ਮੈਲਬੌਰਨ – ਵਿਕਟੋਰੀਆ ਸਰਕਾਰ ਵੱਲੋਂ ਦੇਸ਼ ਦੀ ਪਹਿਲੀ ਆਫਸ਼ੋਰ ਵਿੰਡ (ਸਮੁੰਦਰ ਵਿੱਚ ਹਵਾ ਤੋਂ ਬਿਜਲੀ ਬਣਾਉਣ) ਨਿਲਾਮੀ ਸ਼ੁਰੂ ਕਰਨ ਦੇ ਐਲਾਨ ਦਾ Friends of the Earth ਨੇ ਸਵਾਗਤ ਕੀਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਇਹ ਕਦਮ ਵਿਕਟੋਰੀਆ ਵਿੱਚ ਇੱਕ ਨਵੇਂ ਉਦਯੋਗ ਦੀ ਸ਼ੁਰੂਆਤ ਹੈ, ਜੋ ਸੂਬੇ ਦੀ ਊਰਜਾ ਪ੍ਰਣਾਲੀ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।
Friends of the Earth ਦੇ ਰਿਨਿਊਏਬਲ ਐਨਰਜੀ ਬੁਲਾਰੇ ਪੈਟ ਸਿਮਨਜ਼ ਨੇ ਕਿਹਾ ਕਿ ਆਫਸ਼ੋਰ ਵਿੰਡ ਉਦਯੋਗ ਨੂੰ ਅਮਲ ਵਿੱਚ ਲਿਆਉਣ ਲਈ ਇਹ ਇੱਕ ਬਹੁਤ ਮਹੱਤਵਪੂਰਨ ਕਦਮ ਹੈ। ਉਨ੍ਹਾਂ ਮੁਤਾਬਕ ਇਸ ਨਾਲ ਖੇਤਰੀ ਇਲਾਕਿਆਂ ਵਿੱਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਮੌਸਮੀ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਨਿਲਾਮੀ ਰਾਹੀਂ ਆਫਸ਼ੋਰ ਵਿੰਡ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਲੋੜੀਂਦਾ ਭਰੋਸਾ ਮਿਲੇਗਾ। ਇਸ ਤੋਂ ਬਾਅਦ ਪ੍ਰੋਜੈਕਟਾਂ ਵਿੱਚ ਨਿਵੇਸ਼, ਨਿਰਮਾਣ ਅਤੇ ਬਿਜਲੀ ਉਤਪਾਦਨ ਦਾ ਕੰਮ ਸ਼ੁਰੂ ਹੋ ਸਕੇਗਾ।ਸਿਮਨਜ਼ ਨੇ ਕਿਹਾ ਕਿ ਜਿਵੇਂ ਵਿਕਟੋਰੀਆ ਦੇ ਪੁਰਾਣੇ ਕੋਲੇ ਨਾਲ ਚੱਲਣ ਵਾਲੇ ਬਿਜਲੀ ਘਰ ਹੌਲੀ-ਹੌਲੀ ਬੰਦ ਹੋ ਰਹੇ ਹਨ, ਆਫਸ਼ੋਰ ਵਿੰਡ ਉਦਯੋਗ ਖਾਸ ਕਰਕੇ Gippsland ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ, ਸਾਫ਼ ਊਰਜਾ ਰਾਹੀਂ ਲਗਭਗ 12 ਲੱਖ ਘਰਾਂ ਨੂੰ ਬਿਜਲੀ ਮਿਲ ਸਕਦੀ ਹੈ ਅਤੇ ਬਿਜਲੀ ਖੇਤਰ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ।
Yes2Renewables Gippsland ਦੀ ਆਰਗੇਨਾਈਜ਼ਰ ਵੈਂਡੀ ਫਾਰਮਰ ਨੇ ਕਿਹਾ ਕਿ ਇਸ ਐਲਾਨ ਦਾ Gippsland ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵਿੱਚ ਆਫਸ਼ੋਰ ਵਿੰਡ ਉਦਯੋਗ ਰਾਹੀਂ ਨੌਕਰੀਆਂ ਅਤੇ ਭਾਈਚਾਰੇ ਨੂੰ ਮਿਲਣ ਵਾਲੇ ਫਾਇਦਿਆਂ ਲਈ ਵੱਡਾ ਸਮਰਥਨ ਹੈ। ਫਾਰਮਰ ਮੁਤਾਬਕ ਨੌਜਵਾਨਾਂ ਲਈ ਵੀ ਇਹ ਇੱਕ ਵੱਡਾ ਮੌਕਾ ਹੈ। ਉਹ ਆਫਸ਼ੋਰ ਵਿੰਡ ਖੇਤਰ ਵਿੱਚ ਨਿਰਮਾਣ, ਰੱਖ-ਰਖਾਅ ਅਤੇ ਇੰਜੀਨੀਅਰਿੰਗ ਸਮੇਤ ਕਈ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਆਪਣਾ ਕਰੀਅਰ ਬਣਾ ਸਕਦੇ ਹਨ।
Friends of the Earth ਵੱਲੋਂ Gippsland ਦੇ ਲੋਕਾਂ ਨਾਲ ਕੀਤੇ ਸਰਵੇਖਣਾਂ ਵਿੱਚ ਵੀ ਆਫਸ਼ੋਰ ਵਿੰਡ ਲਈ ਵਿਆਪਕ ਸਮਰਥਨ ਸਾਹਮਣੇ ਆਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਲੋਕ ਸਥਾਨਕ ਨੌਕਰੀਆਂ ਅਤੇ ਭਾਈਚਾਰੇ ਨੂੰ ਮਿਲਣ ਵਾਲੇ ਲਾਭਾਂ ਨੂੰ ਮਹੱਤਵ ਦਿੰਦੇ ਹਨ। ਇਸ ਦੌਰਾਨ ਨਵੰਬਰ ਵਿੱਚ ਹੋਣ ਵਾਲੀਆਂ ਵਿਕਟੋਰੀਆ ਰਾਜ ਚੋਣਾਂ ਤੋਂ ਪਹਿਲਾਂ ਸੂਬੇ ਦੀ ਊਰਜਾ ਨੀਤੀ ਵੀ ਚਰਚਾ ਦਾ ਵੱਡਾ ਮੁੱਦਾ ਬਣ ਗਈ ਹੈ। Friends of the Earth ਨੇ ਚਿੰਤਾ ਜਤਾਈ ਹੈ ਕਿ ਜੇ ਵਿਰੋਧੀ ਧਿਰ VNI West ਟਰਾਂਸਮਿਸ਼ਨ ਲਾਈਨ ਨੂੰ ਰੱਦ ਕਰਦੀ ਹੈ ਤਾਂ ਕਈ ਨਵੇਂ ਰਿਨਿਊਏਬਲ ਐਨਰਜੀ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਹਨ।.ਸੰਸਥਾ ਨੇ ਵਿਰੋਧੀ ਧਿਰ ਨੂੰ ਆਫਸ਼ੋਰ ਵਿੰਡ ਨਿਲਾਮੀਆਂ ਲਈ ਸਪੱਸ਼ਟ ਸਮਰਥਨ ਦੇਣ ਦੀ ਅਪੀਲ ਕੀਤੀ ਹੈ। Friends of the Earth ਦੇ ਅਨੁਸਾਰ, ਇਹ ਵਿਕਟੋਰੀਆ ਲਈ ਭਵਿੱਖ ਵਿੱਚ ਨਵੀਂ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਇੱਕ ਵਿਹਾਰਕ ਕਦਮ ਹੋਵੇਗਾ।
