ArticlesAustralia & New Zealand

ਸਮਾਂ ਬਦਲ ਗਿਆ ਹੈ ਅਤੇ ਹੁਣ ਸਰਕਾਰ ਨੂੰ ਵੀ ਨਵੇਂ ਤਰੀਕੇ ਨਾਲ ਕੰਮ ਕਰਨਾ ਹੋਵੇਗਾ – ਪ੍ਰੀਮੀਅਰ ਕੈਰੋਲ

ਬੇਨ ਕੈਰੋਲ ਵਿਕਟੋਰੀਆ ਦੇ ਪ੍ਰੀਮੀਅਰ।

ਬੇਨ ਕੈਰੋਲ ਹੁਣ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬਣ ਗਏ ਹਨ। ਵਿਕਟੋਰੀਆ ਦੀ ਲੇਬਰ ਪਾਰਟੀ ਨੇ ਸਰਬਸੰਮਤੀ ਨਾਲ ਆਪਣੇ ਨਵੇਂ ਆਗੂ ਦੀ ਚੋਣ ਕੀਤੀ। ਨਵੇਂ ਪ੍ਰੀਮੀਅਰ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਲਈ ਮਾਣ ਅਤੇ ਨਿਮਰਤਾ ਦੀ ਗੱਲ ਹੈ।

ਪ੍ਰੀਮੀਅਰ ਬੇਨ ਕੈਰੋਲ ਦੱਸਿਆ ਕਿ, “ਪਾਰਟੀ ਦੇ ਕਈ ਸਾਥੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜੈਸਿੰਟਾ ਐਲਨ ਨੂੰ ਹੁਣ ਲੇਬਰ ਪਾਰਟੀ ਦੇ ਕਾਕਸ ਦਾ ਸਮਰਥਨ ਨਹੀਂ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੂੰ ਆਗੂ ਬਣਨ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਗਈ। ਇਹ ਫੈਸਲਾ ਲੈਣਾ ਆਸਾਨ ਨਹੀਂ ਸੀ, ਪਰ ਆਉਣ ਵਾਲੀਆਂ ਚੋਣਾਂ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਰਵੇਖਣਾਂ ਅਨੁਸਾਰ ਵਿਕਟੋਰੀਆ ਵਿੱਚ ਪਹਿਲੀ ਵਾਰ ਲਿਬਰਲ–ਵਨ ਨੇਸ਼ਨ ਗਠਜੋੜ ਸਰਕਾਰ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਹਸਪਤਾਲਾਂ, ਸਕੂਲਾਂ ਅਤੇ ਹੋਰ ਜ਼ਰੂਰੀ ਸਰਕਾਰੀ ਸੇਵਾਵਾਂ ਵਿੱਚ ਕਟੌਤੀਆਂ ਕਰ ਸਕਦੀ ਹੈ। ਇਸ ਤੋਂ ਇਲਾਵਾ ਸਸਤੀ ਬਾਲ ਸੰਭਾਲ (ਚਾਈਲਡਕੇਅਰ), ਮੁਫ਼ਤ TAFE ਅਤੇ ਹੋਰ ਕਈ ਸਹੂਲਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਨਵੇਂ ਪ੍ਰੀਮੀਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਨਵੀਂ ਦਿਸ਼ਾ ਵਿੱਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਕਾਰੋਬਾਰ, ਰਾਜਨੀਤੀ ਜਾਂ ਟਰੇਡ ਯੂਨੀਅਨ ਨਾਲ ਜੁੜਿਆ ਹੋਵੇ। ਉਨ੍ਹਾਂ ਐਲਾਨ ਕੀਤਾ ਕਿ ਪ੍ਰੀਮੀਅਰ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਫੈਸਲਾ ਨਿਰਮਾਣ (ਕੰਸਟਰਕਸ਼ਨ) ਖੇਤਰ ਦੀ ਜਾਂਚ ਲਈ ਇੱਕ ਰਾਇਲ ਕਮਿਸ਼ਨ ਬਣਾਉਣਾ ਹੋਵੇਗਾ। ਇਸ ਦੇ ਨਾਲ ਹੀ ਇੱਕ ਸਪੈਸ਼ਲ ਪ੍ਰੋਸੀਕਿਊਟਰ ਵੀ ਨਿਯੁਕਤ ਕੀਤਾ ਜਾਵੇਗਾ, ਜੋ ਰਾਇਲ ਕਮਿਸ਼ਨ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ IBAC ਨੂੰ ਇਸੇ ਕਾਰਜਕਾਲ ਦੌਰਾਨ ਵਿੱਤੀ ਲੈਣ-ਦੇਣ ਦੀ ਜਾਂਚ ਕਰਨ ਲਈ ਹੋਰ ਵੱਧ ਅਧਿਕਾਰ ਦਿੱਤੇ ਜਾਣਗੇ। ਨਵੇਂ ਪ੍ਰੀਮੀਅਰ ਨੇ ਕਿਹਾ ਕਿ ਉਹ ਨਾ ਤਾਂ ਡੈਨੀਅਲ ਐਂਡਰਿਊਜ਼ ਹਨ ਅਤੇ ਨਾ ਹੀ ਜੈਸਿੰਟਾ ਐਲਨ। ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ ਅਤੇ ਹੁਣ ਸਰਕਾਰ ਨੂੰ ਵੀ ਨਵੇਂ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਵਿਕਟੋਰੀਆ ਦੇ ਪੱਛਮੀ ਇਲਾਕੇ ਵਿੱਚ ਪਲੇ-ਬੜੇ ਹਨ ਅਤੇ ਮਿਹਨਤ ਦੀ ਕਦਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੀ ਪਹਿਲੀ ਨੌਕਰੀ ਏਅਰਪੋਰਟ ਵੈਸਟ ਦੇ ਇੱਕ Kmart ਸਟੋਰ ਵਿੱਚ ਸੀ। ਉਨ੍ਹਾਂ ਕਿਹਾ ਕਿ ਪਹਿਲੀ ਤਨਖ਼ਾਹ ਮਿਲਣ ਨਾਲ ਉਨ੍ਹਾਂ ਨੂੰ ਪੈਸੇ ਦੀ ਅਸਲ ਕੀਮਤ ਦਾ ਅਹਿਸਾਸ ਹੋਇਆ, ਇਸ ਲਈ ਉਹ ਜਾਣਦੇ ਹਨ ਕਿ ਲੋਕ ਸਰਕਾਰੀ ਖਰਚਿਆਂ ਬਾਰੇ ਕਿਉਂ ਚਿੰਤਤ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਦਾ ਹਰ ਡਾਲਰ ਸੋਚ-ਸਮਝ ਕੇ ਅਤੇ ਜ਼ਿੰਮੇਵਾਰੀ ਨਾਲ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਲਈ ਜ਼ਰੂਰੀ ਸੇਵਾਵਾਂ ਅਤੇ ਮਹਿੰਗਾਈ ਤੋਂ ਰਾਹਤ ਦੇਣ ‘ਤੇ ਧਿਆਨ ਦੇਵੇਗੀ।

ਕਾਨੂੰਨ-ਵਿਵਸਥਾ ਬਾਰੇ ਉਨ੍ਹਾਂ ਕਿਹਾ ਕਿ ਜੁਰਮ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਚੁੱਕੇ ਹਨ ਅਤੇ ਪੁਲਿਸ ਨੂੰ ਅਪਰਾਧ ਨਾਲ ਨਜਿੱਠਣ ਲਈ ਲੋੜੀਂਦੇ ਅਧਿਕਾਰ, ਫੰਡ ਅਤੇ ਸਹਾਇਤਾ ਦਿੱਤੀ ਜਾਵੇਗੀ।

ਕਾਰੋਬਾਰੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਹਮੇਸ਼ਾ ਮਜ਼ਦੂਰਾਂ ਦੀ ਪਾਰਟੀ ਰਹੇਗੀ, ਪਰ ਵਿਕਟੋਰੀਆ ਦੀ ਅਰਥਵਿਵਸਥਾ ਸਰਕਾਰ, ਕਾਰੋਬਾਰ ਅਤੇ ਮਿਹਨਤੀ ਲੋਕਾਂ ਦੀ ਸਾਂਝ ਨਾਲ ਹੀ ਅੱਗੇ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਟੋਰੀਆ ਨੂੰ ਨਿਵੇਸ਼ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗੀ।

ਅੰਤ ਵਿੱਚ ਨਵੇਂ ਪ੍ਰੀਮੀਅਰ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਹਰ ਵਿਕਟੋਰੀਆ ਵਾਸੀ ‘ਤੇ ਰਹੇਗਾ—ਮਿਹਨਤ ਕਰਨ ਵਾਲੇ ਪਰਿਵਾਰਾਂ, ਨਰਸਾਂ, ਅਧਿਆਪਕਾਂ ਅਤੇ ਛੋਟੇ ਕਾਰੋਬਾਰੀਆਂ ‘ਤੇ। ਉਨ੍ਹਾਂ ਕਿਹਾ ਕਿ ਵਿਕਟੋਰੀਆ ਹੁਣ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ 27 ਸਾਲਾਂ ਦੀ ਜਨ ਸੇਵਾ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਵੇਂ ਪ੍ਰੀਮੀਅਰ ਨੇ ਕਿਹਾ ਕਿ ਵਿਕਟੋਰੀਆ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਇਹ ਬਦਲਾਅ ਅੱਜ ਤੋਂ ਹੀ ਸ਼ੁਰੂ ਹੁੰਦਾ ਹੈ।

Related posts

‘ਬੇਵਫਾ ਨਿਕਲਿਆ ਤੂੰ’ ਨਾਲ ਚਰਚਾ ਵਿਚ ਹੈ “ਸਬਰੀਨਾ ਸਪਾਲ”  

admin

ਬਰਫੀ ਵਾਲਾ ਲਿਫਾਫਾ 

admin

ਬਲਾਤਕਾਰ ਮਾਮਲੇ ‘ਚ ‘ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਪਾਦਰੀ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ !

admin