Punjab

ਆਧੁਨਿਕ ਕਾਨੂੰਨੀ ਯੁੱਗ ’ਚ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ਸੈਮੀਨਾਰ ਕਰਵਾਇਆ

ਖ਼ਾਲਸਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਪ੍ਰੋ. (ਡਾ.) ਸੁਖਸਿਮਰਨਜੀਤ ਸਿੰਘ ਬੈਠੇ ਵਿਖਾਈ ਦੇ ਰਹੇ ਡਾ. ਦਲਜੀਤ ਸਿੰਘ, ਡਾ. ਜਸਪਾਲ ਸਿੰਘ, ਜਸਟਿਸ ਵੈਨੇਸਾ ਜ਼ੈਕਰ, ਜਸਟਿਸ ਫ਼ਰਨਾਂਡੋ ਹੌਫਮੈਨ, ਐਡਵੋਕੇਟ ਸ੍ਰੀਮਤੀ ਜਸਬੀਰ ਕੌਰ ਤੇ ਹੋਰ। 

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ ’ਚ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸਕੂਲ ਆਫ਼ ਲਾਅ ਦੇ ਡੀਨ ਪ੍ਰੋ: (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ’ਚ ਦੇਸ਼ ਅਤੇ ਵਿਦੇਸ਼ ਦੇ ਪ੍ਰਸਿੱਧ ਕਾਨੂੰਨੀ ਮਾਹਿਰਾਂ, ਜੱਜਾਂ, ਵਕੀਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲੈ ਕੇ ਉਪਰੋਕਤ ਪ੍ਰਣਾਲੀ  ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਉਕਤ ਯੂ. ਐੱਸ. ਏ. ਵਫ਼ਦ ਨੇ ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਕੈਂਪਸ ਦਾ ਦੌਰਾ ਕੀਤਾ।

ਉਕਤ ਸੈਮੀਨਾਰ ਦੇ ਮੁੱਖ ਬੁਲਾਰਿਆਂ ’ਚ ਜੇ. ਏ. ਐੱਮ. ਐੱਸ. (Judicial 1rbitration and Mediation Services), ਅਮਰੀਕਾ ਨਾਲ ਸਬੰਧਿਤ ਪ੍ਰੋ. (ਡਾ.) ਸੁਖਸਿਮਰਨਜੀਤ ਸਿੰਘ ਨੇ ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ ਦੇ ਅਕਾਦਮਿਕ ਅਤੇ ਕਾਨੂੰਨੀ ਵਿਕਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਬਦਲਦੇ ਕਾਨੂੰਨੀ ਪਰਿਪੇਖ ’ਚ ਮੱਧਸਥਤਾ ਅਤੇ ਸਾਲਸੀ ਭਵਿੱਖ ਦੀ ਨਿਆਂ ਪ੍ਰਣਾਲੀ ਦਾ ਅਹਿਮ ਹਿੱਸਾ ਬਣ ਰਹੀਆਂ ਹਨ ਅਤੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਵਿਸ਼ੇਸ਼ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ।

ਇਸ ਮੌਕੇ ਜੇ. ਏ. ਐੱਮ. ਐੱਸ., ਅਮਰੀਕਾ ਦੀ ਜਸਟਿਸ ਵੈਨੇਸਾ ਜ਼ੈਕਰ ਨੇ ਅਮਰੀਕੀ ਨਿਆਂ ਪ੍ਰਣਾਲੀ ’ਚ ਕੋਰਟ-ਐਨੈਕਸਡ ਮੈਡੀਏਸ਼ਨ ਦੇ ਸਫਲ ਮਾਡਲ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੁਕੱਦਮੇ ਤੋਂ ਪਹਿਲਾਂ ਵਿਵਾਦਾਂ ਦਾ ਨਿਪਟਾਰਾ ਕਰਨ ਨਾਲ ਨਾ ਸਿਰਫ਼ ਅਦਾਲਤਾਂ ਦਾ ਬੋਝ ਘੱਟਦਾ ਹੈ, ਸਗੋਂ ਧਿਰਾਂ ਨੂੰ ਘੱਟ ਸਮੇਂ ’ਚ ਨਿਰਪੱਖ ਨਿਆਂ ਵੀ ਪ੍ਰਾਪਤ ਹੁੰਦਾ ਹੈ। ਜਦਕਿ ਬ੍ਰਾਜ਼ੀਲ ਦੀ ਲੇਬਰ ਕੋਰਟ ਦੇ ਜਸਟਿਸ ਫ਼ਰਨਾਂਡੋ ਹੌਫਮੈਨ ਨੇ ਮਜ਼ਦੂਰੀ ਅਤੇ ਉਦਯੋਗਿਕ ਵਿਵਾਦਾਂ ’ਚ ਸਾਲਸੀ ਦੀ ਭੂਮਿਕਾ ’ਤੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸੁਪਰੀਮ ਕੋਰਟ ਆਫ਼ ਇੰਡੀਆ ਦੀ ਐਡਵੋਕੇਟ ਸ੍ਰੀਮਤੀ ਜਸਬੀਰ ਕੌਰ ਨੇ ਭਾਰਤੀ ਕਾਨੂੰਨੀ ਪ੍ਰਣਾਲੀ ’ਚ ਮੱਧਸਥਤਾ ਦੀ ਵੱਧਦੀ ਉਪਯੋਗਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਪ੍ਰੋ. (ਡਾ.) ਦਲਜੀਤ ਸਿੰਘ ਨੇ ਕਾਨੂੰਨੀ ਸਿੱਖਿਆ ’ਚ ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਅਦਾਲਤਾਂ ਵਿੱਚ ਲਟਕੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਮੱਧਸਥਤਾ ਅਤੇ ਸਾਲਸੀ ਵਰਗੀਆਂ ਵਿਧੀਆਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀਆਂ ਵਿਵਾਦਾਂ ਦੇ ਨਿਪਟਾਰੇ ਲਈ ਤੇਜ਼, ਘੱਟ ਖਰਚੀਲੀਆਂ, ਪਾਰਦਰਸ਼ੀ ਅਤੇ ਆਪਸੀ ਸਹਿਮਤੀ ’ਤੇ ਆਧਾਰਿਤ ਪ੍ਰਭਾਵਸ਼ਾਲੀ ਵਿਵਸਥਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਉਪਲਬੱਧ ਰੁਜ਼ਗਾਰ ਅਤੇ ਖੋਜ ਦੀਆਂ ਸੰਭਾਵਨਾਵਾਂ ਬਾਰੇ ਵੀ ਜਾਣੂ ਕਰਵਾਇਆ।

ਸੈਮੀਨਾਰ ਦੇ ਅੰਤ ’ਚ ਕਰਵਾਏ ਗਏ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਕਾਨੂੰਨੀ ਪੇਸ਼ੇਵਰਾਂ ਨੇ ਸਰਹੱਦ ਪਾਰ ਸਾਲਸੀ ਫ਼ੈਸਲਿਆਂ ਦੀ ਮਾਨਤਾ, ਉਨ੍ਹਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਮੱਧਸਥਤਾ ਨਾਲ ਜੁੜੇ ਨੈਤਿਕ ਪਹਿਲੂਆਂ ਸਬੰਧੀ ਮਾਹਿਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਕਤ ਮਾਹਿਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦਿੰਦਿਆਂ ਉਨ੍ਹਾਂ ਨੂੰ ਇਸ ਖੇਤਰ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਮੋਹਿਤ ਸੈਣੀ ਨੇ ਸੈਮੀਨਾਰ ਦੇ ਕੋਆਰਡੀਨੇਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਸੀਮਾ ਰਾਣੀ, ਡਾ. ਦਿਵਿਆ ਸ਼ਰਮਾ, ਡਾ. ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਅਨੀਤਾ ਸ਼ਰਮਾ, ਡਾ. ਉਤਕਰਸ਼ ਸੇਠ, ਪ੍ਰੋ. ਮਨਸੀਰਤ, ਪ੍ਰੋ. ਜਸਦੀਪ ਸਿੰਘ, ਪ੍ਰੋ. ਪ੍ਰੇਰਨਾ ਸਿੰਘ, ਪ੍ਰੋ. ਪ੍ਰਵੀਨ ਕੌਰ, ਪ੍ਰੋ. ਹੇਮਾ ਸਿੰਘ, ਪ੍ਰੋ. ਸਹਿਜਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਦੌਰਾਨ ਸਮੂਹ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਖੇਤਰ ’ਚ ਨੈਤਿਕਤਾ, ਪੇਸ਼ੇਵਰ ਯੋਗਤਾ ਅਤੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਅਪਣਾਉਣ ਲਈ ਉਤਸ਼ਾਹਿਤ ਕੀਤਾ।

Related posts

ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ: ਮੁੱਖ ਮੰਤਰੀ

Bunty

ਅਰਸ਼ਦੀਪ ਸਿੰਘ ਦਾ ਦੇਸ਼ ਵਾਪਸੀ ‘ਤੇ ਉਹ ਖੁਦ ਅੱਗੇ ਹੋ ਕੇ ਸਵਾਗਤ ਕਰਨਗੇ: ਮੀਤ ਹੇਅਰ

Bunty

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin