
ਆਸਟ੍ਰੇਲੀਆ ਵਿੱਚ ਨਸਲਕੁਸ਼ੀ ਵਾਰੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅੱਜ ਦੇ ਸਮੇਂ ਵਿੱਚ ਵੱਧ ਰਹੇ ਯਹੂਦੀ-ਵਿਰੋਧ ਨੂੰ ਵੀ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ।
ਮੋਨਾਸ਼ ਯੂਨੀਵਰਸਿਟੀ ਦੇ ‘ਆਸਟ੍ਰੇਲੀਅਨ ਸੈਂਟਰ ਫ਼ਾਰ ਜਿਊਇਸ਼ ਸਿਵਿਲਾਈਜ਼ੇਸ਼ਨ’ ਦੀ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਵਿੱਚ ਨਸਲਕੁਸ਼ੀ ਵਾਰੇ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਉਪਰ ਯਹੂਦੀ-ਵਿਰੋਧ ਨੂੰ ਵੀ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਰਕੇ ਵਰਤਮਾਨ ਵਿੱਚ ਅਧਿਆਪਕ ਇਸ ਸਬੰਧੀ ਵੱਡਾ ਬੋਝ ਝੱਲ ਰਹੇ ਹਨ। ਇਸ ਰਿਪੋਰਟ ਦਾ ਨਾਮ “Holocaust Education and its Role in Addressing Antisemitism in Australia” ਹੈ। ਇਹ ਖੋਜ Monash Initiative for Rapid Research into Antisemitism (MIRRA) ਦਾ ਹਿੱਸਾ ਹੈ। ਇਸ ਵਿੱਚ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ 25 ਮਾਹਿਰ ਅਧਿਆਪਕਾਂ, ਖੋਜਕਾਰਾਂ ਅਤੇ ਮਿਊਜ਼ੀਅਮ ਮਾਹਿਰਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਦੇ ਆਧਾਰ ‘ਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਮੌਜੂਦਾ ਸਮਾਜਕ ਅਤੇ ਰਾਜਨੀਤਿਕ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰ ਰਹੇ ਹਨ।
MIRRA ਦੇ ਮੁੱਖ ਖੋਜਕਾਰ ਅਤੇ ਆਸਟ੍ਰੇਲੀਅਨ ਸੈਂਟਰ ਫ਼ਾਰ ਜਿਊਇਸ਼ ਸਿਵਿਲਾਈਜ਼ੇਸ਼ਨ ਦੇ ਡਾਇਰੈਕਟਰ ਪ੍ਰੋਫੈਸਰ ਡੇਵਿਡ ਸਲੱਕੀ ਨੇ ਕਿਹਾ ਹੈ ਕਿ, “ਰਿਪੋਰਟ ਵਿੱਚ ਇੱਕ ਵੱਡੀ ਸਮੱਸਿਆ ਸਾਹਮਣੇ ਆਈ ਹੈ। ਇੱਕ ਪਾਸੇ ਅਧਿਆਪਕ ਨਸਲਕੁਸ਼ੀ ਦੇ ਅਸਲੀ ਇਤਿਹਾਸ ਨੂੰ ਸਹੀ ਢੰਗ ਨਾਲ ਪੜ੍ਹਾਉਣਾ ਚਾਹੁੰਦੇ ਹਨ, ਪਰ ਦੂਜੇ ਪਾਸੇ ਉਨ੍ਹਾਂ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦੇ ਸਬਕਾਂ ਰਾਹੀਂ ਆਸਟ੍ਰੇਲੀਆ ਵਿੱਚ ਵੱਧ ਰਹੇ ਯਹੂਦੀ-ਵਿਰੋਧ ਅਤੇ ਇਜ਼ਰਾਈਲ-ਫ਼ਲਸਤੀਨ ਸੰਘਰਸ਼ ਵਰਗੇ ਮੌਜੂਦਾ ਮਸਲਿਆਂ ਬਾਰੇ ਵੀ ਗੱਲ ਕਰਨ। ਖੋਜ ਤੋਂ ਪਤਾ ਲੱਗਿਆ ਹੈ ਕਿ ਅੱਜ ਹੋਲੋਕਾਸਟ ਬਾਰੇ ਜ਼ਿਆਦਾ ਜਾਣਕਾਰੀ ਅਤੇ ਪੜ੍ਹਾਈ ਹੋਣ ਦੇ ਬਾਵਜੂਦ, ਆਸਟ੍ਰੇਲੀਆ ਵਿੱਚ ਯਹੂਦੀ-ਵਿਰੋਧ ਘੱਟ ਨਹੀਂ ਹੋਇਆ। ਮਿਊਜ਼ੀਅਮਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਉੱਤੇ ਹੁਣ ਦੋਹਰਾ ਦਬਾਅ ਹੈ—ਉਹ ਯਹੂਦੀ-ਵਿਰੋਧ ਬਾਰੇ ਵੀ ਗੱਲ ਕਰਨ ਅਤੇ ਇਜ਼ਰਾਈਲ ਅਤੇ ਗਾਜ਼ਾ ਵਿੱਚ ਚੱਲ ਰਹੇ ਹਿੰਸਕ ਟਕਰਾਅ ਬਾਰੇ ਵੀ। ਸਮਾਜ ਦੀ ਇਸ ਵੱਡੀ ਸਮੱਸਿਆ ਦਾ ਪੂਰਾ ਹੱਲ ਸਿਰਫ਼ ਹੋਲੋਕਾਸਟ ਦੀ ਸਿੱਖਿਆ ਤੋਂ ਨਹੀਂ ਹੋ ਸਕਦਾ। ਇਸ ਲਈ ਸਾਨੂੰ ਹਕੀਕਤੀ ਸੋਚ ਰੱਖਣੀ ਚਾਹੀਦੀ ਹੈ ਕਿ ਹੋਲੋਕਾਸਟ ਵਾਰੇ ਪੜ੍ਹਾਉਣ ਨਾਲ ਹਰ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਦਾ।”
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਗਾਜ਼ਾ ਵਿੱਚ ਹੋਈ ਹਿੰਸਾ ਨੇ ਹੋਲੋਕਾਸਟ ਅਧਿਆਪਕਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਕੀਤੀਆਂ ਹਨ। ਕਈ ਅਧਿਆਪਕਾਂ ਨੇ ਮੰਨਿਆ ਕਿ ਉਨ੍ਹਾਂ ਕੋਲ ਅਜਿਹੇ ਸੰਵੇਦਨਸ਼ੀਲ ਅਤੇ ਰਾਜਨੀਤਿਕ ਤੌਰ ‘ਤੇ ਵੰਡੇ ਹੋਏ ਵਿਸ਼ਿਆਂ ‘ਤੇ ਗੱਲ ਕਰਨ ਲਈ ਪੂਰੀ ਸਿਖਲਾਈ ਜਾਂ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਹਨ।
ਪ੍ਰੋਫੈਸਰ ਸਲੱਕੀ ਨੇ ਕਿਹਾ ਕਿ, “ਜਿਵੇਂ-ਜਿਵੇਂ ਆਸਟ੍ਰੇਲੀਆ ਬਦਲ ਰਿਹਾ ਹੈ, ਹੋਲੋਕਾਸਟ ਦੀ ਸਿੱਖਿਆ ਨੂੰ ਵੀ ਨਵੇਂ ਹਾਲਾਤਾਂ ਅਨੁਸਾਰ ਬਦਲਣਾ ਪਵੇਗਾ। ਪਰ ਇਸ ਨਾਲ ਇੱਕ ਨਵਾਂ ਤਣਾਅ ਵੀ ਪੈਦਾ ਹੋ ਰਿਹਾ ਹੈ, ਕਿਉਂਕਿ ਨਸਲਕੁਸ਼ੀ ਤੋਂ ਮਿਲਣ ਵਾਲੇ ਆਮ ਮਨੁੱਖੀ ਸਬਕ ਅੱਜ ਦੇ ਵਿਸ਼ਵ ਪੱਧਰੀ ਰਾਜਨੀਤਿਕ ਘਟਨਾਕ੍ਰਮ ਨਾਲ ਟਕਰਾ ਰਹੇ ਹਨ। ਇਸ ਲਈ ਅਧਿਆਪਕਾਂ ਨੂੰ ਅਜਿਹੀਆਂ ਗੱਲਬਾਤਾਂ ਨੂੰ ਸੰਭਾਲਣ ਲਈ ਵਧੀਆ ਸਿਖਲਾਈ ਅਤੇ ਸਾਧਨਾਂ ਦੀ ਲੋੜ ਹੈ।”
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਸਲਕੁਸ਼ੀ ਪੜ੍ਹਾਉਣ ਵਾਲੇ ਅਧਿਆਪਕਾਂ ‘ਤੇ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਵਾਂ ਵਾਲੇ ਲੋਕ ਦਬਾਅ ਪਾ ਰਹੇ ਹਨ ਕਿ ਉਹ ਆਪਣੀ ਪੜ੍ਹਾਈ ਨੂੰ ਉਨ੍ਹਾਂ ਦੇ ਨਜ਼ਰੀਏ ਅਨੁਸਾਰ ਪੇਸ਼ ਕਰਨ।
ਕਈ ਹਿੱਸੇਦਾਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਯਹੂਦੀ ਪਹਿਚਾਣ ਨੂੰ ਸਿਰਫ਼ ਨਸਲਕੁਸ਼ੀ ਨਾਲ ਜੋੜਿਆ ਜਾਵੇ, ਤਾਂ ਇਸ ਨਾਲ ਆਸਟ੍ਰੇਲੀਅਨ ਯਹੂਦੀ ਭਾਈਚਾਰੇ ਨੂੰ ਕੇਵਲ ਦੁੱਖ ਅਤੇ ਪੀੜਤ ਹੋਣ ਦੇ ਰੂਪ ਵਿੱਚ ਹੀ ਦੇਖਿਆ ਜਾਵੇਗਾ। ਇਸ ਨਾਲ ਅੱਜ ਦੇ ਜੀਵੰਤ, ਸਰਗਰਮ ਅਤੇ ਸੰਸਕ੍ਰਿਤਿਕ ਤੌਰ ‘ਤੇ ਧਨਾਢ ਯਹੂਦੀ ਭਾਈਚਾਰੇ ਦੀ ਅਸਲੀ ਤਸਵੀਰ ਸਾਹਮਣੇ ਨਹੀਂ ਆਵੇਗੀ।
ਇਸ ਤੋਂ ਇਲਾਵਾ, ਨਸਲਕੁਸ਼ੀ ਦੀ ਸਿੱਖਿਆ ਦੇ ਖੇਤਰ ਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲਾਂ ਵਿੱਚ ਪੜ੍ਹਾਉਣ ਲਈ ਸਮਾਂ ਘੱਟ ਹੈ, ਸਾਧਨ ਸੀਮਿਤ ਹਨ, ਹੋਰ ਵਿਸ਼ਿਆਂ ਦਾ ਵੀ ਦਬਾਅ ਹੈ ਅਤੇ ਨਸਲਕੁਸ਼ੀ ਦਾ ਵਿਸ਼ਾ ਆਪਣੇ ਆਪ ਵਿੱਚ ਕਾਫ਼ੀ ਔਖਾ ਹੈ। ਇਸ ਦੇ ਨਾਲ ਹੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਲਤ ਜਾਣਕਾਰੀ ਅਤੇ ਯਹੂਦੀ-ਵਿਰੋਧੀ ਸਮੱਗਰੀ ਵੀ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ।
ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਦੇਸ਼ ਭਰ ਵਿੱਚ ਨਸਲਕੁਸ਼ੀ ਦੀ ਸਿੱਖਿਆ ਲਈ ਇੱਕ ਸਾਂਝਾ ਰਾਸ਼ਟਰੀ ਢਾਂਚਾ ਤਿਆਰ ਕਰੇ। ਇਸ ਨਾਲ ਸਾਰੇ ਸਕੂਲਾਂ ਵਿੱਚ ਇੱਕੋ ਜਿਹੇ ਮਿਆਰ ਅਤੇ ਸਿੱਖਿਆ ਦੇ ਉਦੇਸ਼ ਹੋਣਗੇ।ਰਿਪੋਰਟ ਇਹ ਵੀ ਕਹਿੰਦੀ ਹੈ ਕਿ ਯਹੂਦੀ-ਵਿਰੋਧ ਨੂੰ ਰੋਕਣ ਲਈ ਵੱਖਰੀ ਸਿੱਖਿਆ ਅਤੇ ਪ੍ਰੋਗਰਾਮ ਹੋਣੇ ਚਾਹੀਦੇ ਹਨ, ਨਾ ਕਿ ਇਹ ਮੰਨਿਆ ਜਾਵੇ ਕਿ ਸਿਰਫ਼ ਨਸਲਕੁਸ਼ੀ ਬਾਰੇ ਪੜ੍ਹਾਉਣ ਨਾਲ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ। ਰਿਪੋਰਟ ਵਿੱਚ ਇਹ ਵੀ ਸਿਫ਼ਾਰਸ਼ ਕੀਤੀ ਗਈ ਹੈ ਕਿ ਨਸਲਕੁਸ਼ੀ ਬਾਰੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਵੇ, ਤਾਂ ਜੋ ਉਹ ਇਜ਼ਰਾਈਲ-ਫ਼ਲਸਤੀਨ ਸੰਘਰਸ਼ ਵਰਗੇ ਸੰਵੇਦਨਸ਼ੀਲ ਵਿਸ਼ਿਆਂ ‘ਤੇ ਕਲਾਸਰੂਮ ਵਿੱਚ ਹੋਣ ਵਾਲੀਆਂ ਚਰਚਾਵਾਂ ਨੂੰ ਸਹੀ ਢੰਗ ਨਾਲ ਸੰਭਾਲ ਸਕਣ। ਨਾਲ ਹੀ, ਅਧਿਆਪਕਾਂ ਨੂੰ ਖੁਦ ਵੀ ਇਹ ਸੋਚਣ ਅਤੇ ਵਿਚਾਰ ਕਰਨ ਦਾ ਮੌਕਾ ਮਿਲੇ ਕਿ ਅੱਜ ਦੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਨਸਲਕੁਸ਼ੀ ਦੀ ਸਿੱਖਿਆ ਦੀ ਕੀ ਮਹੱਤਤਾ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਹਾਇਤਾ ਸਿਰਫ਼ ਮੈਲਬੌਰਨ ਅਤੇ ਸਿਡਨੀ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਪਿੰਡਾਂ ਅਤੇ ਘੱਟ ਸਾਧਨਾਂ ਵਾਲੇ ਖੇਤਰਾਂ ਦੇ ਅਧਿਆਪਕਾਂ ਨੂੰ ਵੀ ਮਾਹਿਰਾਂ ਦੀ ਸਲਾਹ, ਸਿਖਲਾਈ ਅਤੇ ਸਹਿਯੋਗ ਮਿਲਣਾ ਚਾਹੀਦਾ ਹੈ।
ਅੰਤ ਵਿੱਚ ਪ੍ਰੋਫੈਸਰ ਸਲੱਕੀ ਨੇ ਕਿਹਾ ਕਿ, “ਜਿੱਥੇ ਵੀ ਸਕੂਲਾਂ ਜਾਂ ਸਿੱਖਿਆ ਸੰਸਥਾਵਾਂ ਵਿੱਚ ਯਹੂਦੀ-ਵਿਰੋਧ ਦੇ ਮਾਮਲੇ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਉੱਥੇ ਹੀ ਰੋਕਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਇਹ ਕੰਮ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਸਕੂਲਾਂ ਅਤੇ ਸੰਸਥਾਵਾਂ ਦੀਆਂ ਸੁਰੱਖਿਆ ਅਤੇ ਭੇਦਭਾਵ ਵਿਰੋਧੀ ਨੀਤੀਆਂ ਦਾ ਵੀ ਹਿੱਸਾ ਬਣਨਾ ਚਾਹੀਦਾ ਹੈ। ਨਸਲਕੁਸ਼ੀ ਬਾਰੇ ਸਿੱਖਿਆ ਅੱਜ ਵੀ ਸਮਾਜ ਵਿੱਚ ਆਪਸੀ ਸਾਂਝ ਅਤੇ ਸਮਝ ਵਧਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪਰ ਇਹ ਵੀ ਮੰਨਣਾ ਪਵੇਗਾ ਕਿ ਅੱਜ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਯਹੂਦੀ-ਵਿਰੋਧ ਨੂੰ ਖਤਮ ਕਰਨ ਲਈ ਸਿਰਫ਼ ਨਸਲਕੁਸ਼ੀ ਦੀ ਸਿੱਖਿਆ ਹੀ ਕਾਫ਼ੀ ਨਹੀਂ ਹੈ। ਇਸ ਸਮੱਸਿਆ ਦੇ ਹੱਲ ਲਈ ਹੋਰ ਕਈ ਤਰੀਕਿਆਂ ਅਤੇ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਦੀ ਵੀ ਲੋੜ ਹੈ।”
MIRRA ਰਿਪੋਰਟ ਦਾ ਕਵਰ ਚਿੱਤਰ, ਨਾਲ ਲੱਗੀ ਛੋਟੀ ਤਸਵੀਰ ਵਿੱਚ ਪ੍ਰੋਫੈਸਰ ਡੇਵਿਡ ਸਲੱਕੀ।
