ArticlesAustralia & New ZealandTechnology

ਅੱਸਅਲੱਰਟ : ਆਸਟ੍ਰੇਲੀਆ ਵਿੱਚ ਕੀਤਾ ਗਿਆ ਰਾਸ਼ਟਰੀ ਟੈਸਟ ਅਲੱਰਟ ਜਰੂਰੀ ਕਿਉਂ ਸੀ?

"ਸਕ੍ਰੌਲ ਸੱਭਿਆਚਾਰ" ਨੇ ਸਾਡਾ ਧਿਆਨ ਖਿੱਚਣ ਦਾ ਸਮਾਂ ਘਟਾ ਦਿੱਤਾ ਹੈ।

ਆਸਟ੍ਰੇਲੀਆ ਦੇ ਹਰ ਮੋਬਾਈਲ ‘ਤੇ ਅੱਸਅਲੱਰਟ ਦਾ ਰਾਸ਼ਟਰੀ ਪੱਧਰ ‘ਤੇ ਪਹਿਲਾ ਟੈਸਟ ਅਲੱਰਟ ਸੋਮਵਾਰ 27 ਜੁਲਾਈ 2026 ਨੂੰ ਕੀਤਾ ਗਿਆ। ਅੱਸਲੱਰਟ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਦੇਸ਼ ਦੇ ਹਰੇਕ ਯੋਗ ਮੋਬਾਈਲ ਫ਼ੋਨ ‘ਤੇ ਦੁਪਹਿਰ 2 ਵਜੇ ਏਈਐਸਟੀ, ਦੁਪਹਿਰ 1.30 ਵਜੇ ਏਸੀਐਸਟੀ ਜਾਂ ਦੁਪਹਿਰ 12 ਵਜੇ ਏਡਬਲਯੂਐਸਟੀ ‘ਤੇ ਵੱਜੀ। ਇਹ ਅਲੱਰਟ ਲਗਭਗ 10 ਸਕਿੰਟ ਤੱਕ ਉੱਚੀ ਆਵਾਜ਼ ਨਾਲ ਵੱਜਿਆ। ਇਹ ਆਵਾਜ਼ ਫ਼ੋਨ ਸਾਈਲੈਂਟ, ਡੂ ਨਾਟ ਡਿਸਟਰਬ ਜਾਂ ਵਾਈਬ੍ਰੇਟ ਮੋਡ ‘ਤੇ ਹੋਣ ਦੇ ਬਾਵਜੂਦ ਵੀ ਸੁਣਾਈ ਦਿੱਤੀ ਅਤੇ ਸਕ੍ਰੀਨ ‘ਤੇ ਇੱਕ ਚੇਤਾਵਨੀ ਸੁਨੇਹਾ ਵੀ ਦਿਖਾਈ ਦਿੱਤਾ। ਸਰਕਾਰ ਵੱਲੋਂ ਇਹ ਟੈਸਟ ਨਵੇਂ ਰਾਸ਼ਟਰੀ ਐਮਰਜੈਂਸੀ ਚੇਤਾਵਨੀ ਸਿਸਟਮ ਦੀ ਜਾਂਚ ਲਈ ਕੀਤਾ ਗਿਆ। ਅੱਸਅਲੱਰਟ ਦਾ ਮਕਸਦ ਐਮਰਜੈਂਸੀ ਹਾਲਾਤਾਂ ਵਿੱਚ ਲੋਕਾਂ ਤੱਕ ਤੇਜ਼ੀ ਨਾਲ ਸਹੀ ਜਾਣਕਾਰੀ ਪਹੁੰਚਾਉਣਾ ਅਤੇ ਜਾਨਾਂ ਬਚਾਉਣਾ ਹੈ।

ਅੱਸਅਲੱਰਟ ਆਸਟ੍ਰੇਲੀਆ ਦਾ ਨਵਾਂ ਸੈੱਲ ਪ੍ਰਸਾਰਣ ਰਾਸ਼ਟਰੀ ਸੁਨੇਹਾ ਪ੍ਰਣਾਲੀ ਹੈ, ਜੋ ਐਮਰਜੈਂਸੀ ਦੌਰਾਨ ਆਸਟ੍ਰੇਲੀਅਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵਿਕਸਤ ਕੀਤੀ ਗਈ ਹੈ। ਅੱਸਅਲੱਰਟ ਰਾਸ਼ਟਰੀ ਚੇਤਾਵਨੀ ਪ੍ਰਣਾਲੀ 2019-20 ਬਲੈਕ ਸਮਰ ਬੁਸ਼ਫਾਇਰ ਵਿੱਚ ਰਾਇਲ ਕਮਿਸ਼ਨ ਦੇ ਬਾਅਦ ਵਿਕਸਤ ਕੀਤੀ ਗਈ ਸੀ, ਉਸ ਸਮੇਂ ਹੋਈ ਜਾਂਚ ਵਿੱਚ ਸਾਰੇ ਦੇਸ਼ ਲਈ ਇੱਕ ਬਿਹਤਰ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਹ ਐਮਰਜੈਂਸੀ ਸੇਵਾਵਾਂ ਨੂੰ ਐਮਰਜੈਂਸੀ ਦੌਰਾਨ ਭੂਗੋਲਿਕ ਤੌਰ ‘ਤੇ ਨਿਸ਼ਾਨਾ ਬਣਾਏ ਸੁਨੇਹੇ ਭੇਜਣ ਦੇ ਯੋਗ ਬਣਾਉਣ ਲਈ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਟੈਸਟ ਦੌਰਾਨ, ਅਨੁਕੂਲ ਮੋਬਾਈਲ ਫੋਨ ਅਤੇ ਹੋਰ ਡਿਵਾਈਸਾਂ ਵਾਈਬ੍ਰੇਟ ਹੁੰਦੀਆਂ ਹਨ ਅਤੇ ਇੱਕ ਉੱਚੀ ਸਾਇਰਨ ਵਰਗੀ ਚੇਤਾਵਨੀ ਆਵਾਜ਼ ਬਣਾਉਂਦੀਆਂ ਹਨ, ਜੋ ਲਗਭਗ 10 ਸਕਿੰਟਾਂ ਤੱਕ ਰਹਿੰਦੀ ਹੈ। ਇਸ ਸਾਲ ਅਕਤੂਬਰ 2026 ਤੋਂ ਇਹ ਸਿਸਟਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਅਤੇ ਇਸ ਦਾ ਇਸਤੇਮਾਲ ਸਿਰਫ਼ ਬਹੁਤ ਗੰਭੀਰ ਅਤੇ ਦੁਰਲੱਭ ਐਮਰਜੈਂਸੀ ਹਾਲਾਤਾਂ ਵਿੱਚ ਹੀ ਕੀਤਾ ਜਾਵੇਗਾ।

ਨਿਊਜ਼ੀਲੈਂਡ ਵਿੱਚ 2017 ਤੋਂ ਸੈੱਲ ਪ੍ਰਸਾਰਣ ਪ੍ਰਣਾਲੀ ਮੌਜੂਦ ਹੈ, ਸੰਯੁਕਤ ਰਾਜ ਅਮਰੀਕਾ ਵੀ ਕੁਦਰਤੀ ਆਫ਼ਤਾਂ ਸਮੇਤ ਐਮਰਜੈਂਸੀ ਚੇਤਾਵਨੀਆਂ ਲਈ ਸਿਸਟਮ ਦੀ ਵਰਤੋਂ ਕਰ ਰਿਹਾ ਹੈ।

ਘਰੇਲੂ ਅਤੇ ਪਰਿਵਾਰਕ ਹਿੰਸਾ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਟੈਸਟ ਨੂੰ ਲੈ ਕੇ ਚਿੰਤਾ ਵੀ ਜਤਾਈ ਕਿ ਕਈ ਔਰਤਾਂ ਅਤੇ ਹੋਰ ਪੀੜਤ ਆਪਣੇ ਸਾਥੀ ਤੋਂ ਲੁਕਾ ਕੇ ਇੱਕ ਗੁਪਤ ਫ਼ੋਨ ਰੱਖਦੇ ਹਨ। ਇਹ ਫ਼ੋਨ ਐਮਰਜੈਂਸੀ ਵਿੱਚ ਪਰਿਵਾਰ, ਦੋਸਤਾਂ ਜਾਂ ਪੁਲਿਸ ਨਾਲ ਸੰਪਰਕ ਕਰਨ ਲਈ ਵਰਤਿਆ ਜਾਂਦਾ ਹੈ। ਜੇ ਇਹ ਲੁਕਿਆ ਹੋਇਆ ਫ਼ੋਨ ਅਚਾਨਕ ਉੱਚੀ ਆਵਾਜ਼ ਨਾਲ ਵੱਜ ਪਿਆ ਤਾਂ ਹਿੰਸਾ ਕਰਨ ਵਾਲੇ ਵਿਅਕਤੀ ਨੂੰ ਇਸ ਫ਼ੋਨ ਬਾਰੇ ਪਤਾ ਲੱਗ ਸਕਦਾ ਹੈ। ਇਸ ਨਾਲ ਪੀੜਤ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ। ਘਰੇਲੂ ਹਿੰਸਾ ਨਾਲ ਜੁੜੀਆਂ ਸੰਸਥਾਵਾਂ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਲੁਕਿਆ ਹੋਇਆ ਸੁਰੱਖਿਆ ਫ਼ੋਨ ਹੈ, ਉਹ ਆਪਣੀ ਸਥਿਤੀ ਨੂੰ ਦੇਖਦੇ ਹੋਏ ਖੁਦ ਫ਼ੈਸਲਾ ਕਰਨ ਕਿ ਉਨ੍ਹਾਂ ਲਈ ਸਭ ਤੋਂ ਸੁਰੱਖਿਅਤ ਕਦਮ ਕੀ ਹੈ।

ਇਨ੍ਹਾਂ ਚਿੰਤਾਵਾਂ ਨੂੰ ਦੇਖਦੇ ਹੋਏ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਸਲਾਹ ਵੀ ਦਿੱਤੀ ਕਿ ਜਿਨ੍ਹਾਂ ਲੋਕਾਂ ਕੋਲ ਗੁਪਤ ਜਾਂ ਲੁਕਿਆ ਹੋਇਆ ਫ਼ੋਨ ਹੈ, ਉਹ ਅਲੱਰਟ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਤੱਕ ਆਪਣਾ ਫ਼ੋਨ ਬੰਦ ਕਰ ਦੇਣ ਜਾਂ ਏਅਰਪਲੇਨ ਮੋਡ ਵਿੱਚ ਕਰ ਦੇਣ। ਉਸ ਫ਼ੋਨ ਨੂੰ 24 ਘੰਟਿਆਂ ਤੱਕ ਬੰਦ ਜਾਂ ਏਅਰਪਲੇਨ ਮੋਡ ਵਿੱਚ ਹੀ ਰੱਖਣ। ਸਿਰਫ਼ ਫ਼ੋਨ ਨੂੰ ਸਾਈਲੈਂਟ ਜਾਂ ਡੂ ਨਾਟ ਡਿਸਟੱਰਬ ‘ਤੇ ਰੱਖਣ ਨਾਲ ਅਲੱਰਟ ਨਹੀਂ ਰੁਕੇਗਾ।

ਐਮਰਜੈਂਸੀ ਪ੍ਰਬੰਧਨ ਮੰਤਰੀ ਕਰਿਸਟੀ ਮੈਕਬੇਨ ਨੇ ਕਿਹਾ ਕਿ ਇਹ ਸਿਰਫ਼ ਇੱਕ ਟੈਸਟ ਸੀ ਅਤੇ ਲੋਕਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸੀ। ਅੱਸਅਲੱਰਟ ਦੀ ਵਰਤੋਂ ਜੰਗਲਾਂ ਦੀ ਅੱਗ, ਹੜ੍ਹ, ਭੂਚਾਲ, ਵੱਡੇ ਹਾਦਸਿਆਂ, ਪੁਲਿਸ ਕਾਰਵਾਈ ਜਾਂ ਹੋਰ ਗੰਭੀਰ ਐਮਰਜੈਂਸੀ ਹਾਲਾਤਾਂ ਵਿੱਚ ਕੀਤੀ ਜਾਵੇਗੀ। ਇਹ ਨਵਾਂ ਸਿਸਟਮ ਭਵਿੱਖ ਵਿੱਚ ਜੰਗਲਾਂ ਦੀ ਅੱਗ, ਹੜ੍ਹ, ਭੂਚਾਲ, ਵੱਡੇ ਹਾਦਸਿਆਂ ਜਾਂ ਹੋਰ ਰਾਸ਼ਟਰੀ ਐਮਰਜੈਂਸੀ ਸਮੇਂ ਲੋਕਾਂ ਤੱਕ ਤੁਰੰਤ ਚੇਤਾਵਨੀ ਪਹੁੰਚਾਉਣ ਲਈ ਬਣਾਇਆ ਗਿਆ ਹੈ। ਦੇਸ਼ ਭਰ ਵਿੱਚ ਇਹ ਟੈਸਟ ਕਰਨ ਤੋਂ ਬਾਅਦ ਅਕਤੂਬਰ 2026 ਵਿੱਚ ਅੱਸਅਲੱਰਟ ਸਿਸਟਮ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ। ਜੇ ਕੋਈ ਹੋਰ ਜਾਣਕਾਰੀ ਚਾਹੁੰਦਾ ਹੈ ਤਾਂ ਉਹ ਅੱਅਲੱਰਟ ਦੀ ਵੈੱਬਸਾਈਟ ‘ਤੇ ਜਾ ਸਕਦਾ ਹੈ।

Related posts

ਕੀ ਪੰਜਾਬ ਸਿਆਸੀ ਖਿਲਾਅ ਵਿੱਚੋਂ ਨਿਕਲ ਸਕੇਗਾ ?

admin

ਤਵੀਤਾਂ ਵਾਲੇ ਬਾਬੇ !

admin

ਨਿਆਂ ਪ੍ਰਣਾਲੀ ਬਨਾਮ ਪੁਲਿਸ ਸੁਧਾਰ !

admin