
ਨਿਊ ਸਾਊਥ ਵੇਲਜ਼ (NSW) ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਖਜ਼ਾਨਾ ਮੰਤਰੀ ਡੈਨੀਅਲ ਮੁਖੀ ਨੇ ਭਾਰਤ ਦਾ ਆਪਣਾ ਅਧਿਕਾਰਤ ਚਾਰ ਦਿਨਾਂ ਦਾ ਵਪਾਰਕ ਦੌਰਾ 31 ਅਗਸਤ 2026 ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਦੌਰੇ ਦੇ ਪਹਿਲੇ ਦਿਨ ਸਿੱਖਿਆ, ਖੋਜ, ਵਪਾਰ ਅਤੇ ਨਿਵੇਸ਼ ਨਾਲ ਜੁੜੇ ਕਈ ਨਵੇਂ ਐਲਾਨ ਕੀਤੇ ਗਏ। ਇਸ ਦੌਰੇ ਦਾ ਮੁੱਖ ਮਕਸਦ NSW ਅਤੇ ਭਾਰਤ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਵਧਾਉਣਾ, ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਅਤੇ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਦੌਰੇ ਦੇ ਪਹਿਲੇ ਦਿਨ ਸਭ ਤੋਂ ਵੱਡੇ ਐਲਾਨਾਂ ਵਿੱਚੋਂ ਇੱਕ Western Sydney University ਦੇ ਭਾਰਤ ਵਿੱਚ ਨਵੇਂ ਕੈਂਪਸ ਨਾਲ ਸਬੰਧਤ ਸੀ। ਯੂਨੀਵਰਸਿਟੀ ਦਾ Greater Noida ਕੈਂਪਸ 2027 ਵਿੱਚ ਆਪਣੇ ਪਹਿਲੇ ਵਿਦਿਆਰਥੀਆਂ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਕੈਂਪਸ NSW ਅਤੇ ਭਾਰਤ ਵਿਚਕਾਰ ਸਿੱਖਿਆ ਅਤੇ ਖੋਜ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ, ਖੋਜਕਰਤਾਵਾਂ, ਯੂਨੀਵਰਸਿਟੀਆਂ ਅਤੇ ਉਦਯੋਗਾਂ ਨੂੰ ਇਕੱਠੇ ਕੰਮ ਕਰਨ ਦੇ ਨਵੇਂ ਮੌਕੇ ਮਿਲਣਗੇ।
Western Sydney University ਆਸਟ੍ਰੇਲੀਆ ਦੀਆਂ ਉਨ੍ਹਾਂ ਪਹਿਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਭਾਰਤ ਵਿੱਚ ਆਪਣਾ ਕੈਂਪਸ ਸਥਾਪਤ ਕਰ ਰਹੀ ਹੈ। ਇਹ ਕੈਂਪਸ ਆਸਟ੍ਰੇਲੀਆ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਅਤੇ ਵੱਖ-ਵੱਖ ਸਭਿਆਚਾਰਾਂ ਵਾਲੇ Western Sydney ਖੇਤਰ ਨੂੰ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨਾਲ ਜੋੜੇਗਾ। ਨਵੇਂ ਕੈਂਪਸ ਰਾਹੀਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਨੇੜੇ ਹੀ ਇੱਕ ਵਿਸ਼ਵ ਪੱਧਰੀ ਆਸਟ੍ਰੇਲੀਅਨ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਆਸਟ੍ਰੇਲੀਅਨ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਭਾਰਤ ਵਿੱਚ ਪੜ੍ਹਾਈ ਅਤੇ ਖੋਜ ਕਰਨ ਦੇ ਰਸਤੇ ਵੀ ਖੁੱਲ੍ਹਣਗੇ। ਯੂਨੀਵਰਸਿਟੀ ਵੱਲੋਂ ਕਈ ਨਵੀਆਂ ਸਕਾਲਰਸ਼ਿਪਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਸਕਾਲਰਸ਼ਿਪਾਂ ਔਰਤਾਂ ਦੀ ਤਰੱਕੀ, ਕਾਰੋਬਾਰ, ਡਾਟਾ, ਨਵੀਂ ਤਕਨਾਲੋਜੀ ਅਤੇ ਸਸਟੇਨੇਬਿਲਿਟੀ ਵਰਗੇ ਖੇਤਰਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਮਦਦ ਕਰਨਗੀਆਂ। ਇਨ੍ਹਾਂ ਸਕਾਲਰਸ਼ਿਪਾਂ ਦਾ ਮਕਸਦ ਅਗਲੀ ਪੀੜ੍ਹੀ ਦੇ ਵਿਗਿਆਨੀਆਂ, ਖੋਜਕਰਤਾਵਾਂ, ਕਾਰੋਬਾਰੀ ਆਗੂਆਂ ਅਤੇ ਨਵੀਆਂ ਸੋਚਾਂ ਵਾਲੇ ਮਾਹਿਰਾਂ ਲਈ ਨਵੇਂ ਮੌਕੇ ਪੈਦਾ ਕਰਨਾ ਹੈ। Western Sydney University ਨੇ 2027 ਤੋਂ Sustainable Water Management ਵਿੱਚ ਮਾਸਟਰਜ਼ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਹੈ। ਇਹ ਪ੍ਰੋਗਰਾਮ ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਹ ਯੋਜਨਾ ਭਾਰਤੀ ਭਾਈਵਾਲਾਂ ਨਾਲ ਯੂਨੀਵਰਸਿਟੀ ਦੇ ਪਹਿਲਾਂ ਤੋਂ ਚੱਲ ਰਹੇ ਸਹਿਯੋਗ ਨੂੰ ਹੋਰ ਅੱਗੇ ਵਧਾਏਗੀ। ਇਸ ਸਬੰਧ ਵਿੱਚ Australia India Water Centre ਰਾਹੀਂ ਪਾਣੀ ਦੀ ਸੁਰੱਖਿਆ ਅਤੇ ਪ੍ਰਬੰਧਨ ਬਾਰੇ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। ਦੌਰੇ ਦੌਰਾਨ ਨਵੇਂ JalSetu Centre of Excellence ਨਾਲ ਸਬੰਧਤ ਇੱਕ ਯਾਦਗਾਰੀ ਤਖ਼ਤੀ ਵੀ ਲਗਾਈ ਗਈ ਅਤੇ ਰਸਮੀ ਤੌਰ ’ਤੇ ਰੁੱਖ ਨੂੰ ਪਾਣੀ ਦੇ ਕੇ ਇਸ ਪਹਿਲ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ ਗਿਆ। ਇਹ ਕੇਂਦਰ ਪਾਣੀ ਦੀ ਸੁਰੱਖਿਆ, ਡਿਜੀਟਲ ਨਵੀਨਤਾ ਅਤੇ ਭਾਈਚਾਰਕ ਮਜ਼ਬੂਤੀ ਵਰਗੇ ਖੇਤਰਾਂ ’ਤੇ ਧਿਆਨ ਦੇਵੇਗਾ।
NSW ਸਰਕਾਰ ਇਸ ਚਾਰ ਦਿਨਾਂ ਦੇ ਦੌਰੇ ਦੌਰਾਨ ਭਾਰਤ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ਲਈ ਕਈ ਮੌਕਿਆਂ ਦੀ ਭਾਲ ਕਰੇਗੀ। ਸਰਕਾਰ ਵੱਲੋਂ ਸਿੱਖਿਆ ਤੋਂ ਇਲਾਵਾ ਊਰਜਾ, ਮਹੱਤਵਪੂਰਨ ਖਣਿਜ, ਤਕਨਾਲੋਜੀ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਵੀ ਸਹਿਯੋਗ ਵਧਾਉਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰੀਮੀਅਰ ਕ੍ਰਿਸ ਮਿੰਸ ਅਤੇ ਖਜ਼ਾਨਾ ਮੰਤਰੀ ਡੈਨੀਅਲ ਮੁਖੀ ਨਵੀਂ ਦਿੱਲੀ ਵਿੱਚ ਦੋ ਦਿਨ ਬਿਤਾਉਣ ਤੋਂ ਬਾਅਦ ਮੁੰਬਈ ਜਾਣਗੇ। ਉੱਥੇ ਉਹ ਭਾਰਤ ਦੇ ਸਰਕਾਰੀ ਅਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ NSW ਵਿੱਚ ਭਾਰਤੀ ਨਿਵੇਸ਼ ਵਧਾਉਣ ਅਤੇ ਦੋਵਾਂ ਖੇਤਰਾਂ ਵਿਚਕਾਰ ਕਾਰੋਬਾਰੀ ਸਬੰਧ ਹੋਰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ ਜਾਵੇਗੀ। ਭਾਰਤ NSW ਦੇ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ NSW Trade and Investment Strategy ਤਹਿਤ ਇਸ ਨੂੰ ਤਰਜੀਹ ਵਾਲਾ ਬਾਜ਼ਾਰ ਮੰਨਿਆ ਗਿਆ ਹੈ।
ਅੰਕੜਿਆਂ ਮੁਤਾਬਕ 2024-25 ਵਿੱਚ NSW ਅਤੇ ਭਾਰਤ ਵਿਚਕਾਰ 6.87 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਵਸਤੂ ਵਪਾਰ ਹੋਇਆ। ਸਿੱਖਿਆ ਦੇ ਖੇਤਰ ਵਿੱਚ ਵੀ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹਨ। 2025 ਵਿੱਚ 28,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ NSW ਵਿੱਚ ਪੜ੍ਹਾਈ ਕੀਤੀ। ਸੈਰ-ਸਪਾਟੇ ਦੇ ਖੇਤਰ ਵਿੱਚ ਵੀ ਭਾਰਤ NSW ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ। ਮਾਰਚ 2026 ਤੱਕ ਦੇ ਇੱਕ ਸਾਲ ਵਿੱਚ 1,74,000 ਭਾਰਤੀ ਯਾਤਰੀ NSW ਆਏ।
ਦੌਰੇ ਦੇ ਪਹਿਲੇ ਦਿਨ NSW ਦੇ ਪ੍ਰਤੀਨਿਧੀਆਂ ਨੇ ਭਾਰਤ ਅਤੇ NSW ਵਿਚਕਾਰ ਮੌਜੂਦ ਡੂੰਘੇ ਭਾਈਚਾਰਕ ਸਬੰਧਾਂ ਨੂੰ ਵੀ ਉਜਾਗਰ ਕੀਤਾ। ਪ੍ਰੀਮੀਅਰ ਕ੍ਰਿਸ ਮਿੰਸ ਅਤੇ ਖਜ਼ਾਨਾ ਮੰਤਰੀ ਡੈਨੀਅਲ ਮੁਖੀ ਨੇ ਨਵੀਂ ਦਿੱਲੀ ਵਿੱਚ Asha ਸੰਸਥਾ ਦਾ ਦੌਰਾ ਕੀਤਾ। ਉਨ੍ਹਾਂ ਨੇ ਸੰਸਥਾ ਦੀ ਮਦਦ ਨਾਲ ਜੁੜੇ ਬੱਚਿਆਂ ਅਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸਟਰੀਟ ਕ੍ਰਿਕਟ ਵੀ ਖੇਡੀ। ਉਨ੍ਹਾਂ ਨੇ Asha ਦੇ ਸਟਾਫ, ਵਲੰਟੀਅਰਾਂ ਅਤੇ ਸੰਸਥਾ ਦੇ ਕੰਮ ਤੋਂ ਲਾਭ ਲੈਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਵਿੱਚ ਮਧੂ ਵੀ ਸ਼ਾਮਲ ਸੀ, ਜੋ ਸਕਾਲਰਸ਼ਿਪ ’ਤੇ 2027 ਵਿੱਚ ਸਿਡਨੀ ਆ ਕੇ University of Sydney ਤੋਂ Master of Public Health ਦੀ ਪੜ੍ਹਾਈ ਕਰੇਗੀ।
‘ਆਸ਼ਾ’ ਦਾ ਹਿੰਦੀ ਵਿੱਚ ਅਰਥ ਉਮੀਦ ਹੈ। ਇਹ ਸੰਸਥਾ ਦਿੱਲੀ ਦੀਆਂ 100 ਤੋਂ ਵੱਧ ਕਮਿਊਨਿਟੀਆਂ ਵਿੱਚ ਕੰਮ ਕਰਦੀ ਹੈ। ਇਸ ਦਾ ਮਕਸਦ ਲੋਕਾਂ ਲਈ ਸਿਹਤ ਸੇਵਾਵਾਂ ਅਤੇ ਸਿੱਖਿਆ ਤੱਕ ਪਹੁੰਚ ਸੁਧਾਰਨਾ ਹੈ। ਇਸ ਤੋਂ ਇਲਾਵਾ ਸੰਸਥਾ ਔਰਤਾਂ ਦੀ ਤਰੱਕੀ, ਘਰਾਂ ਦੀ ਹਾਲਤ ਸੁਧਾਰਨ ਅਤੇ ਵਿੱਤੀ ਸਹੂਲਤਾਂ ਤੱਕ ਪਹੁੰਚ ਲਈ ਵੀ ਕੰਮ ਕਰਦੀ ਹੈ। Asha ਦੇ NSW ਨਾਲ ਵੀ ਮਜ਼ਬੂਤ ਸਬੰਧ ਹਨ। ਇਸ ਵਿੱਚ University of Sydney ਅਤੇ ਸਿਡਨੀ ਸਥਿਤ Friends of Asha Australia ਦੀ ਭੂਮਿਕਾ ਮਹੱਤਵਪੂਰਨ ਹੈ।
NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ NSW ਚਾਹੁੰਦਾ ਹੈ ਕਿ ਇਸ ਵਿਕਾਸ ਦਾ ਫਾਇਦਾ NSW ਦੇ ਕਾਰੋਬਾਰਾਂ ਅਤੇ ਇੱਥੋਂ ਦੇ ਕਾਮਿਆਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ Western Sydney University ਦਾ ਨਵਾਂ ਕੈਂਪਸ ਇਸ ਗੱਲ ਦੀ ਇੱਕ ਵਧੀਆ ਉਦਾਹਰਨ ਹੈ ਕਿ NSW ਅਤੇ ਭਾਰਤ ਦੇ ਸਬੰਧਾਂ ਤੋਂ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਇਸ ਰਾਹੀਂ NSW ਦੀ ਮਾਹਿਰਤਾ ਭਾਰਤ ਤੱਕ ਪਹੁੰਚੇਗੀ ਅਤੇ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਕਾਰੋਬਾਰਾਂ ਲਈ ਨਵੇਂ ਮੌਕੇ ਬਣਨਗੇ। ਪ੍ਰੀਮੀਅਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਰਕਾਰੀ ਅਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਕੇ NSW ਵਿੱਚ ਨਿਵੇਸ਼ ਅਤੇ ਭਾਰਤ ਵਿੱਚ NSW ਦੇ ਕਾਰੋਬਾਰਾਂ ਲਈ ਹੋਰ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ NSW ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਇੱਕ ਵੱਡੀ ਤਾਕਤ ਦੱਸਿਆ। ਉਨ੍ਹਾਂ ਮੁਤਾਬਕ NSW ਵਿੱਚ 2 ਲੱਖ ਤੋਂ ਵੱਧ ਭਾਰਤ ਵਿੱਚ ਜਨਮੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਭਾਰਤ ਨਾਲ ਪਰਿਵਾਰਕ, ਸੱਭਿਆਚਾਰਕ ਅਤੇ ਕਾਰੋਬਾਰੀ ਸਬੰਧ ਹਨ। ਪ੍ਰੀਮੀਅਰ ਨੇ ਮਧੂ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦਾ ਸਿਡਨੀ ਆ ਕੇ ਪਬਲਿਕ ਹੈਲਥ ਦੀ ਪੜ੍ਹਾਈ ਕਰਨਾ NSW ਅਤੇ ਭਾਰਤ ਵਿਚਕਾਰ ਬਣ ਰਹੇ ਨਵੇਂ ਸਬੰਧਾਂ ਦੀ ਇੱਕ ਚੰਗੀ ਮਿਸਾਲ ਹੈ।
NSW ਦੇ ਖਜ਼ਾਨਾ ਮੰਤਰੀ ਡੈਨੀਅਲ ਡੈਨੀਅਲ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਭਾਰਤੀ ਜੜ੍ਹਾਂ ਹਨ ਅਤੇ ਉਹ ਖੁਦ ਮਹਿਸੂਸ ਕਰਦੇ ਹਨ ਕਿ ਸਿੱਖਿਆ, ਕਾਰੋਬਾਰ, ਸੱਭਿਆਚਾਰ ਅਤੇ ਖੇਡਾਂ ਰਾਹੀਂ ਦੋਵਾਂ ਭਾਈਚਾਰਿਆਂ ਵਿਚਕਾਰ ਬਣੇ ਸਬੰਧ ਕਿੰਨੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੌਰੇ ਦੇ ਪਹਿਲੇ ਦਿਨ NSW ਦੀਆਂ ਦੋ ਵੱਡੀਆਂ ਤਾਕਤਾਂ ਸਾਹਮਣੇ ਆਈਆਂ—ਇੱਕ ਵਿਸ਼ਵ ਪੱਧਰੀ ਸਿੱਖਿਆ ਸੰਸਥਾਵਾਂ ਅਤੇ ਦੂਜੀ NSW ਦੀ ਬਹੁ-ਸੱਭਿਆਚਾਰਕ ਕਮਿਊਨਿਟੀ। ਡੈਨੀਅਲ ਮੁਕੀ ਮੁਤਾਬਕ ਭਾਰਤ ਨਾਲ ਸਬੰਧਾਂ ਵਿੱਚ ਬਹੁਤ ਵੱਡੇ ਮੌਕੇ ਹਨ ਅਤੇ ਇਹ ਵਪਾਰਕ ਦੌਰਾ ਨਿਵੇਸ਼, ਵਪਾਰ ਅਤੇ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਵਿੱਚ ਮਦਦ ਕਰੇਗਾ। ਇਸ ਨਾਲ NSW ਵਿੱਚ ਨੌਕਰੀਆਂ ਅਤੇ ਆਰਥਿਕ ਵਿਕਾਸ ਨੂੰ ਵੀ ਫਾਇਦਾ ਹੋ ਸਕਦਾ ਹੈ।
Western Sydney University ਦੇ Vice-Chancellor ਅਤੇ President, Distinguished Professor George Williams AO ਨੇ ਕਿਹਾ ਕਿ Greater Noida ਕੈਂਪਸ ਦੇ 2027 ਵਿੱਚ ਖੁੱਲ੍ਹਣ ਤੋਂ ਪਹਿਲਾਂ ਯੂਨੀਵਰਸਿਟੀ ਭਾਰਤ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੀਆਂ ਸਕਾਲਰਸ਼ਿਪਾਂ ਕਾਬਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਪੜ੍ਹਾਈ ਕਰਨ ਵਿੱਚ ਮਦਦ ਕਰਨਗੀਆਂ ਅਤੇ ਉਨ੍ਹਾਂ ਨੂੰ ਭਵਿੱਖ ਦੇ ਖੋਜਕਰਤਾ, ਨਵੀਂ ਸੋਚ ਵਾਲੇ ਮਾਹਿਰ ਅਤੇ ਆਗੂ ਬਣਨ ਲਈ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ NSW ਅਤੇ ਭਾਰਤ ਦੇ ਭਾਈਵਾਲਾਂ ਨਾਲ ਮਿਲ ਕੇ ਉੱਚ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਵਧਾਉਣ ਅਤੇ ਖੋਜ, ਨਵੀਨਤਾ ਅਤੇ ਸਸਟੇਨੇਬਿਲਿਟੀ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਨਵੇਂ JalSetu Centre of Excellence ਰਾਹੀਂ ਪਾਣੀ ਦੀ ਸੁਰੱਖਿਆ, ਡਿਜੀਟਲ ਨਵੀਨਤਾ ਅਤੇ ਭਾਈਚਾਰਕ ਮਜ਼ਬੂਤੀ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਅੱਗੇ ਵਧਾਇਆ ਜਾਵੇਗਾ।
ਕੁੱਲ ਮਿਲਾ ਕੇ NSW ਦਾ ਇਹ ਚਾਰ ਦਿਨਾਂ ਦਾ ਭਾਰਤ ਦੌਰਾ ਸਿਰਫ਼ ਵਪਾਰ ਅਤੇ ਨਿਵੇਸ਼ ਤੱਕ ਸੀਮਤ ਨਹੀਂ ਹੈ। ਸਿੱਖਿਆ, ਖੋਜ, ਸੈਰ-ਸਪਾਟਾ, ਤਕਨਾਲੋਜੀ ਅਤੇ ਭਾਈਚਾਰਕ ਸਬੰਧਾਂ ਰਾਹੀਂ NSW ਅਤੇ ਭਾਰਤ ਵਿਚਕਾਰ ਲੰਬੇ ਸਮੇਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
