ਨਵੀਂ ਦਿੱਲੀ – ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਵਿੱਚ ਮੰਗਲਵਾਰ ਨੂੰ ਹਵਾ ਵਿੱਚ ਅਚਾਨਕ ਆਈ ਭਾਰੀ ਝਟਕਿਆਂ (Turbulence) ਕਾਰਣ 10 ਯਾਤਰੀਆਂ ਅਤੇ ਚਾਲਕ ਦਲ ਦੇ 2 ਮੈਂਬਰਾਂ ਸਮੇਤ ਕੁੱਲ 12 ਲੋਕ ਜ਼ਖਮੀ ਹੋ ਗਏ। ਹਾਲਾਂਕਿ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ।
ਜਾਣਕਾਰੀ ਅਨੁਸਾਰ, ਉਡਾਣ ਭਰਨ ਤੋਂ ਕਰੀਬ ਡੇਢ ਘੰਟੇ ਬਾਅਦ ਜਹਾਜ਼ ਨੂੰ ਅਚਾਨਕ ਤੇਜ਼ ਹਵਾਈ ਹਲਚਲ ਦਾ ਸਾਹਮਣਾ ਕਰਨਾ ਪਿਆ। ਕੁਝ ਮਿੰਟਾਂ ਤੱਕ ਜਹਾਜ਼ ਹਵਾ ਵਿੱਚ ਉੱਪਰ-ਥੱਲੇ ਝੂਲਦਾ ਰਿਹਾ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉਛਲ ਗਏ, ਜਦਕਿ ਕੁਝ ਦੇ ਸਿਰਾਂ ‘ਚ ਸੱਟਾਂ ਲੱਗੀਆਂ ਅਤੇ ਕਈਆਂ ਦੇ ਮੋਢਿਆਂ ‘ਤੇ ਸੱਟਾਂ ਆਈਆਂ।
ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਇੱਕ ਯਾਤਰੀ ਨੇ ਦੱਸਿਆ ਕਿ ਜਦੋਂ ਜ਼ਿਆਦਾਤਰ ਲੋਕ ਸੌਂ ਰਹੇ ਸਨ ਤਾਂ ਜਹਾਜ਼ ਅਚਾਨਕ ਤੇਜ਼ੀ ਨਾਲ ਹਿੱਲਣਾ ਸ਼ੁਰੂ ਹੋ ਗਿਆ। ਉਸ ਨੇ ਕਿਹਾ ਕਿ ਲਗਭਗ ਦੋ ਤੋਂ ਤਿੰਨ ਮਿੰਟ ਤੱਕ ਜਹਾਜ਼ ਲਗਾਤਾਰ ਹਵਾ ਵਿੱਚ ਝੂਲਦਾ ਰਿਹਾ, ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ। ਕੁਝ ਯਾਤਰੀਆਂ ਨੇ ਘਟਨਾ ਨੂੰ ਲੈ ਕੇ ਏਅਰਲਾਈਨ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਏਅਰਬੱਸ A320 ਜਹਾਜ਼ ਨੂੰ ਉਡਾਣ ਦੌਰਾਨ ਕੁਝ ਸਮੇਂ ਲਈ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ, ਪਰ ਪਾਇਲਟ ਨੇ ਸਥਿਤੀ ‘ਤੇ ਕਾਬੂ ਪਾਉਂਦਿਆਂ ਜਹਾਜ਼ ਨੂੰ ਸੁਰੱਖਿਅਤ ਦਿੱਲੀ ਹਵਾਈ ਅੱਡੇ ‘ਤੇ ਉਤਾਰ ਲਿਆ। ਏਅਰਲਾਈਨ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਤੁਰੰਤ ਹਵਾਈ ਅੱਡੇ ਦੀ ਮੈਡੀਕਲ ਸਹੂਲਤ ਵਿੱਚ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਕਿਸੇ ਵੀ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ।
ਹਵਾਈ ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ Flightradar24 ਦੇ ਅੰਕੜਿਆਂ ਮੁਤਾਬਕ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਉਚਾਈ ਵਿੱਚ ਅਚਾਨਕ ਤਬਦੀਲੀ ਦਰਜ ਕੀਤੀ ਗਈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਲਈ ਸੰਬੰਧਿਤ ਹਵਾਬਾਜ਼ੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।
ਹਵਾਬਾਜ਼ੀ ਮਾਹਿਰਾਂ ਦੇ ਅਨੁਸਾਰ, ਟਰਬੂਲੈਂਸ ਹਵਾਈ ਯਾਤਰਾ ਦੌਰਾਨ ਆਮ ਕੁਦਰਤੀ ਘਟਨਾ ਹੈ, ਪਰ ਅਜਿਹੀਆਂ ਸਥਿਤੀਆਂ ਵਿੱਚ ਯਾਤਰੀਆਂ ਲਈ ਹਰ ਸਮੇਂ ਸੀਟ ਬੈਲਟ ਬੰਨ੍ਹ ਕੇ ਰੱਖਣਾ ਸੁਰੱਖਿਆ ਦੇ ਨਜ਼ਰੀਏ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ।
