ArticlesAustralia & New Zealand

ਆਸਟ੍ਰੇਲੀਆ ਦੀ ਵਿਰਾਸਤੀ ਥਾਂ ‘ਤੇ ਟਾਇਰ ਸੁੱਟਣ ਵਾਲੇ ਨੂੰ ਹਜ਼ਾਰਾਂ ਡਾਲਰ ਜੁਰਮਾਨਾ

ਮੂੰਟਾ ਮਾਈਨਜ਼, ਸਾਊਥ ਆਸਟ੍ਰੇਲੀਆ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਇੱਕ ਰਾਸ਼ਟਰੀ ਵਿਰਾਸਤੀ ਸਥਾਨ ‘ਤੇ ਟਾਇਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਹਜ਼ਾਰਾਂ ਡਾਲਰ ਦਾ ਜੁਰਮਾਨਾ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਕੰਮ ਉਹ ਸਿਰਫ਼ 115 ਡਾਲਰ ਦੇ ਕੇ ਕਾਨੂੰਨੀ ਤਰੀਕੇ ਨਾਲ ਵੀ ਕਰ ਸਕਦਾ ਸੀ।

ਮੂੰਟਾ ਮਾਈਨਜ਼ ਇੱਕ ਵਿਰਾਸਤੀ ਸਥਾਨ ‘ਤੇ ਟਾਇਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸੁੱਟਣ ਵਾਲੇ 21 ਸਾਲ ਦੇ ਨੌਜਵਾਨ ਨੂੰ 4,200 ਡਾਲਰ ਦਾ ਜੁਰਮਾਨਾ, 2,309 ਡਾਲਰ ਜਾਂਚ ਤੇ ਕਾਨੂੰਨੀ ਖਰਚੇ ਤੋਂ ਇਲਾਵਾ ਹੋਰ ਲਾਜ਼ਮੀ ਖਰਚੇ ਭਰਨੇ ਪੈਣਗੇ। ਇਸ ਨੌਜਵਾਨ ਨੇ ਰਾਤ ਦੇ ਹਨੇਰੇ ਵਿੱਚ ਰਾਇਨ ਰੋਡ ‘ਤੇ ਸਥਿਤ ਡਿਲੇਨੀਜ਼ ਸ਼ਾਫਟ ‘ਤੇ ਕਾਰਾਂ ਦੇ ਲਗਭਗ 35 ਟਾਇਰਾਂ ਨੂੰ ਸੁੱਟ ਦਿੱਤਾ ਸੀ। ਕੌਂਪਰ ਕੋਸਟ ਕੌਂਸਲ ਨੂੰ ਜਨਵਰੀ 2025 ਵਿੱਚ ਗੈਰਕਾਨੂੰਨੀ ਡੰਪਿੰਗ ਦੀ ਰਿਪੋਰਟ ਮਿਲੀ ਸੀ, ਜਿਸ ਵਿੱਚ ਕੁੱਝ ਸਮਾਨ ‘ਤੇ ਨੌਜਵਾਨ ਦਾ ਪਤਾ ਵੀ ਮਿਲਿਆ। ਉਥੇ ਲੱਗੇ ਕੈਮਰੇ ਵਿੱਚ ਇੱਕ ਫੋਰਡ ਯੂਟਿਲਿਟੀ ਗੱਡੀ ਅਤੇ ਟ੍ਰੇਲਰ ਵਿੱਚ ਦੋ ਵਿਅਕਤੀ ਦਿਖਾਈ ਦਿੱਤੇ, ਜਿਸ ਵਿੱਚ ਇਹ ਨੌਜਵਾਨ ਵੀ ਸੀ। ਉਹ ਟਾਇਰ ਮਾਈਨ ਵਿੱਚ ਸੁੱਟ ਕੇ ਉੱਥੋਂ ਚਲੇ ਗਏ। ਇਸ ਨੌਜਵਾਨ ਨੇ ਸਾਊਥ ਆਸਟ੍ਰੇਲੀਆ ਇਨਵਾਇਰਮੈਂਟ, ਰਿਸੋਰਸ ਐਂਡ ਡਿਵੈਲਪਮੈਂਟ ਕੋਰਟ ਦੇ ਵਿੱਚ ਆਪਣੀ ਗਲਤੀ ਨੂੰ ਮੰਨ ਲਿਆ ਸੀ। ਨੌਜਵਾਨ ਨੇ ਕਿਹਾ ਸੀ ਕਿ ਉਸ ਕੋਲ ਟਾਇਰ ਡੰਪ ਕਰਨ ਲਈ ਪੈਸੇ ਨਹੀਂ ਸਨ ਅਤੇ ਉਸ ਨੇ ਉਹੀ ਕੀਤਾ ਜੋ ਉਸ ਨੇ ਹੋਰ ਲੋਕਾਂ ਨੂੰ ਕਰਦੇ ਦੇਖਿਆ ਸੀ। ਇਹ ਟਾਇਰ ਕੌਂਪਰ ਕੋਸਟ ਰਿਸੋਰਸ ਰਿਕਵਰੀ ਸੈਂਟਰ ‘ਤੇ ਸਿਰਫ਼ ਲਗਭਗ 115 ਡਾਲਰ ਦੇ ਕੇ ਕਾਨੂੰਨੀ ਤਰੀਕੇ ਨਾਲ ਵੀ ਸੁੱਟੇ ਜਾ ਸਕਦੇ ਸਨ।

ਕੋਰਟ ਦੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਸੀਨੀਅਰ ਜੱਜ ਮਾਈਕਲ ਡੁਰੈਂਟ ਨੇ ਕਿਹਾ ਹੈ ਕਿ, “ਤੁਸੀਂ ਅਦਾਲਤ ਨੂੰ ਲਿਖਿਆ ਸੀ ਕਿ ਤੁਹਾਨੂੰ ਪਤਾ ਸੀ ਕਿ ਤੁਸੀਂ ਮੂਰਖਤਾ ਵਾਲਾ ਕੰਮ ਕੀਤਾ ਹੈ। ਭਾਵੇਂ ਨੌਜਵਾਨ ਨੂੰ ਅਫਸੋਸ ਹੈ, ਪਰ ਉਸ ਨੂੰ ਪਤਾ ਸੀ ਕਿ ਉਹ ਗਲਤ ਕਰ ਰਿਹਾ ਹੈ ਅਤੇ ਇਹ ਜਾਣ-ਬੁੱਝ ਕੇ ਕੀਤਾ ਗਿਆ ਕੰਮ ਸੀ। ਤੁਸੀਂ ਛੋਟਾ ਰਾਹ ਚੁਣਿਆ ਜੋ ਗੈਰਕਾਨੂੰਨੀ ਸੀ। ਤੁਸੀਂ ਟਾਇਰ ਕਾਨੂੰਨੀ ਤਰੀਕੇ ਨਾਲ ਸੁੱਟਣ ਦੀ ਬਜਾਏ ਮਾਈਨ ਵਿੱਚ ਸੁੱਟ ਦਿੱਤੇ। ਇਹ ਮਾਮਲਾ ਖਾਸ ਤੌਰ ‘ਤੇ ਗੰਭੀਰ ਹੈ ਕਿਉਂਕਿ ਇਹ ਕੰਮ ਇੱਕ ਰਾਸ਼ਟਰੀ ਵਿਰਾਸਤੀ ਸਥਾਨ ‘ਤੇ ਕੀਤਾ ਗਿਆ, ਜੋ ਵਰਲਡ ਹੇਰਿਟੇਜ ਲਿਸਟ ਵਿੱਚ ਸ਼ਾਮਲ ਹੋਣ ਲਈ ਵੀ ਸੋਚਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਨਾਲ ਜੁੜੇ ਜੁਰਮ ਸਾਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ, ਜਨਤਕ ਥਾਵਾਂ ਨੂੰ ਗੰਦਾ ਕਰਦੇ ਹਨ ਅਤੇ ਹੋਰ ਲੋਕਾਂ ਲਈ ਮੁਸੀਬਤ ਬਣਦੇ ਹਨ। ਹੋਰਨਾਂ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਖ਼ਤ ਸਜ਼ਾ ਜ਼ਰੂਰੀ ਹੈ।”

ਇਥੇ ਦੱਸਣਾ ਜਰੂਰੀ ਹੈ ਕਿ ਸਾਊਥ ਆਸਟ੍ਰੇਲੀਆ ਦੀਆਂ ਤਾਂਬੇ ਦੀਆਂ ਖਾਣਾਂ ਲਈ ਮਸ਼ਹੂਰ ਮੂੰਟਾ ਮਾਈਨਜ਼ ਨੂੰ ਰਾਸ਼ਟਰੀ ਵਿਰਾਸਤ ਦਾ ਦਰਜਾ ਦਿੱਤਾ ਹੋਇਆ ਹੈ। ਮੂੰਟਾ ਦੀਆਂ ਖਾਣਾਂ ਦਾ ਸਟੇਟ ਹੈਰੀਟੇਜ ਏਰੀਆ 19ਵੀਂ ਸਦੀ ਦੇ ਮਾਈਨਿੰਗ ਢਾਂਚੇ ਦਾ ਇੱਕ ਮਹੱਤਵਪੂਰਨ ਸੰਗ੍ਰਹਿ ਹੈ। ਇਹ ਮੂੰਟਾ ਮਾਈਨਿੰਗ ਕੰਪਨੀ ਦੇ ਪੁਰਾਣੇ ਲੀਜ਼ਹੋਲਡ ਦਾ ਬਹੁਤ ਵੱਡਾ ਇਲਾਕਾ ਹੇ। ਮੂੰਟਾ ਇੱਕ ਛੋਟਾ ਸ਼ਹਿਰ ਹੈ ਜੋ ਐਡੀਲੇਡ ਤੋਂ 165 ਕਿਲੋਮੀਟਰ ਉੱਤਰ-ਪੱਛਮ ਵਿੱਚ, ਅੱਪਰ ਯੌਰਕ ਪ੍ਰਾਇਦੀਪ ‘ਤੇ ਸਥਿਤ ਹੈ। ਇਸ ਖੇਤਰ ਨੂੰ ਸਾਊਥ ਆਸਟ੍ਰੇਲੀਆ ਦੇ ‘ਕਾਂਪਰ ਟ੍ਰਾਈਐਂਗਲ’ ਜਾਂ ‘ਲਿਟਲ ਕੌਰਨਵਾਲ’ ਵਜੋਂ ਜਾਣਿਆ ਜਾਂਦਾ ਹੈ। ਮੂੰਟਾ ਮਾਈਨਜ਼ 1861 ਵਿੱਚ ਖੁੱਲ੍ਹੀਆਂ ਸਨ ਅਤੇ 1870 ਤੱਕ ਮੂੰਟਾ ਦੀ ਆਬਾਦੀ ਐਡੀਲੇਡ ਤੋਂ ਬਾਅਦ ਦੂਜੇ ਸਥਾਨ ‘ਤੇ ਸੀ। ਤਾਂਬੇ ਦੀਆਂ ਖਾਣਾਂ ਵਾਲੇ ਇਲਾਕੇ ਬੁਰਾ ਅਤੇ ਮੂੰਟਾ ਨੂੰ 9 ਮਈ 2017 ਵਿੱਚ ਆਸਟ੍ਰੇਲੀਆ ਦੀ ਨੈਸ਼ਨਲ ਹੈਰੀਟੇਜ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

Related posts

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

admin

ਜੇਕਰ ਰੁੱਖ ਆਕਸੀਜਨ ਦੀ ਥਾਂ ਵਾਈ ਫਾਈ ਇੰਟਰਨੈੱਟ ਦਿੰਦੇ ਹੁੰਦੇ… !

admin

ਰਾਜ ਸਭਾ ਚੋਣਾਂ: ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਵੋਟਿੰਗ 18 ਜੂਨ ਨੂੰ

admin