
ਤੜਕਸਾਰ ਚਾਚੇ ਸੁਪਨਾ ਆਇਆ । ਉੱਭੜਵਾਹਾ ਉੱਠਿਆ ਪਜਾਮਾ ਪਾਇਆ ॥
ਨਹਾ ਧੋ ਕੇ ਸੀ ਕੁੜਤਾ ਪਾਇਆ । ਲਾਇਆ ਚੌਂਕੜਾ ਤੇ ਨਾਮ ਧਿਆਇਆ ॥
ਪਿੰਨੀ ਖਾਹ, ਲਾਈ ਚਾਹ ਦੀ ਚੁਸਕੀ । ਖਾਂਦਿਆਂ ਸਾਰ ਜਿਵੇਂ ਆ ਗਈ ਫੁਰਤੀ ॥
ਚੱਕਿਆ ਸਾਈਕਲ ਖੋਲ੍ਹ ਕੇ ਬੂਹੇ । ਮਾਰੀ ਫੁਰਤੀ ਤੇ ਤੁਰ ਪਿਆ ਖੂਹੇ ॥
ਬੰਨਿਆ ਗੇੜਾ ਤੇ ਫਿਰਨੀ ਪਾਤਾ । ਹਵਾ ਨਾਲ ਗੱਲਾਂ ਕਰਨੇ ਲਾਤਾ ॥
ਲਾਇਆ ਸਟੈਂਡ, ਜਾ ਖੂਹ ਤੇ ਖੜਿਆ । ਕੱਢੀ ਡਾਇਰੀ ਤੇ ਪੈਨ ਹੱਥ ਫੜਿਆ ॥
ਜਾਂਦਾ ਈ ਚਾਚਾ ਮੌਣ ਤੇ ਬਹਿ ਗਿਆ । ਦਿਨ ਢਲਦੇ ਤੱਕ ਓਥੇ ਈ ਰਹਿ ਗਿਆ ॥
ਲਿਖ ਲਿਖ ਪੇਪਰ ਭਰਦਾ ਜਾਵੇ । ਦਿਲ ਦੀਆਂ ਗੱਲਾਂ ਕਰਦਾ ਜਾਵੇ ॥
ਜੁੜ ਗਿਆ ਵਤਨ ਦੀ ਮਿੱਟੀ ਨਾਲ । ਕਲਮ ਚੱਲੀ ਬਈ ਵਾਹ ਕਮਾਲ ॥
ਦੇਸ਼ ਪੁਰਾਣਾ ਯਾਦ ਆ ਗਿਆ । ਅੱਖਾਂ ਅੱਗੇ ਹਨੇਰ ਛਾ ਗਿਆ ॥
ਲਿਖਦਿਆਂ ਪੈੱਨ ਸੀ ਐਸਾ ਅੜਿੱਆ । ਉਹੀ ਪੁਰਾਣੇ “ਪੰਜਾਬ“ ਜਾ ਵੜਿਆ ॥
ਮਹਾਰਾਜੇ ਦੀ ਯਾਦ ਕੀ ਆਈ । ਪਲਾਂ ਦੇ ਵਿੱਚ ਤਹਿਰੀਖ ਦੁਹਰਾਈ ॥
ਮਹਾਰਾਜਾ ਰਣਜੀਤ ਸੀ ਕਹਿੰਦੇ । ਸੁਣ ਕਿੱਸੇ ਉਹਦੇ ਹਾਉਕੇ ਲੈਂਦੇ ॥
ਚਾਚਾ ਉਹਨੂੰ ਮਿੱਸ ਪਿਆ ਕਰਦਾ । ਠੰਡੀਆਂ ਠੰਡੀਆਂ ਆਹਾਂ ਭਰਦਾ ॥
ਉਹ ਸੱਭਨਾਂ ਦੇ ਸਿਰ ਦਾ ਤਾਜ । ਕਿੰਨਾ ਚੰਗਾ ਸੀ ਉਸਦਾ ਰਾਜ ॥
ਲੋਕ ਹਿੱਤਾਂ ਦੇ ਉਹਦੇ ਕਾਜ । ਪਬਲਿਕ ਕਰਦੀ ਹੁਣ ਤੱਕ ਯਾਦ ॥
ਪਰਜਾ ਕਹਿੰਦੇ ਸੁਖੀ ਸੀ ਬਾਹਲੀ । ਧੀਮੀ ਜਿੰਦਗੀ ਕੋਈ ਨਾ ਕਾਹਲੀ ॥
ਸੁਨਿਹਰੀ ਅੱਖਰਾਂ ਚਿ ਅੱਜ ਤੱਕ ਪੜ੍ਹਦੇ । ”ਸਿੱਖ ਸਾਮਰਾਜ“ ਦੇ ਝੰਡੇ ਚੜ੍ਹਦੇ ॥
ਮਨਹੂਸ ਘੜੀ ਅੰਤ ਐਸੀ ਆਈ । ਸਾਰੀ ਖਲਕਤ ਸੋਚੀਂ ਪਾਈ ॥
ਗੋਰਿਆਂ ਦਾ ਝੁੰਡ ਐਸਾ ਆਇਆ । ਦੇਸ਼ ਮੇਰੇ ਨੂੰ ਲਾਂਬੂ ਲਾਇਆ ॥
ਐਸੇ ਪਹੁੰਚੇ ਵਿੱਚ ਮੁਕਾਮ । ਰਾਜ ਕਰੇਂਦੇ ਹੋਏ ਗੁਲਾਮ ॥
ਗੁਲਾਮੀ ਦੀਆਂ ਆਖਿਰ ਜੰਜੀਰਾਂ ਵੱਢੀਆਂ । ਗੋਰੇ – ਗੋਰੀਆਂ ਦੇਸ਼ੋਂ ਕੱਢੀਆਂ ॥
ਜਾਂਦੇ ਜਾਂਦੇ ਐਸਾ ਭੜਥੂ ਪਾ ਗਏ । ਦੋ ਹਿਸਿਆਂ ਵਿੱਚ ਦੇਸ਼ ਵੰਡਾ ਗਏ ॥
ਮਨਹੂਸ ਸੰਨ ਸੰਤਾਲੀ ਆਇਆ । ਪੰਜਾਬ ਮੇਰੇ ਨੂੰ ਲਾਂਬੂ ਲਾਇਆ ॥
ਲੋਕਾਂ ਭਾਣੇ ਅਜ਼ਾਦੀ ਆਈ । ਸਾਡੇ ਹਿੱਸੇ ਬਰਬਾਦੀ ਆਈ ॥
ਵੰਡਿਆ ਗਿਆ ਸਾਡਾ ਦੇਸ਼ ਪੰਜਾਬ । ਭਾਰਤ ਦਾ ਕੁੱਝ ਨਾ ਹੋਇਆ ਖਰਾਬ ॥
ਦੋ ਭਾਈਆਂ ਵਿੱਚ ਵੰਡੀਆਂ ਪਈਆਂ । ਵੱਖਰੇ ਰਾਹ ਤੇ ਵੱਖ ਡੰਡੀਆਂ ਪਈਆਂ ॥
ਬਹੁਤਾ ਈ ਵੱਢ-ਵਢਾਂਗਾ ਹੋਇਆ । ਬੜਾ ਹੀ ਖੂਨ-ਖਰਾਬਾ ਹੋਇਆ ॥
ਚਾਚਾ ਹੁਣ ਕੁਰਲਾਂਦਾ ਫਿਰਦਾ । ਖੂਨ ਦੇ ਸੋਹਲੇ ਗਾਂਦਾ ਫਿਰਦਾ ॥
ਸੀਨ ਯਾਦ ਕਰ ਹਾਉਕੇ ਭਰਦਾ । ਗਮ ਦਾ ਮਾਰਿਆ ਡਿੱਗਣ ਨੂੰ ਕਰਦਾ ॥
ਅਖੇ ਲਹਿੰਦਾ-ਚੜ੍ਹਦਾ ਕਿਉਂ ਬਣਾਇਆ ? ਦੇਸ਼ ਮੇਰੇ ਨੂੰ ਲਾਂਬੂ ਲਾਇਆ ॥
ਟੋਟੋ – ਟੋਟੇ ਕਰਕੇ ਰੱਖਤਾ । ਦੁੱਖਾਂ ਨਾਲ ਸਾਡਾ ਵਿਹੜਾ ਭਰਤਾ ॥
ਏਥੇ ਓਥੇ, ਬੈਠੇ ਝੂਰੀ ਜਾਵਣ । ਕੀ ਖੱਟਿਆ, ਸੋਚਣ – ਪਛਤਾਵਣ ॥
ਆਪਣੇ ਹੀ ਵੱਢਕੇ ਦਿੱਤੇ ਰੱਖ । ਹੋ ਗਏ ਦੋਵੇਂ ਵੱਖੋ – ਵੱਖ ॥
ਹੱਦਾਂ ਪਿੱਛੇ ਹੋਈ ਲੜਾਈ । ਗੋਰਿਆਂ ਐਸੀ ਅੱਗ ਸੀ ਲਾਈ ॥
ਵਿੱਚ ਸੋਚਾਂ ਦੇ ਏਨਾ ਡੁੱਬ ਗਿਆ । ਲੱਗਿਆ ਇਵੇਂ ਜਿਉਂ ਜਿੱਲ੍ਹ ਵਿੱਚ ਖੁੱਭ ਗਿਆ ॥
ਚੱਕਿਆ ਸਾਈਕਲ ਮੁੜ ਪਿੰਡ ਵੱਲ ਭੱਜਿਆ । ਵਿੱਚ ਪਰੇਸ਼ਾਨੀ ਟਾਹਲੀ ਚਿ ਵੱਜਿਆ ॥
ਵਿੱਚ ਖਤਾਨਾਂ ਸਾਈਕਲ ਡਿੱਗਿਆ । ਸਿਰ ਪੈਰਾਂ ਤੱਕ ਸਾਰਾ ਭਿੱਜਿਆ ॥
ਨਚੋੜਕੇ ਕੱਪੜੇ ਬੈਠਿਆ ਛਾਵੇਂ । ਪ੍ਰੇਸ਼ਾਨੀ ਵਿੱਚ ਕੁੱਝ ਨਾ ਭਾਵੇ ॥
ਰੱਬ ਦੁਆਲੇ ਦੇ ਦਿੱਤਾ ਗੇੜਾ । ਦੁੱਖ ਦੱਸਿਆ ਨਹੀਂ ਕਿਹੜਾ ਕਿਹੜਾ ॥
ਮੇਹਣੇ ਤੇ ਮੇਹਣਾ ਮਾਰੀ ਜਾਵੇ । ਮੰਨ ਦਾ ਬੋਝ ਉਤਾਰੀ ਜਾਵੇ ॥
“ਐਸੀ ਮਾਰ ਪਈ ਕੁਰਲਾਣੇ । ਤੈਂ ਕੀ ਦਰਦ ਨਾ ਆਇਆ ॥”
ਬਾਬੇ ਦੇ ਬੋਲ ਉਵੇਂ ਹੀ ਕਹਿ ਗਿਆ । ਸੂਰਜ ਛਿਪਣ ਤੱਕ ਉੱਥੇ ਈ ਰਹਿ ਗਿਆ ॥
ਹੁਣ ਵਾਗਡੋਰ ਕਾਲੇ ਅੰਗਰੇਜ਼ ਕੋਲ ਆਈ । ਉਨ੍ਹਾਂ ਵੀ ਪੂਰੀ ਅਤਿ ਕਰਾਈ ॥
ਹੁਣ ਤੱਕ ਦੇਸ਼ ਨੂੰ ਲੁੱਟਦੇ ਵੀ ਰਹੇ । ਲੁੱਟਦੇ ਵੀ ਰਹੇ ਤੇ ਕੁੱਟਦੇ ਵੀ ਰਹੇ ॥
ਉਨ੍ਹਾਂ ਨੂੰ ਵੀ ਚਾਚਾ ਕੋਸੀ ਜਾਵੇ । ਹੱਥ ਮੱਥੇ ਮਾਰੇ ਤੇ ਪਛਤਾਵੇ ॥
ਕਹਿੰਦਾ ਇਨ੍ਹਾਂ ਵੀ ਕਿਹੜੀ ਕੀਤੀ ਘੱਟ । ਪੰਜਾਬ ਨੂੰ ਪਾਇਆ ਵੱਟੋ – ਵੱਟ ॥
ਤਿੰਨ ਹਿੱਸੇ ਅੱਗੇ ਕਰਕੇ ਰੱਖਤੇ । ਹਰਿਆਣਾ ਹਿਮਾਚਲ ਕੱਢ ਕੇ ਰੱਖਤੇ ॥
ਇਹ ਕਾਲੇ ਅੰਗਰੇਜ਼ ਤਾਂ ਪੱਕੇ ਈ ਰਹਿ ਗਏ । ਪੰਜਾਬ ਮੇਰੇ ਦੇ ਜੜੀਂ ਹੀ ਬਹਿ ਗਏ ॥
ਵਾਰੋ – ਵਾਰੀ ਆਈ ਜਾਵਣ । ਪੰਜਾਬ ਮੇਰੇ ਨੂੰ ਖਾਈ ਜਾਵਣ ॥
ਸਿਉਂਕ ਦੇ ਵਾਂਗੂੰ ਖੋਖਲਾ ਕਰਤਾ । ਬਾਟੇ ਵਾਂਗੂੰ ਮਾਂਜ ਕੇ ਰੱਖਤਾ ॥
ਇਨ੍ਹਾਂ ਦੇ ਘਰਾਂ ਚਿ ਚਹਿਲ ਤੇ ਪਹਿਲ । ਉੱਚੇ ਬਣ ਗਏ ਇਨ੍ਹਾਂ ਦੇ ਮਹਿਲ ॥
ਇਨ੍ਹਾਂ ਦੀ ਹੋ ਗਈ ਬੱਲੇ – ਬੱਲੇ । ਪੰਜਾਬ ਮੇਰਾ ਆਇਆ ਕਰਜ਼ੇ ਥੱਲੇ ॥
ਚਾਚੇ ਖਪਾਇਆ ਆਪਣਾ- ਆਪ । ਦਿਨ ਲੰਘਿਆ ਕਰਦਿਆਂ ਵਿਰਲਾਪ ॥
ਹੱਥ – ਮੂੰਹ ਧੋਤਾ ਤੇ ਕੱਪੜੇ ਪਾ ਲਏ । ਪਿੰਡ ਵੱਲ ਕਾਹਲੀ ਚਿ ਮੋੜੇ ਪਾ ਲਏ ॥
ਥੱਕਿਆ ਟੁੱਟਿਆ ਵਿਹੜੇ ਵੜਿਆ । ਨਿਆਣਿਆਂ ਆਉਂਦੇ ਦਾ ਸਾਈਕਲ ਫੜਿਆ ॥
ਸਾਰੇ ਪੁੱਛਣ ਚੁੱਪ ਕਿਉਂ ਬਹਿ ਗਿਆ । ਕਹਿੰਦਾ ਰੱਬ ਨਾਲ ਸੀ ਪੰਗਾ ਪੈ ਗਿਆ ॥
ਮੋਹਣੋ – ਮੇਹਣੀ ਹੋ ਕੇ ਆਇਆ । ਖੂਹ ਤੇ ਬੈਠ ਕੇ ਰੋ ਕੇ ਆਇਆ ॥
ਬਾਥਰੂਮ ਵੜ ਫਿਰ ਨਹਾਉਣ ਸੀ ਲੱਗਿਆ । ਧੀਮੀ ਧੀਮੀ ਗਾਉਣ ਸੀ ਲੱਗਿਆ ॥
“ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ । ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ ॥
ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ “॥
– ਮੇਰੀਆਂ ਲਿਖਤਾਂ ਮੇਰੇ ਬੋਲ – ਆਜ਼ਾਦ ਮੀਡੀਆ ਯੂ. ਐਸ. ਦੀ ਪੇਸ਼ਕਸ਼।
