
ਗੁਰੂ ਸਾਹਿਬਾਨ ਨੇ ਸ੍ਰਿਸ਼ਟੀ ਦੇ ਸਿਰਜਣਹਾਰ , ਪ੍ਰਤਿਪਾਲਕ , ਨਾਇਕ ਅਤੇ ਖਸਮ ਦੇ ਰੂਪ ‘ਚ ਏਕਸ ਨਿਰਾਕਾਰ ਸ਼ਕਤੀ ਪਰਮਾਤਮਾ ਤੇ ਵਿਸ਼ਵਾਸ ਰੱਖਨ ਅਤੇ ਉਸ ਨਿਰਾਕਾਰ ਜੋਤ ਦੇ ਹਰ ਜੀਵ , ਹਰ ਘਟ ਵਿੱਚ ਦਰਸ਼ਨ ਕਰਨ ਦਾ ਜੋ ਜੀਵਨ ਫਲਸਫਾ ਸੰਸਾਰ ਨੂੰ ਦਿੱਤਾ ਉਹ ਅਜਿਹਾ ਪ੍ਰਭਾਵੀ, ਫਲਦਾਈ ਸਾਬਿਤ ਹੋਇਆ ਕਿ ਕਰੋੜਾਂ ਲੋਕਾਂ ਦੇ ਜੀਵਨ ਦੇ ਹਨੇਰੇ ਦੂਰ ਹੋ ਗਏ I ਲੋਕਾਂ ਦੇ ਮਨ ਹਜਾਰਾਂ ਸੂਰਜਾਂ ਦੇ ਉਜਾਲੇ ਨਾਲ ਚਾਨਣ ਹੋ ਗਏ I ਗੁਰਸਿੱਖੀ ਦਾ ਮਾਰਗ ਭਰੋਸੇ , ਗਿਆਨ , ਪ੍ਰੇਮ , ਸਮਰਪਣ ਦੀ ਰੋਸ਼ਨੀ ਦਾ ਮਾਰਗ ਸੀ ਅਤੇ ਗੁਰਸਿੱਖ ਦੀ ਰਹਿਣੀ ਬਹਿਣੀ ਚਾਨਣ ਦਾ ਉਤਸਵ ਜਿਹਾ ਸੀ ਜਿਸ ਨੇ ਵਿਸਮਾਦੀ ਢੰਗ ਨਾਲ ਨਿਰਾਸ਼ ਮਨੁੱਖਾਂ ਦੇ ਚੇਹਰੇ ਬਲਦੇ ਚਿਰਾਗ ਜੇਹੇ ਰੋਸ਼ਨ ਕਰ ਦਿੱਤੇ I ਇਸ ਬਦਲਾਵ ਨੇ ਮਨੁੱਖੀ ਸੋਚ ਨੂੰ ਨਵੀਂ ਦਿਸ਼ਾ ਵੱਲ ਮੋੜ ਦਿੱਤਾ I ਗੁਰੂ ਨਾਨਕ ਸਾਹਿਬ ਦੁਆਰਾ ਜਗਾਈ ਗਈ ਜੋਤ ਲਗਾਤਾਰ ਪ੍ਰਕਾਸ਼ਮਾਨ ਹੁੰਦੀ ਗਈ I ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਨੇ ਇਸ ਮਹਾਨਤਾ ਨੂੰ ਅਗਾਂਹ ਤੋਰਦਿਆਂ ਬਵੰਜਾ ਰਾਜਿਆਂ ਨੂੰ ਇੱਕੋ ਨਾਲ ਜਾਬਰ ਮੁਗਲ ਸ਼ਾਸਨ ਦੀ ਕੈਦ ਤੋਂ ਸਹਿਜ ਹੀ ਮੁਕਤ ਕਰਾ ਕੇ ਮਨੁੱਖਤਾ ਦੇ ਰੋਸ਼ਨ ਭਵਿੱਖ ਪ੍ਰਤੀ ਆਸ ਬੰਨ ਦਿੱਤੀ ਜੋ ਡਾਵਾਂ ਡੋਲ ਹੋ ਰਹੇ ਮਨਾਂ ਨੂੰ ਭਰਵਾਂ ਧੀਰਜ ਦੇਣ ਵਾਲੀ ਸੀ I ਲੋਕਾਂ ਨੇ ਦੇਖਿਆ ਕਿ ਅਨਿਆ ਦਾ ਡੱਟ ਕੇ ਸਾਮਨਾ ਕਰਨ , ਹਰ ਹਾਲ ‘ਚ ਨਿਆਅ ਵਰਤਾਉਣ ਅਤੇ ਦੁੱਖਾਂ ਦੇ ਅੰਧਕਾਰ ਨੂੰ ਸੁੱਖਾਂ ਦੇ ਪ੍ਰਕਾਸ਼ ‘ਚ ਬਦਲ ਦੇਣ ਵਾਲੀ ਸਮਰਥ ਸ਼ਕਤੀ ਸੰਸਾਰ ‘ਚ ਵਿਦਮਾਨ ਹੈ I ਸਾਲ ‘ਚ ਇਕ ਦਿਨ ਦੀਵੇ ਬਾਲਣ ਦਾ ਪਰਵ ਮਨਾਉਣ ਵਾਲੇ ਲੋਕਾਂ ਲਈ ਇਹ ਹਰ ਦਿਨ ਦਿਵਾਲੀ ਜਿਹਾ ਕਰ ਦੇਣ ਵਾਲੀ ਗਲ ਸੀ I ਲੋਕਾਂ ਦੇ ਮਨਾਂ ਅੰਦਰ ਥਿਰ ਪਰਮਾਤਮਾ ਦੀ ਜੋਤ ਭਾਵ ਅੰਤਰ ਚੇਤਨਾ ਨੂੰ ਜਾਗ੍ਰਤ ਕਰ ਕੇ ਉਹਨਾਂ ਦੇ ਜੀਵਨ ਪਰਮਾਤਮਾ ਦੀ ਮਿਹਰ ਨਾਲ ਭਰਪੂਰ ਕਰ ਦੇਣਾ ਦਿਵਾਲੀ ਜਿਹਾ ਅਤੇ ਸਦੀਵੀ ਆਨੰਦ ਦੇਣ ਵਾਲਾ ਸਿੱਧ ਹੋਇਆ I
ਗੁਰੂ ਹਰਿਗੋਬਿੰਦ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਲੀ ਸੱਦ ਧੋਖੇ ਨਾਲ ਹਿਰਾਸਤ ਵਿੱਚ ਲੈ ਕੇ ਆਪਣੇ ਮਨ ਦੇ ਘਨੇ ਹਨੇਰੇ ਦਾ ਸਬੂਤ ਦਿੱਤਾ I ਵਡ ਜੋਧਾ, ਪਰ ਉਪਕਾਰੀ ਗੁਰੂ ਸਾਹਿਬ ਨੇ ਇਸ ਹਨੇਰੇ ਨੂੰ ਤੇਗ ਦੀ ਥਾਂ ਤਿਆਗ ਨਾਲ ਭੰਨਣ ਦਾ ਨਿਰਣਾ ਕੀਤਾ I ਗੁਰੂ ਸਾਹਿਬ ਨੇ ਗਵਾਲੀਅਰ ਕਿਲੇ ਦੀ ਹਿਰਾਸਤ ਨੂੰ ਪਰਮਾਤਮਾ ਦੀ ਰਜ਼ਾ ਮੰਨਦਿਆਂ ਸਿੱਖ ਸੰਗਤ , ਸ਼੍ਰੀ ਹਰਿਮੰਦਰ ਸਾਹਿਬ ਅਤੇ ਪਰਿਵਾਰ ਦੇ ਵਿਛੋਹ ਨੂੰ ਸਵੀਕਾਰ ਕੀਤਾ ਜੋ ਦੋ ਸਾਲ ਤੂੰ ਵੀ ਜਿਆਦਾ ਲੰਬਾ ਸੀ I ਆਪ ਨੇ ਗਵਾਲੀਅਰ ਕਿਲੇ ਵਿੱਚ ਹੁਕੂਮਤ ਵੱਲੋਂ ਦਿੱਤੀਆਂ ਗਈਆਂ ਭੋਜਨ , ਵਸਤਰ ਆਦਿ ਦੀਆਂ ਖਾਸ ਸੁਵਿਧਾਵਾਂ ਦਾ ਤਿਆਗ ਕਰਦਿਆਂ ਇਨ੍ਹਾਂ ਨੂੰ ਕਿਲੇ ਅੰਦਰ ਪਹਿਲਾਂ ਤੋਂ ਕੈਦ ਰਾਜਿਆਂ ਵਿੱਚ ਵੰਡ ਦੇਣ ਦਾ ਫੈਸਲਾ ਲਿਆ ਜੋ ਆਪਣਾ ਰਾਜ ਪਾਟ , ਰਿਆਸਤ , ਰੁਤਬਾ ਗੁਆ ਕੇ ਬੜੀ ਹੀ ਬਦਹਾਲੀ ਭਰਿਆ ਜੀਵਨ ਬਤੀਤ ਕਰ ਰਹੇ ਸਨ I ਗੁਰੂ ਸਾਹਿਬ ਨੇ ਆਤਮਿਕ ਉਪਦੇਸ਼ ਦੇ ਕੇ ਬੰਦੀ ਰਾਜਿਆਂ ਦੇ ਹਿਰਦੇ ਸ਼ਾਂਤ ਕਰਨ ਦਾ ਵੱਡਾ ਉਪਕਾਰ ਕੀਤਾ I ਉਹਨਾਂ ਦੇ ਮਨ ਅੰਦਰ ਪਰਮਾਤਮਾ ਪ੍ਰਤੀ ਵਿਸ਼ਵਾਸ ਅਤੇ ਪ੍ਰੇਮ ਦੇ ਦੀਪ ਜਗਮਗ ਹੋ ਪਏ I ਗੁਰੂ ਸਾਹਿਬ ਸਦਕਾ ਸਾਰੇ ਬੰਦੀ ਰਾਜਿਆਂ ਨੂੰ ਚਿਰਾਂ ਬਾਅਦ ਚੰਗਾ ਭੋਜਨ ਅਤੇ ਵਸਤਰ ਆਦਿ ਨਸੀਬ ਹੋਏ ਜੋ ਉਹਨਾਂ ਦੇ ਦਿਨ ਬਦਲਨ ਦਾ ਸੰਕੇਤ ਸਨ I ਇਸ ਤਰਹ ਗੁਰੂ ਸਾਹਿਬ ਦਾ ਗਵਾਲੀਅਰ ਕਿਲੇ ‘ਚ ਆਗਮਨ ਬੰਦੀ ਰਾਜਿਆਂ ਲਈ ਪਹਿਲਾਂ ਆਤਮਿਕ ਬੰਦੀ ਤੋ ਮੁਕਤ ਹੋਣ ਦਾ ਸਬਬ ਬਣਿਆ I ਗੁਰੂ ਸਾਹਿਬ ਆਪ , ਨਾਲ ਗਏ ਸਿੱਖਾਂ ਦੀ ਮਿਹਨਤ ਦੀ ਕਮਾਈ ਨਾਲ ਤਿਆਰ ਭੋਜਨ ਹੀ ਕਰਦੇ ਸਨ I ਗਵਾਲੀਅਰ ਕਿਲੇ ਦੀ ਕੈਦ ਦੇ ਸਮੇਂ ਦੀ ਭਰਪੂਰ ਵਰਤੋਂ ਗੁਰੂ ਸਾਹਿਬ ਨੇ ਪ੍ਰਭੂ ਸਿਮਰਨ ‘ਚ ਕੀਤੀ I ਗੁਰੂ ਸਾਹਿਬ ਦੇ ਅੰਮ੍ਰਿਤਸਰ ਨਾ ਪੁੱਜਣ ਤੇ ਜਦੋਂ ਸੰਗਤਾਂ ਵਿਹਵਲ ਹੋਈਆਂ ਤਾਂ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਦਰਸ਼ਨਾਂ ਲਈ ਗਵਾਲੀਅਰ ਪੁੱਜੇ I ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਪ੍ਰਭੂ ਦੇ ਭਾਣੇ ‘ਚ ਪ੍ਰਸੰਨ ਰਹਿਣ ਲਈ ਕਿਹਾ I ਇਹ ਸਿੱਖੀ ਸਿਦਕ ਦਾ ਵੀ ਪ੍ਰੀਖਿਆ ਕਾਲ ਸੀ I ਸਾਰੀ ਸੰਗਤ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪਰਤ ਗਈ I
ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਕਿਲੇ ‘ਚ ਕੈਦ ਕਰਣਾ ਸਰਾਸਰ ਅਨਿਆ ਸੀ ਜਿਸ ਦੇ ਵਿਰੁਧ ਕਈ ਮੁਸਲਮਾਨਾਂ ਨੇ ਵੀ ਇਤਰਾਜ ਕੀਤਾ ਅਤੇ ਗੁਰੂ ਸਾਹਿਬ ਨੂੰ ਰਿਹਾ ਕਰਨ ਲਈ ਜਹਾਂਗੀਰ ਨੂੰ ਤਿਆਰ ਕੀਤਾ I ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਦੇਰ ਨਾਲ ਹੋਇਆ ਅਤੇ ਉਸ ਨੇ ਵਜੀਰ ਖਾਂ ਨੂੰ ਰਿਹਾਈ ਦਾ ਹੁਕਮ ਦੇ ਕੇ ਗਵਾਲੀਅਰ ਭੇਜਿਆ I ਗੁਰੂ ਸਾਹਿਬ ਦੀ ਰਿਹਾਈ ਦੀ ਖਬਰ ਸੁਣਦਿਆਂ ਹੀ ਬੰਦੀ ਰਾਜਿਆਂ ‘ਚ ਨਿਰਾਸ਼ਾ ਵਿਆਪਤ ਹੋ ਗਈ ਅਤੇ ਭਵਿੱਖ ਅੰਧਕਾਰ ਭਰਿਆ ਦਿੱਸਣ ਲਗ ਪਿਆ I ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਬੰਦੀ ਰਾਜਿਆਂ ਦੀ ਰਿਹਾਈ ਤੋਂ ਬਿਨਾ ਆਪਣੀ ਮੁਕਤੀ ਉਹਨਾਂ ਨੂੰ ਸਵੀਕਾਰ ਨਹੀਂ I ਗੁਰੂ ਸਾਹਿਬ ਦੇ ਨਿਸ਼ਚੈ ਅੱਗੇ ਬਾਦਸ਼ਾਹ ਨੂੰ ਝੁਕਨਾ ਪਿਆ I ਗੁਰੂ ਸਾਹਿਬ ਦੇ ਨਾਲ ਹੀ ਸਾਰੇ ਰਾਜੇ ਰਿਹਾ ਹੋ ਕੇ ਬਾਹਰ ਆਏ I
ਗੁਰੂ ਹਰਿਗੋਬਿੰਦ ਜੀ ਦੀ ਵੀਰਤਾ ਤੇ ਕਿਸੇ ਨੂੰ ਵੀ ਸੰਦੇਹ ਨਹੀਂ ਸੀ I ਆਪ ਜਿਤਨੇ ਬਹਾਦਰ ਜੋਧਾ ਸਨ ਉਤਨੇ ਹੀ ਨਿਰਮਲ ਅਤੇ ਉਦਾਰ ਹਿਰਦੇ ਦੇ ਮਾਲਕ ਸਨ I ਜਹਾਂਗੀਰ ਨੂੰ ਗੁਰੂ ਸਾਹਿਬ ਨੇ ਸ਼ੇਰ ਦੇ ਹਮਲੇ ਤੋਂ ਬਚਾਇਆ ਸੀ ਅਤੇ ਆਪਣੀ ਤਲਵਾਰ ਨਾਲ ਸ਼ੇਰ ਦੇ ਦੋ ਟੁੱਕੜੇ ਕਰ ਦਿੱਤੇ ਸਨ I ਇਸ ਦੇ ਬਾਵਜੂਦ ਜਹਾਂਗੀਰ ਨੇ ਆਪਣੇ ਸਲਾਹਕਾਰਾਂ ਦੇ ਉਕਸਾਵੇ ‘ਚ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਤਾਂ ਆਪਣੇ ਮਨ ਦੇ ਹਨੇਰੇ ਪ੍ਰਕਟ ਕੀਤੇ I ਪ੍ਰਕਾਸ਼ ਦੇ ਮੁਜੱਸਮੇ ਗੁਰੂ ਸਾਹਿਬ ਨੇ ਇਸ ਧੋਖੇ ਦਾ ਜਵਾਬ ਧੀਰਜ ਅਤੇ ਸੰਜਮ ਨਾਲ ਦੇ ਕੇ ਜਹਾਂਗੀਰ ਨੂੰ ਗਲਤ ਸਾਬਿਤ ਕੀਤਾ I ਪਸ਼ਚਾਤਾਪ ਸਵਰੂਪ ਜਹਾਂਗੀਰ ਨੇ ਗੁਰੂ ਸਾਹਿਬ ਵਲ ਮਿਤ੍ਰਤਾ ਦਾ ਹੱਥ ਵਧਾਇਆ ਅਤੇ ਪ੍ਰਕਾਸ਼ ਦੀ ਅਧੀਨਤਾ ਨੂੰ ਕਬੂਲ ਕੀਤਾ I ਇਹ ਹਨੇਰੇ ਤੇ ਰੋਸ਼ਨੀ ਦੀ ਵੱਡੀ ਜਿੱਤ ਸੀ ਜੋ ਬਿਨਾ ਤੇਗ ਉਠਾਇਆਂ ਲੜੀ ਗਈ . ਗੁਰੂ ਸਾਹਿਬ ਦੇ ਅੰਮ੍ਰਿਤਸਰ ਪੁੱਜਣ ਤੇ ਸੰਗਤਾਂ ਖੁਸ਼ੀ ਨਾਲ ਭਰ ਗਈਆਂ I ਸ੍ਰੀ ਹਰਿਮੰਦਰ ਸਾਹਿਬ ਵਿੱਚ ਰੋਸ਼ਨੀ ਕੀਤੀ ਗਈ ਅਤੇ ਇਸ ਦਿਨ ਨੂੰ ਇਕ ਪਰਵ ਦੀ ਤਰਹ ਮਨਾਇਆ ਗਿਆ I ਗੁਰੂ ਸਾਹਿਬ ਦਾ ਬੰਦੀਛੋੜ ਸਵਰੂਪ ਸੰਸਾਰ ਦੇ ਸਾਮਨੇ ਪ੍ਰਤੱਖ ਹੋਇਆ I ਸਤਿਗੁਰੂ ਹੀਨਤਾ , ਨਿਰਾਸ਼ਾ , ਦੁਖ , ਸੰਤਾਪ ਤੋਂ ਮੁਕਤ ਕਰ ਕੇ ਮਨ ਨੂੰ ਆਸ ਦੇ ਅਨੰਤ ਦੀਪਾਂ ਨਾਲ ਜਗਮਗ ਕਰ ਦੇਣ ਵਾਲਾ ਹੈ I ਇਹ ਦੀਪ ਹਨ ਗਿਆਨ ਦੇ “ ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰ ਗਵਾਇਆ “ I ਅਗਿਆਨ ਦੇ ਹਨੇਰੇ ਦੀ ਕੈਦ ਸਭ ਤੋਂ ਸਖ਼ਤ ਹੈ I ਇਸ ਹਨੇਰੇ ਦੇ ਬੰਦੀਆਂ ਨੂੰ ਛੁਡਾਉਣ ਵਾਲਾ ਇੱਕੋ ਇੱਕ ਵਾਹਿਗੁਰੂ ਹੈ ਦਾਤਾ ਬੰਦੀਛੋੜ I
