ਦੇਸ਼ ਪੰਜਾਬ
ਤੜਕਸਾਰ ਚਾਚੇ ਸੁਪਨਾ ਆਇਆ ।
ਉੱਭੜਵਾਹਾ ਉੱਠਿਆ ਪਜਾਮਾ ਪਾਇਆ ॥
ਨਹਾ ਧੋ ਕੇ ਸੀ ਕੁੜਤਾ ਪਾਇਆ ।
ਲਾਇਆ ਚੌਂਕੜਾ ਤੇ ਨਾਮ ਧਿਆਇਆ ॥
ਪਿੰਨੀ ਖਾਹ, ਲਾਈ ਚਾਹ ਦੀ ਚੁਸਕੀ ।
ਖਾਂਦਿਆਂ ਸਾਰ ਜਿਵੇਂ ਆ ਗਈ ਫੁਰਤੀ ॥
ਚੱਕਿਆ ਸਾਈਕਲ ਖੋਲ੍ਹ ਕੇ ਬੂਹੇ ।
ਮਾਰੀ ਫੁਰਤੀ ਤੇ ਤੁਰ ਪਿਆ ਖੂਹੇ ॥
ਬੰਨਿਆ ਗੇੜਾ ਤੇ ਫਿਰਨੀ ਪਾਤਾ ।
ਹਵਾ ਨਾਲ ਗੱਲਾਂ ਕਰਨੇ ਲਾਤਾ ॥
ਲਾਇਆ ਸਟੈਂਡ, ਜਾ ਖੂਹ ਤੇ ਖੜਿਆ ।
ਕੱਢੀ ਡਾਇਰੀ ਤੇ ਪੈਨ ਹੱਥ ਫੜਿਆ ॥
ਜਾਂਦਾ ਈ ਚਾਚਾ ਮੌਣ ਤੇ ਬਹਿ ਗਿਆ ।
ਦਿਨ ਢਲਦੇ ਤੱਕ ਓਥੇ ਈ ਰਹਿ ਗਿਆ ॥
ਲਿਖ ਲਿਖ ਪੇਪਰ ਭਰਦਾ ਜਾਵੇ ।
ਦਿਲ ਦੀਆਂ ਗੱਲਾਂ ਕਰਦਾ ਜਾਵੇ ॥
ਜੁੜ ਗਿਆ ਵਤਨ ਦੀ ਮਿੱਟੀ ਨਾਲ ।
ਕਲਮ ਚੱਲੀ ਬਈ ਵਾਹ ਕਮਾਲ ॥
ਦੇਸ਼ ਪੁਰਾਣਾ ਯਾਦ ਆ ਗਿਆ ।
ਅੱਖਾਂ ਅੱਗੇ ਹਨੇਰ ਛਾ ਗਿਆ ॥
ਲਿਖਦਿਆਂ ਪੈੱਨ ਸੀ ਐਸਾ ਅੜਿੱਆ ।
ਉਹੀ ਪੁਰਾਣੇ “ਪੰਜਾਬ“ ਜਾ ਵੜਿਆ ॥
ਮਹਾਰਾਜੇ ਦੀ ਯਾਦ ਕੀ ਆਈ ।
ਪਲਾਂ ਦੇ ਵਿੱਚ ਤਹਿਰੀਖ ਦੁਹਰਾਈ ॥
ਮਹਾਰਾਜਾ ਰਣਜੀਤ ਸੀ ਕਹਿੰਦੇ ।
ਸੁਣ ਕਿੱਸੇ ਉਹਦੇ ਹਾਉਕੇ ਲੈਂਦੇ ॥
ਚਾਚਾ ਉਹਨੂੰ ਮਿੱਸ ਪਿਆ ਕਰਦਾ ।
ਠੰਡੀਆਂ ਠੰਡੀਆਂ ਆਹਾਂ ਭਰਦਾ ॥
ਉਹ ਸੱਭਨਾਂ ਦੇ ਸਿਰ ਦਾ ਤਾਜ ।
ਕਿੰਨਾ ਚੰਗਾ ਸੀ ਉਸਦਾ ਰਾਜ ॥
ਲੋਕ ਹਿੱਤਾਂ ਦੇ ਉਹਦੇ ਕਾਜ ।
ਪਬਲਿਕ ਕਰਦੀ ਹੁਣ ਤੱਕ ਯਾਦ ॥
ਪਰਜਾ ਕਹਿੰਦੇ ਸੁਖੀ ਸੀ ਬਾਹਲੀ ।
ਧੀਮੀ ਜਿੰਦਗੀ ਕੋਈ ਨਾ ਕਾਹਲੀ ॥
ਸੁਨਿਹਰੀ ਅੱਖਰਾਂ ਚਿ ਅੱਜ ਤੱਕ ਪੜ੍ਹਦੇ ।
”ਸਿੱਖ ਸਾਮਰਾਜ“ ਦੇ ਝੰਡੇ ਚੜ੍ਹਦੇ ॥
ਮਨਹੂਸ ਘੜੀ ਅੰਤ ਐਸੀ ਆਈ ।
ਸਾਰੀ ਖਲਕਤ ਸੋਚੀਂ ਪਾਈ ॥
ਗੋਰਿਆਂ ਦਾ ਝੁੰਡ ਐਸਾ ਆਇਆ ।
ਦੇਸ਼ ਮੇਰੇ ਨੂੰ ਲਾਂਬੂ ਲਾਇਆ ॥
ਐਸੇ ਪਹੁੰਚੇ ਵਿੱਚ ਮੁਕਾਮ ।
ਰਾਜ ਕਰੇਂਦੇ ਹੋਏ ਗੁਲਾਮ ॥
ਗੁਲਾਮੀ ਦੀਆਂ ਆਖਿਰ ਜੰਜੀਰਾਂ ਵੱਢੀਆਂ ।
ਗੋਰੇ – ਗੋਰੀਆਂ ਦੇਸ਼ੋਂ ਕੱਢੀਆਂ ॥
ਜਾਂਦੇ ਜਾਂਦੇ ਐਸਾ ਭੜਥੂ ਪਾ ਗਏ ।
ਦੋ ਹਿਸਿਆਂ ਵਿੱਚ ਦੇਸ਼ ਵੰਡਾ ਗਏ ॥
ਮਨਹੂਸ ਸੰਨ ਸੰਤਾਲੀ ਆਇਆ ।
ਪੰਜਾਬ ਮੇਰੇ ਨੂੰ ਲਾਂਬੂ ਲਾਇਆ ॥
ਲੋਕਾਂ ਭਾਣੇ ਅਜ਼ਾਦੀ ਆਈ ।
ਸਾਡੇ ਹਿੱਸੇ ਬਰਬਾਦੀ ਆਈ ॥
ਵੰਡਿਆ ਗਿਆ ਸਾਡਾ ਦੇਸ਼ ਪੰਜਾਬ ।
ਭਾਰਤ ਦਾ ਕੁੱਝ ਨਾ ਹੋਇਆ ਖਰਾਬ ॥
ਦੋ ਭਾਈਆਂ ਵਿੱਚ ਵੰਡੀਆਂ ਪਈਆਂ ।
ਵੱਖਰੇ ਰਾਹ ਤੇ ਵੱਖ ਡੰਡੀਆਂ ਪਈਆਂ ॥
ਬਹੁਤਾ ਈ ਵੱਢ-ਵਢਾਂਗਾ ਹੋਇਆ ।
ਬੜਾ ਹੀ ਖੂਨ-ਖਰਾਬਾ ਹੋਇਆ ॥
ਚਾਚਾ ਹੁਣ ਕੁਰਲਾਂਦਾ ਫਿਰਦਾ ।
ਖੂਨ ਦੇ ਸੋਹਲੇ ਗਾਂਦਾ ਫਿਰਦਾ ॥
ਸੀਨ ਯਾਦ ਕਰ ਹਾਉਕੇ ਭਰਦਾ ।
ਗਮ ਦਾ ਮਾਰਿਆ ਡਿੱਗਣ ਨੂੰ ਕਰਦਾ ॥
ਅਖੇ ਲਹਿੰਦਾ-ਚੜ੍ਹਦਾ ਕਿਉਂ ਬਣਾਇਆ ?
ਦੇਸ਼ ਮੇਰੇ ਨੂੰ ਲਾਂਬੂ ਲਾਇਆ ॥
ਟੋਟੋ – ਟੋਟੇ ਕਰਕੇ ਰੱਖਤਾ ।
ਦੁੱਖਾਂ ਨਾਲ ਸਾਡਾ ਵਿਹੜਾ ਭਰਤਾ ॥
ਏਥੇ ਓਥੇ, ਬੈਠੇ ਝੂਰੀ ਜਾਵਣ ।
ਕੀ ਖੱਟਿਆ, ਸੋਚਣ – ਪਛਤਾਵਣ ॥
ਆਪਣੇ ਹੀ ਵੱਢਕੇ ਦਿੱਤੇ ਰੱਖ ।
ਹੋ ਗਏ ਦੋਵੇਂ ਵੱਖੋ – ਵੱਖ ॥
ਹੱਦਾਂ ਪਿੱਛੇ ਹੋਈ ਲੜਾਈ ।
ਗੋਰਿਆਂ ਐਸੀ ਅੱਗ ਸੀ ਲਾਈ ॥
ਵਿੱਚ ਸੋਚਾਂ ਦੇ ਏਨਾ ਡੁੱਬ ਗਿਆ ।
ਲੱਗਿਆ ਇਵੇਂ ਜਿਉਂ ਜਿੱਲ੍ਹ ਵਿੱਚ ਖੁੱਭ ਗਿਆ ॥
ਚੱਕਿਆ ਸਾਈਕਲ ਮੁੜ ਪਿੰਡ ਵੱਲ ਭੱਜਿਆ ।
ਵਿੱਚ ਪਰੇਸ਼ਾਨੀ ਟਾਹਲੀ ਚਿ ਵੱਜਿਆ ॥
ਵਿੱਚ ਖਤਾਨਾਂ ਸਾਈਕਲ ਡਿੱਗਿਆ ।
ਸਿਰ ਪੈਰਾਂ ਤੱਕ ਸਾਰਾ ਭਿੱਜਿਆ ॥
ਨਚੋੜਕੇ ਕੱਪੜੇ ਬੈਠਿਆ ਛਾਵੇਂ ।
ਪ੍ਰੇਸ਼ਾਨੀ ਵਿੱਚ ਕੁੱਝ ਨਾ ਭਾਵੇ ॥
ਰੱਬ ਦੁਆਲੇ ਦੇ ਦਿੱਤਾ ਗੇੜਾ ।
ਦੁੱਖ ਦੱਸਿਆ ਨਹੀਂ ਕਿਹੜਾ ਕਿਹੜਾ ॥
ਮੇਹਣੇ ਤੇ ਮੇਹਣਾ ਮਾਰੀ ਜਾਵੇ ।
ਮੰਨ ਦਾ ਬੋਝ ਉਤਾਰੀ ਜਾਵੇ ॥
“ਐਸੀ ਮਾਰ ਪਈ ਕੁਰਲਾਣੇ ।
ਤੈਂ ਕੀ ਦਰਦ ਨਾ ਆਇਆ ॥”
ਬਾਬੇ ਦੇ ਬੋਲ ਉਵੇਂ ਹੀ ਕਹਿ ਗਿਆ ।
ਸੂਰਜ ਛਿਪਣ ਤੱਕ ਉੱਥੇ ਈ ਰਹਿ ਗਿਆ ॥
ਹੁਣ ਵਾਗਡੋਰ ਕਾਲੇ ਅੰਗਰੇਜ਼ ਕੋਲ ਆਈ ।
ਉਨ੍ਹਾਂ ਵੀ ਪੂਰੀ ਅਤਿ ਕਰਾਈ ॥
ਹੁਣ ਤੱਕ ਦੇਸ਼ ਨੂੰ ਲੁੱਟਦੇ ਵੀ ਰਹੇ ।
ਲੁੱਟਦੇ ਵੀ ਰਹੇ ਤੇ ਕੁੱਟਦੇ ਵੀ ਰਹੇ ॥
ਉਨ੍ਹਾਂ ਨੂੰ ਵੀ ਚਾਚਾ ਕੋਸੀ ਜਾਵੇ ।
ਹੱਥ ਮੱਥੇ ਮਾਰੇ ਤੇ ਪਛਤਾਵੇ ॥
ਕਹਿੰਦਾ ਇਨ੍ਹਾਂ ਵੀ ਕਿਹੜੀ ਕੀਤੀ ਘੱਟ ।
ਪੰਜਾਬ ਨੂੰ ਪਾਇਆ ਵੱਟੋ – ਵੱਟ ॥
ਤਿੰਨ ਹਿੱਸੇ ਅੱਗੇ ਕਰਕੇ ਰੱਖਤੇ ।
ਹਰਿਆਣਾ ਹਿਮਾਚਲ ਕੱਢ ਕੇ ਰੱਖਤੇ ॥
ਇਹ ਕਾਲੇ ਅੰਗਰੇਜ਼ ਤਾਂ ਪੱਕੇ ਈ ਰਹਿ ਗਏ ।
ਪੰਜਾਬ ਮੇਰੇ ਦੇ ਜੜੀਂ ਹੀ ਬਹਿ ਗਏ ॥
ਵਾਰੋ – ਵਾਰੀ ਆਈ ਜਾਵਣ ।
ਪੰਜਾਬ ਮੇਰੇ ਨੂੰ ਖਾਈ ਜਾਵਣ ॥
ਸਿਉਂਕ ਦੇ ਵਾਂਗੂੰ ਖੋਖਲਾ ਕਰਤਾ ।
ਬਾਟੇ ਵਾਂਗੂੰ ਮਾਂਜ ਕੇ ਰੱਖਤਾ ॥
ਇਨ੍ਹਾਂ ਦੇ ਘਰਾਂ ਚਿ ਚਹਿਲ ਤੇ ਪਹਿਲ ।
ਉੱਚੇ ਬਣ ਗਏ ਇਨ੍ਹਾਂ ਦੇ ਮਹਿਲ ॥
ਇਨ੍ਹਾਂ ਦੀ ਹੋ ਗਈ ਬੱਲੇ – ਬੱਲੇ ।
ਪੰਜਾਬ ਮੇਰਾ ਆਇਆ ਕਰਜ਼ੇ ਥੱਲੇ ॥
ਚਾਚੇ ਖਪਾਇਆ ਆਪਣਾ- ਆਪ ।
ਦਿਨ ਲੰਘਿਆ ਕਰਦਿਆਂ ਵਿਰਲਾਪ ॥
ਹੱਥ – ਮੂੰਹ ਧੋਤਾ ਤੇ ਕੱਪੜੇ ਪਾ ਲਏ ।
ਪਿੰਡ ਵੱਲ ਕਾਹਲੀ ਚਿ ਮੋੜੇ ਪਾ ਲਏ ॥
ਥੱਕਿਆ ਟੁੱਟਿਆ ਵਿਹੜੇ ਵੜਿਆ ।
ਨਿਆਣਿਆਂ ਆਉਂਦੇ ਦਾ ਸਾਈਕਲ ਫੜਿਆ ॥
ਸਾਰੇ ਪੁੱਛਣ ਚੁੱਪ ਕਿਉਂ ਬਹਿ ਗਿਆ ।
ਕਹਿੰਦਾ ਰੱਬ ਨਾਲ ਸੀ ਪੰਗਾ ਪੈ ਗਿਆ ॥
ਮੋਹਣੋ – ਮੇਹਣੀ ਹੋ ਕੇ ਆਇਆ ।
ਖੂਹ ਤੇ ਬੈਠ ਕੇ ਰੋ ਕੇ ਆਇਆ ॥
ਬਾਥਰੂਮ ਵੜ ਫਿਰ ਨਹਾਉਣ ਸੀ ਲੱਗਿਆ ।
ਧੀਮੀ ਧੀਮੀ ਗਾਉਣ ਸੀ ਲੱਗਿਆ ॥
“ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ ।
ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ ॥
ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ “॥
