ ਦੇ ਲਗਾਤਾਰ ਦਬਾਅ ਕਾਰਨ ਬਹੁਤ ਪਰੇਸ਼ਾਨ ਸਨ। ਮੈਂ ਸੋਚਦਾ ਸੀ ਕਿ ਮੈਂ ਖੇਤੀ ਕਿਉਂ ਕਰ ਰਿਹਾ ਹਾਂ? ਕੀ ਜ਼ਿੰਦਗੀ ਦਾ ਕੋਈ ਹੋਰ ਵਧੀਆ ਤਰੀਕਾ ਨਹੀਂ ਹੋ ਸਕਦਾ? ਉਹ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਖੁਦ ਖੁਸ਼ ਨਹੀਂ ਸਨ। ਜਦੋਂ ਮੈਂ ਆਪਣੀ ਸਿਹਤ ਲਈ ਸਮਾਂ ਕੱਢਿਆ ਅਤੇ ਮਦਦ ਲਈ, ਤਾਂ ਮੈਂ ਪਹਿਲਾਂ ਨਾਲੋਂ ਬਿਹਤਰ ਇਨਸਾਨ ਬਣ ਗਿਆ। ਹੁਣ ਮੈਂ ਆਪਣੇ ਪਰਿਵਾਰ ਅਤੇ ਹੋਰ ਲੋਕਾਂ ਦਾ ਹੋਰ ਵਧੀਆ ਸਾਥ ਦੇ ਸਕਦਾ ਹਾਂ।”

ਮਾਊਂਟ ਗੈਂਬੀਅਰ ਦੇ ਪੇਂਡੂ ਡਾਕਟਰ ਡਾ. ਜਸਟਿਨ ਗਲੈਡਮੈਨ ਨੇ ਕਿਹਾ ਕਿ, “ਬਹੁਤ ਸਾਰੇ ਕਿਸਾਨਾਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਪੇਂਡੂ ਕਲੀਨਿਕਾਂ ਵਿੱਚ ਮਾਨਸਿਕ ਸਿਹਤ ਬਾਰੇ ਗੱਲ ਕਰਨਾ ਬਹੁਤ ਆਮ ਗੱਲ ਹੈ। ਹਰ ਦਿਨ ਤਿੰਨ ਜਾਂ ਚਾਰ ਕਿਸਾਨ ਮੇਰੇ ਕੋਲ ਆ ਕੇ ਦੱਸਦੇ ਹਨ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹਨ ਜਾਂ ਸੰਘਰਸ਼ ਕਰ ਰਹੇ ਹਨ। ਤੁਹਾਨੂੰ ਇਲਾਜ ਬਾਰੇ ਪਹਿਲਾਂ ਤੋਂ ਸਭ ਕੁਝ ਜਾਣਨ ਦੀ ਲੋੜ ਨਹੀਂ। ਜੇ ਤੁਸੀਂ ਸਿਰਫ਼ ਇਹ ਵੀ ਕਹਿ ਦਿਓ ਕਿ ‘ਮੈਂ ਮੁਸ਼ਕਲ ਵਿੱਚ ਹਾਂ’, ਤਾਂ ਵੀ ਗੱਲਬਾਤ ਦੀ ਸ਼ੁਰੂਆਤ ਹੋ ਜਾਂਦੀ ਹੈ। ਸਭ ਤੋਂ ਵੱਡਾ ਕਦਮ ਗੱਲ ਕਰਨਾ ਸ਼ੁਰੂ ਕਰਨਾ ਹੁੰਦਾ ਹੈ।”

ਐਨਾਬੇਲ ਓਟਨਸ ਨੇ ਕਿਹਾ ਕਿ, “ਇਸ ਮੁਹਿੰਮ ਦਾ ਇੱਕ ਮਹੱਤਵਪੂਰਨ ਮਕਸਦ ਖੁਦਕੁਸ਼ੀ ਰੋਕਥਾਮ ਵੀ ਹੈ। ਭਾਵੇਂ ਕਿਸਾਨਾਂ ਵਿੱਚ ਖੁਦਕੁਸ਼ੀ ਦਾ ਖਤਰਾ ਆਮ ਲੋਕਾਂ ਨਾਲੋਂ ਵੱਧ ਮੰਨਿਆ ਜਾਂਦਾ ਹੈ, ਪਰ ਬਹੁਤ ਸਾਰੇ ਕਿਸਾਨ ਜੀਵਨ ਦੀਆਂ ਮੁਸ਼ਕਲਾਂ ਦਾ ਹੌਸਲੇ ਨਾਲ ਸਾਹਮਣਾ ਵੀ ਕਰ ਰਹੇ ਹਨ। ਅੱਜ ਪਹਿਲਾਂ ਨਾਲੋਂ ਵੱਧ ਕਿਸਾਨ ਮਾਨਸਿਕ ਸਿਹਤ ਲਈ ਮਾਹਿਰਾਂ ਦੀ ਮਦਦ ਲੈ ਰਹੇ ਹਨ। ਅਸੀਂ ਉਹਨਾਂ ਸਾਰੇ ਕਿਸਾਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀਆਂ ਨਿੱਜੀ ਕਹਾਣੀਆਂ ਸਾਂਝੀਆਂ ਕੀਤੀਆਂ ਤਾਂ ਜੋ ਹੋਰ ਲੋਕਾਂ ਨੂੰ ਹਿੰਮਤ ਮਿਲ ਸਕੇ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਕਹਾਣੀਆਂ ਹੋਰ ਕਿਸਾਨਾਂ ਨੂੰ ਵੀ ਮਦਦ ਲੈਣ ਲਈ ਪ੍ਰੇਰਿਤ ਕਰਨਗੀਆਂ, ਪਰਿਵਾਰਾਂ ਅਤੇ ਪਿੰਡਾਂ ਵਿੱਚ ਮਾਨਸਿਕ ਸਿਹਤ ਬਾਰੇ ਗੱਲਬਾਤ ਨੂੰ ਵਧਾਉਣਗੀਆਂ ਅਤੇ ਇਸ ਨਾਲ ਜੁੜੇ ਡਰ ਅਤੇ ਸ਼ਰਮ ਨੂੰ ਘਟਾਉਣ ਵਿੱਚ ਮਦਦ ਕਰਨਗੀਆਂ।”

ਇਸ ਵੀਡੀਓ ਲੜੀ ਵਿੱਚ ਸਾਊਥ ਆਸਟ੍ਰੇਲੀਆ ਦੇ ਪੀਟਰਬਰੋ, ਕੂਨਾਲਪਿਨ, ਕੁਲਪਾਰਾ ਅਤੇ ਰਾਜ ਦੇ ਦੂਰ-ਦਰਾਜ਼ ਉੱਤਰੀ ਇਲਾਕਿਆਂ ਦੇ ਕਿਸਾਨਾਂ ਦੀਆਂ ਕਹਾਣੀਆਂ ਸ਼ਾਮਲ ਹਨ। ਇਹ ਵੀਡੀਓਆਂ ਕਿਸਾਨਾਂ ਦੀ ਭਲਾਈ ਅਤੇ ਖੁਦਕੁਸ਼ੀ ਰੋਕਥਾਮ ਲਈ ਤਿਆਰ ਕੀਤੇ ਜਾ ਰਹੇ ਅਸਲ ਤਜਰਬਿਆਂ ਦੇ ਵਧਦੇ ਸੰਗ੍ਰਹਿ ਦਾ ਹਿੱਸਾ ਹਨ।

Related posts

ਗਲੇ ਅੰਦਰ ਖਰਾਸ਼ ਹੈ ਮੌਸਮੀ ਬਿਮਾਰੀ

admin

ਗਣਤੰਤਰ ਦਿਵਸ: ਅੱਜ ਭਾਰਤ ਪੂਰੀ ਦੁਨੀਆਂ ਨੂੰ ਆਪਣੀ ਤਾਕਤ ਦਿਖਾਵੇਗਾ !

admin

ਧਰਤੀ ਕੋਈ ਹੋਰ ਨਹੀਂ, ਇਸ ਨੂੰ ਹੀ ਸੰਭਾਲੋ !

admin