ArticlesAustralia & New ZealandBreaking NewsLatest News

ਆਸਟ੍ਰੇਲੀਆ ਵਿੱਚ ਘਰਾਂ ਦੀ ਵੱਡੀ ਘਾਟ ਦੇ ਬਾਵਜੂਦ ਨਵੇਂ ਘਰਾਂ ਦੀ ਉਸਾਰੀ ਵਧੇਗੀ ?

ਆਸਟ੍ਰੇਲੀਅਨ ਹਾਊਸ।

ਮੈਲਬੌਰਨ – ਆਸਟ੍ਰੇਲੀਆ ਵਿੱਚ ਘਰਾਂ ਦੀ ਵੱਡੀ ਘਾਟ ਦੇ ਬਾਵਜੂਦ ਆਉਣ ਵਾਲੇ ਸਾਲਾਂ ਵਿੱਚ ਨਵੇਂ ਘਰਾਂ ਦੀ ਉਸਾਰੀ ਵਧਣ ਦੀ ਉਮੀਦ ਹੈ। ਹਾਲਾਂਕਿ, ਹਾਊਸਿੰਗ ਨੀਤੀਆਂ ਅਤੇ ਟੈਕਸ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੇ ਬਦਲਾਅ ਕਾਰਨ ਇਹ ਵਾਧਾ ਪਹਿਲਾਂ ਲੱਗੇ ਅਨੁਮਾਨ ਨਾਲੋਂ ਹੌਲੀ ਰਹਿ ਸਕਦਾ ਹੈ।

ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਟਿਮ ਰੀਅਰਡਨ ਨੇ ਕਿਹਾ ਕਿ ਨਵੇਂ ਘਰਾਂ ਦੀ ਉਸਾਰੀ 2027 ਅਤੇ 2028 ਦੌਰਾਨ ਵੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ, ਇਹ ਵਾਧਾ ਨਵੀਆਂ ਨੀਤੀਆਂ ਕਰਕੇ ਨਹੀਂ, ਸਗੋਂ ਦੇਸ਼ ਵਿੱਚ ਘਰਾਂ ਦੀ ਮੌਜੂਦਾ ਘਾਟ ਅਤੇ ਵਧਦੀ ਆਬਾਦੀ ਕਾਰਨ ਹੋਵੇਗਾ। HIA ਵੱਲੋਂ ਜਾਰੀ ਕੀਤੀ ਗਈ Economic and Industry Outlook ਰਿਪੋਰਟ ਵਿੱਚ ਨਵੇਂ ਘਰਾਂ ਦੀ ਉਸਾਰੀ ਅਤੇ ਘਰਾਂ ਦੀ ਮੁਰੰਮਤ ਬਾਰੇ ਨਵੇਂ ਅਨੁਮਾਨ ਦਿੱਤੇ ਗਏ ਹਨ। ਇਹ ਅਨੁਮਾਨ ਆਸਟ੍ਰੇਲੀਆ ਦੇ ਕੌਮੀ ਪੱਧਰ ਦੇ ਨਾਲ-ਨਾਲ ਸਾਰੇ ਅੱਠ ਰਾਜਾਂ ਅਤੇ ਟੈਰੀਟਰੀਜ਼ ਲਈ ਵੀ ਜਾਰੀ ਕੀਤੇ ਗਏ ਹਨ। ਰੀਅਰਡਨ ਨੇ ਕਿਹਾ ਕਿ ਫੈਡਰਲ ਬਜਟ ਵਿੱਚ ਕੀਤੇ ਗਏ ਬਦਲਾਅ, ਖਾਸ ਕਰਕੇ ਮੌਜੂਦਾ ਘਰਾਂ ਵਿੱਚ ਨਿਵੇਸ਼ ਨਾਲ ਜੁੜੇ ਵੱਧ ਟੈਕਸ, ਨਵੇਂ ਘਰਾਂ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋਂ ਇਲਾਵਾ, Self-Managed Super Funds (SMSFs) ਵੱਲੋਂ ਰਿਹਾਇਸ਼ੀ ਜਾਇਦਾਦ ਵਿੱਚ ਨਿਵੇਸ਼ ਲਈ ਕਰਜ਼ਾ ਲੈਣ ’ਤੇ ਪਾਬੰਦੀ ਨਾਲ ਨਵੇਂ ਘਰਾਂ ਲਈ ਵਿੱਤੀ ਸਰੋਤਾਂ ਦਾ ਇੱਕ ਹੋਰ ਰਸਤਾ ਵੀ ਘਟੇਗਾ।

HIA ਦਾ ਕਹਿਣਾ ਹੈ ਕਿ ਇਨ੍ਹਾਂ ਨੀਤੀ ਬਦਲਾਵਾਂ ਨੇ ਘਰਾਂ ਦੀ ਉਸਾਰੀ ਵਿੱਚ ਪਹਿਲਾਂ ਤੋਂ ਚੱਲ ਰਹੇ ਵਾਧੇ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਆਸਟ੍ਰੇਲੀਆ ਭਰ ਵਿੱਚ ਨਵੇਂ ਘਰਾਂ ਦੀ ਉਸਾਰੀ ਲਾਜ਼ਮੀ ਤੌਰ ’ਤੇ ਘਟ ਜਾਵੇਗੀ। ਸੰਸਥਾ ਦੇ ਅਨੁਮਾਨ ਮੁਤਾਬਕ, Housing Accord ਦੀ ਮਿਆਦ ਦੌਰਾਨ ਆਸਟ੍ਰੇਲੀਆ ਵਿੱਚ 12 ਲੱਖ ਨਵੇਂ ਘਰ ਬਣਾਉਣ ਦੇ ਟੀਚੇ ਨਾਲੋਂ ਲਗਭਗ 1,86,000 ਘਰ ਘੱਟ ਬਣ ਸਕਦੇ ਹਨ। ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਨਵੇਂ ਪਰਿਵਾਰ ਬਣਨ ਦੀ ਰਫ਼ਤਾਰ ਵੀ ਨਵੇਂ ਘਰਾਂ ਦੀ ਸਪਲਾਈ ਨਾਲੋਂ ਤੇਜ਼ ਹੈ। ਇਸ ਕਾਰਨ ਦੇਸ਼ ਵਿੱਚ ਪਹਿਲਾਂ ਹੀ ਘਰਾਂ ਦੀ ਵੱਡੀ ਘਾਟ ਮੌਜੂਦ ਹੈ। HIA ਦਾ ਮੰਨਣਾ ਹੈ ਕਿ ਇਹ ਹਾਲਾਤ ਆਉਣ ਵਾਲੇ ਸਮੇਂ ਵਿੱਚ ਹਾਊਸਿੰਗ ਮਾਰਕੀਟ ’ਤੇ ਹੋਰ ਵੱਡਾ ਅਸਰ ਪਾਉਣਗੇ ਅਤੇ 2027 ਦੀ ਸ਼ੁਰੂਆਤ ਤੋਂ ਘਰਾਂ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਸ਼ੁਰੂ ਹੋ ਸਕਦਾ ਹੈ। ਰੀਅਰਡਨ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਨਵੇਂ ਘਰਾਂ ਦੀ ਉਸਾਰੀ ਵਿੱਚ ਵਾਧੇ ਨੂੰ ਇਸ ਗੱਲ ਦਾ ਸਬੂਤ ਨਹੀਂ ਮੰਨਣਾ ਚਾਹੀਦਾ ਕਿ ਘਰਾਂ ਦੀ ਘਾਟ ਖਤਮ ਹੋ ਰਹੀ ਹੈ। ਉਨ੍ਹਾਂ ਮੁਤਾਬਕ, ਅਸਲ ਵਿੱਚ ਘਰਾਂ ਦੀ ਘਾਟ ਹੀ ਆਖ਼ਰਕਾਰ ਅਜਿਹੇ ਮਾਰਕੀਟ ਹਾਲਾਤ ਪੈਦਾ ਕਰੇਗੀ, ਜਿਨ੍ਹਾਂ ਨਾਲ ਹੋਰ ਘਰ ਬਣਾਉਣ ਲਈ ਨਿਵੇਸ਼ ਅਤੇ ਉਸਾਰੀ ਨੂੰ ਹੌਸਲਾ ਮਿਲੇਗਾ।

HIA ਨੇ ਇਹ ਵੀ ਸਮਝਾਇਆ ਕਿ ਪੁਰਾਣੇ ਘਰ ਦੀ ਕੀਮਤ ਘਟਣ ਅਤੇ ਨਵਾਂ ਘਰ ਬਣਾਉਣ ਦੀ ਲਾਗਤ ਘਟਣ ਵਿੱਚ ਵੱਡਾ ਫਰਕ ਹੈ। ਜ਼ਮੀਨ, ਮਜ਼ਦੂਰੀ, ਨਿਰਮਾਣ ਸਮੱਗਰੀ, ਬੁਨਿਆਦੀ ਢਾਂਚੇ, ਵਿੱਤ ਅਤੇ ਨਿਯਮਾਂ ਦੀ ਲਾਗਤ ਜੇਕਰ ਉੱਚੀ ਰਹਿੰਦੀ ਹੈ ਤਾਂ ਘੱਟ ਕੀਮਤਾਂ ’ਤੇ ਨਵੇਂ ਘਰ ਬਣਾਉਣ ਵਾਲੇ ਪ੍ਰਾਜੈਕਟਾਂ ਲਈ ਮੁਨਾਫ਼ਾ ਕਮਾਉਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਮੌਜੂਦਾ ਘਰਾਂ ਦੀਆਂ ਕੀਮਤਾਂ ਘਟਣ ਨਾਲ ਕੁਝ ਲੋਕਾਂ ਲਈ ਅੱਜ ਘਰ ਖਰੀਦਣਾ ਸੌਖਾ ਹੋ ਸਕਦਾ ਹੈ, ਪਰ ਇਸ ਦੇ ਨਾਲ ਭਵਿੱਖ ਵਿੱਚ ਲੋੜੀਂਦੇ ਨਵੇਂ ਘਰਾਂ ਦੀ ਸਪਲਾਈ ਵੀ ਘਟ ਸਕਦੀ ਹੈ। HIA ਮੁਤਾਬਕ, ਹਾਲ ਹੀ ਦੀਆਂ ਨੀਤੀ ਤਬਦੀਲੀਆਂ ਨਾਲ ਪੈਦਾ ਹੋਈ ਆਰਥਿਕ ਜਾਂ ਰਾਜਨੀਤਿਕ ਅਣਸ਼ਚਿਤਤਾ ਜੇਕਰ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਨਵੇਂ ਘਰਾਂ ਦੀ ਉਸਾਰੀ ਵਿੱਚ ਅਨੁਮਾਨ ਨਾਲੋਂ ਵੱਧ ਕਮੀ ਆਉਣ ਦਾ ਖ਼ਤਰਾ ਵੀ ਹੈ।

Related posts

ਇੱਕ ਯੋਧਾ, ਇੱਕ ਸੰਤ, ਇੱਕ ਦਾਰਸ਼ਨਿਕ, ਇੱਕ ਕਵੀ ਅਤੇ ਇੱਕ ਗੁਰੂ – ਗੁਰੂ ਗੋਬਿੰਦ ਸਿੰਘ ਜੀ

admin

ਆਪਣੇ ਆਪ ਨੂੰ ਸਮਾਂ ਦਿਓ !

admin

ਭਾਜਪਾ ਦੀ ਘੱਟ ਰਹੀ ਹਰਮਨ ਪਿਆਰਤਾ ਅਤੇ ਵਿਰੋਧੀ ਦਲਾਂ ਦੀ ਭੂਮਿਕਾ

admin