
ਆਸਟ੍ਰੇਲੀਆ ਵਿੱਚ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਰਹਿ ਰਹੇ ਲੋਕਾਂ ਖ਼ਿਲਾਫ਼ ਆਸਟ੍ਰੇਲੀਅਨ ਸਰਕਾਰ ਸਖ਼ਤੀ ਵਰਤਣ ਜਾ ਰਹੀ ਹੈ ਅਤੇ ਆਪਣੀਆਂ ਇਮੀਗ੍ਰੇਸ਼ਨ ਕਾਰਵਾਈਆਂ ਹੋਰ ਤੇਜ਼ ਕਰ ਰਹੀ ਹੈ। ਸਰਕਾਰ ਲਗਭਗ 77,000 ਵੀਜ਼ਾ ਓਵਰਸਟੇਅਰਜ਼ ਨੂੰ ਆਸਟ੍ਰੇਲੀਆ ਤੋਂ ਵਾਪਸ ਭੇਜਣ ਲਈ Border Force ਦੀ ਇੱਕ ਲਗਭਗ 100 ਮੈਂਬਰਾਂ ਵਾਲੀ ਟੀਮ ਬਣਾਉਣ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ 250 ਡਿਟੈਂਸ਼ਨ ਬੈੱਡ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਵੀਜ਼ਾ ਦੀ ਮਿਆਦ ਖਤਮ ਹੋ ਚੁੱਕੇ ਲੋਕਾਂ ਨੂੰ ਦੇਸ਼ ਤੋਂ ਵਾਪਸ ਭੇਜਣ ਤੱਕ ਰੱਖਿਆ ਜਾ ਸਕੇਗਾ। ਸਰਕਾਰ ਮੈਲਬੌਰਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਪੁਰਾਣੀ ਕੁਆਰੰਟੀਨ ਸਹੂਲਤ ਵਰਗੀਆਂ ਇਮਾਰਤਾਂ ਨੂੰ ਵੀ ਡਿਟੈਂਸ਼ਨ ਸੈਂਟਰ ਵਜੋਂ ਦੁਬਾਰਾ ਵਰਤਣ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਹੈ।
ਆਸਟ੍ਰੇਲੀਆ ਦੇ ਹੋਮ ਅਫੇਅਰਜ਼, ਇਮੀਗ੍ਰੇਸ਼ਨ ਅਤੇ ਨਾਗਰਿਕਤਾ, ਸਾਈਬਰ ਸੁਰੱਖਿਆ ਅਤੇ ਕਲਾ ਮੰਤਰੀ ਟੋਨੀ ਬਰਕ ਨੇ ਕੈਨਬਰਾ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਬੋਲਦਿਆਂ ਕਿਹਾ ਕਿ ਜੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਆਸਟ੍ਰੇਲੀਆ ਵਿੱਚ ਰਹਿਣ ਦੇ ਨਤੀਜੇ ਹੋ ਸਕਦੇ ਹਨ ਤਾਂ ਬਹੁਤ ਸਾਰੇ ਲੋਕ ਆਪਣੇ ਆਪ ਦੇਸ਼ ਛੱਡਣ ਦਾ ਫੈਸਲਾ ਕਰਨਗੇ। 2015 ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਅਜਿਹੀ ਪ੍ਰਕਿਰਿਆ ਹੁੰਦੀ ਸੀ ਜਿਸ ਤਹਿਤ ਵੀਜ਼ਾ ਓਵਰਸਟੇਅ ਕਰਨ ਵਾਲਿਆਂ ਨੂੰ ਡਿਟੈਂਸ਼ਨ ਵਿੱਚ ਲਿਆਂਦਾ ਜਾਂਦਾ ਸੀ ਅਤੇ ਕਈ ਲੋਕ ਕੁਝ ਹਫ਼ਤਿਆਂ ਵਿੱਚ ਆਪਣੀ ਫਲਾਈਟ ਦਾ ਪ੍ਰਬੰਧ ਕਰਕੇ ਵਾਪਸ ਚਲੇ ਜਾਂਦੇ ਸਨ। ਇਸ ਨਾਲ ਹੋਰ ਵੀਜ਼ਾ ਓਵਰਸਟੇਅਰਜ਼ ਨੂੰ ਵੀ ਇਹ ਸੰਦੇਸ਼ ਮਿਲਦਾ ਸੀ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਕਿਸੇ ਵਿਅਕਤੀ ਲਈ ਇਹ ਸੋਚਣਾ ਆਸਾਨ ਨਾ ਹੋਵੇ ਕਿ ਉਸ ਨੂੰ ਆਸਟ੍ਰੇਲੀਆ ਛੱਡਣ ਦੀ ਲੋੜ ਨਹੀਂ ਪਵੇਗੀ।
ਆਸਟ੍ਰੇਲੀਆ ਦੀ Net Overseas Migration (NOM) ਵੀ ਸਰਕਾਰ ਦੀ ਨੀਤੀ ਦਾ ਇੱਕ ਵੱਡਾ ਹਿੱਸਾ ਹੈ।
ਮਾਰਚ 2026 ਤੱਕ ਦੇ ਇੱਕ ਸਾਲ ਵਿੱਚ ਲਗਭਗ 292,000 net overseas arrivals ਦਰਜ ਕੀਤੇ ਗਏ ਅਤੇ ਇਹ ਗਿਣਤੀ ਸਰਕਾਰ ਦੇ 2028 ਤੱਕ 225,000 net arrivals ਦੇ ਟੀਚੇ ਤੋਂ ਉੱਪਰ ਹੈ। ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਸਰਕਾਰ ਕੋਲ Net Overseas Migration ਨੂੰ ਘਟਾ ਕੇ ਆਪਣੇ ਟੀਚੇ ਤੱਕ ਲਿਜਾਣ ਲਈ ਪਹਿਲਾਂ ਹੀ ਲੋੜੀਂਦੇ ਸਾਧਨ ਹਨ। ਨਵੇਂ ਐਲਾਨਾਂ ਦਾ ਮਕਸਦ ਸਿਰਫ਼ ਕੁੱਲ ਗਿਣਤੀ ਘਟਾਉਣਾ ਨਹੀਂ, ਸਗੋਂ ਇਹ ਵੀ ਦੇਖਣਾ ਹੈ ਕਿ ਕਿਹੜੇ ਲੋਕ ਆਸਟ੍ਰੇਲੀਆ ਆ ਰਹੇ ਹਨ ਅਤੇ ਕਿਹੜੇ ਲੋਕ ਦੇਸ਼ ਛੱਡ ਰਹੇ ਹਨ। ਇਸ ਵੇਲੇ 77,000 ਤੋਂ ਵੱਧ ਲੋਕਾਂ ਕੋਲ ਕੋਈ ਵੈਧ ਵੀਜ਼ਾ ਨਹੀਂ ਹੈ, ਪਰ ਇਸ ਤੋਂ ਇਲਾਵਾ 200,000 ਤੋਂ ਵੱਧ ਲੋਕ Bridging Visa ‘ਤੇ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। Bridging Visa ਆਮ ਤੌਰ ‘ਤੇ ਉਸ ਸਮੇਂ ਲਈ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਦੀ ਨਵੀਂ ਵੀਜ਼ਾ ਅਰਜ਼ੀ ਜਾਂ ਕਿਸੇ ਵੀਜ਼ਾ ਫੈਸਲੇ ਖ਼ਿਲਾਫ਼ ਅਪੀਲ ‘ਤੇ ਕਾਰਵਾਈ ਚੱਲ ਰਹੀ ਹੁੰਦੀ ਹੈ। ਪਿਛਲੇ ਤਿੰਨ ਸਾਲਾਂ ਵਿੱਚ Bridging Visa ‘ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਲਗਭਗ 176,000 ਤੋਂ ਵਧ ਕੇ 200,000 ਤੋਂ ਜ਼ਿਆਦਾ ਹੋ ਗਈ ਹੈ। ਸਰਕਾਰ ਅਜਿਹੇ ਲੋਕਾਂ ਦੀਆਂ ਅਪੀਲਾਂ ਦੀ ਵੀ ਜਾਂਚ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ asylum claims ਸਿਰਫ਼ ਆਸਟ੍ਰੇਲੀਆ ਵਿੱਚ ਹੋਰ ਵਾਧੂ ਸਮਾਂ ਰਹਿਣ ਲਈ ਕੀਤੇ ਜਾਣ ਦਾ ਸਰਕਾਰ ਨੂੰ ਸ਼ੱਕ ਹੈ।
2015 ਤੋਂ ਪਹਿਲਾਂ ਵੀ ਅਜਿਹੀ ਪ੍ਰਣਾਲੀ ਮੌਜੂਦ ਸੀ ਅਤੇ ਉਸ ਸਮੇਂ ਕਾਰਵਾਈ ਮੁਕਾਬਲਤਨ ਨਰਮ ਅਤੇ ਨਿਸ਼ਾਨੇਵਾਲੀ ਹੁੰਦੀ ਸੀ ਪਰ 2015 ਤੋਂ ਬਾਅਦ ਡਿਟੈਂਸ਼ਨ ਸੈਂਟਰਾਂ ਦੀ ਸਥਿਤੀ ਬਦਲ ਗਈ। ਸਾਬਕਾ ਪ੍ਰਧਾਨ ਮੰਤਰੀ Tony Abbott ਦੀ ਸਰਕਾਰ ਦੇ ਸਮੇਂ ਕੁਝ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਗਏ ਲੋਕਾਂ ਦੇ ਵੀਜ਼ੇ ਲਾਜ਼ਮੀ ਤੌਰ ‘ਤੇ ਰੱਦ ਕਰਨ ਨਾਲ ਵੱਡੀ ਗਿਣਤੀ ਵਿੱਚ ਲੋਕ ਇਮੀਗ੍ਰੇਸ਼ਨ ਡਿਟੈਂਸ਼ਨ ਵਿੱਚ ਆ ਗਏ। ਕਈ ਲੋਕਾਂ ਨੇ ਆਪਣੇ ਦੇਸ਼ ਵਾਪਸ ਭੇਜਣ ਦੇ ਫੈਸਲਿਆਂ ਖ਼ਿਲਾਫ਼ ਕਾਨੂੰਨੀ ਅਪੀਲਾਂ ਕੀਤੀਆਂ। ਕੁਝ ਮਾਮਲਿਆਂ ਵਿੱਚ ਇਹ ਪ੍ਰਕਿਰਿਆ ਸਾਲਾਂ ਤੱਕ ਚੱਲ ਸਕਦੀ ਹੈ। ਇਸ ਕਾਰਣ ਡਿਟੈਂਸ਼ਨ ਸੈਂਟਰਾਂ ਵਿੱਚ ਗੈਰ-ਅਪਰਾਧੀ ਵੀਜ਼ਾ ਓਵਰਸਟੇਅਰਜ਼ ਨੂੰ ਰੱਖਣ ਲਈ ਜਗ੍ਹਾ ਘੱਟ ਹੋ ਗਈ। Home Affairs ਦੀ ਤਾਜ਼ਾ Migration Trends ਰਿਪੋਰਟ ਮੁਤਾਬਕ, 2024-25 ਵਿੱਤੀ ਸਾਲ ਵਿੱਚ 6,646 ਲੋਕ ਆਸਟ੍ਰੇਲੀਆ ਤੋਂ ਵੀਜ਼ਾ ਸਬੰਧੀ ਕਾਰਵਾਈ ਦੇ ਤਹਿਤ ਚਲੇ ਗਏ। ਇਨ੍ਹਾਂ ਵਿੱਚ ਲਗਭਗ ਅੱਧੇ ਲੋਕ ਆਪਣੀ ਮਰਜ਼ੀ ਨਾਲ ਵਾਪਸ ਗਏ ਅਤੇ ਬਾਕੀਆਂ ਨੂੰ ਡਿਟੈਂਸ਼ਨ ਤੋਂ ਬਾਅਦ ਦੇਸ਼ ਤੋਂ ਆਸਟ੍ਰੇਲੀਆ ਤੋਂ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚ ਇੱਕ ਤਿਹਾਈ ਤੋਂ ਕੁਝ ਵੱਧ ਲੋਕ Visitor Visa ‘ਤੇ ਆਏ ਸਨ, ਜਦਕਿ ਲਗਭਗ 20 ਫੀਸਦੀ Student Visa ‘ਤੇ ਆਏ ਸਨ। ਵੀਜ਼ਾ ਓਵਰਸਟੇਅਰਜ਼ ਦੀ ਗਿਣਤੀ ਵੀ 2016 ਤੋਂ ਹੌਲੀ-ਹੌਲੀ ਵਧੀ ਹੈ। ਉਸ ਸਮੇਂ ਇਹ ਗਿਣਤੀ ਲਗਭਗ 64,000 ਸੀ, ਜੋ ਹੁਣ 77,000 ਤੋਂ ਵੱਧ ਹੋ ਗਈ ਹੈ।
ਸਰਕਾਰ ਵੱਲੋਂ ਕੀਤੇ ਐਲਾਨਾਂ ਦੇ ਆਧਾਰ ‘ਤੇ 77,000 ਲੋਕਾਂ ਦੇ ਪੂਰੇ ਸਮੂਹ ਨੂੰ ਦੇਸ਼ ਤੋਂ ਹਟਾਉਣਾ ਸੰਭਵ ਨਹੀਂ ਲੱਗਦਾ, ਪਰ ਨਵੀਂ ਪ੍ਰਣਾਲੀ ਨਾਲ ਹਰ ਸਾਲ ਲਗਭਗ 5,000 ਤੋਂ 10,000 ਲੋਕਾਂ ਨੂੰ ਉਹਨਾਂ ਦੇਸ਼ ਵਾਪਿਸ ਭੇਜਣ ਜਾਂ ਆਪਣੇ ਆਪ ਦੇਸ਼ ਛੱਡਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। 2015 ਤੋਂ ਬਾਅਦ ਵੀਜ਼ਾ ਓਵਰਸਟੇਅਰਜ਼ ਨਾਲ ਜੁੜੀ compliance ਕਾਰਵਾਈ ਵਿੱਚ ਆਈ ਕਮੀ ਜਰੂਰ ਆਈ ਹੈ ਪਰ ਪੁਰਾਣੀ ਪ੍ਰਣਾਲੀ ਵੱਲ ਵਾਪਸੀ ਇੱਕ ਉਚਿਤ ਕਦਮ ਹੈ। ਪਹਿਲਾਂ ਇੰਮੀਗ੍ਰੇਸ਼ਨ ਅਧਿਕਾਰੀ ਆਮ ਕੱਪੜਿਆਂ ਵਿੱਚ ਨਹੀਂ, ਸਗੋਂ ਪਛਾਣ ਪੱਤਰ ਅਤੇ ਹੋਰ ਪਛਾਣ ਦੇ ਸਾਧਨਾਂ ਨਾਲ ਜਾਂਦੇ ਸਨ ਅਤੇ ਬਿਨਾਂ ਇਜਾਜ਼ਤ ਜਾਂ ਵਾਰੰਟ ਦੇ ਕੰਮ ਵਾਲੀ ਥਾਂ ਵਿੱਚ ਦਾਖਲ ਨਹੀਂ ਹੁੰਦੇ ਸਨ। ਨਵੀਂ ਕਾਰਵਾਈ ਉਨ੍ਹਾਂ undocumented workers ਲਈ ਮੁਸ਼ਕਲਾਂ ਵਧਾ ਸਕਦੀ ਹੈ ਜੋ ਕੰਮ ਵਾਲੀ ਥਾਂ ‘ਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ। ਕਈ ਲੋਕ ਸਰਕਾਰ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਵਧਾਉਣ ਦੀ ਬਜਾਏ ਮਾਈਗ੍ਰੈਂਟ ਕਾਮਿਆਂ ਨੂੰ ਆਪਣੇ ਮਾਲਕਾਂ ਖ਼ਿਲਾਫ਼ ਸ਼ਿਕਾਇਤ ਕਰਨ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਵਧੇਰੇ ਸੁਰੱਖਿਆ ਦੇਣ ਦੀ ਅਪੀਲ ਕਰ ਰਹੇ ਹਨ।
ਇਥੇ ਦੱਸਣਾ ਜਰੂਰੀ ਹੈ ਕਿ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਹੋਰ ਸਖ਼ਤ ਤਰੀਕੇ ਵਰਤਣ ਦੇ ਬਦਲਾਅ ਵੀ ਕੀਤੇ ਗਏ ਹਨ। ਇਨ੍ਹਾਂ ਕਾਰਵਾਈਆਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚਿੰਤਾਵਾਂ ਅਤੇ ਨਸਲੀ ਪ੍ਰੋਫਾਈਲਿੰਗ ਦੇ ਦੋਸ਼ ਵੀ ਸਾਹਮਣੇ ਆਏ ਹਨ। ਇਸੇ ਕਾਰਣ ਆਸਟ੍ਰੇਲੀਆ ਸਰਕਾਰ ਦੇ ਐਲਾਨ ਦੀ ਤੁਲਨਾ ICE ਨਾਲ ਕੀਤੀ ਜਾ ਰਹੀ ਹੈ। ਵੀਜ਼ਾ ਮਿਆਦ ਪੂਰੀ ਹੋਣ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕਾਂ ਖਿਲਾਫ਼ ਇਹ ਕਾਰਵਾਈ ਅਮਰੀਕਾ ਵਿੱਚ Immigration and Customs Enforcement (ICE) ਵੱਲੋਂ ਕੀਤੀਆਂ ਜਾਣ ਵਾਲੀਆਂ ਛਾਪੇਮਾਰੀ ਵਾਲੀਆਂ ਕਾਰਵਾਈਆਂ ਵਰਗੀ ਨਹੀਂ ਹੋਵੇਗੀ।
ਸਰਕਾਰ ਦੀ ਯੋਜਨਾ ਸਿਰਫ਼ ਵੀਜ਼ਾ ਓਵਰਸਟੇਅਰਜ਼ ਤੱਕ ਸੀਮਿਤ ਨਹੀਂ ਹੈ। ਇਮੀਗ੍ਰੇਸ਼ਨ ਅਤੇ ਹੋਮ ਅਫੇਅਰਜ਼ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੇ ਲੋਕਾਂ ‘ਤੇ ਵੀ ਕਾਰਵਾਈ ਕਰਨਾ ਚਾਹੁੰਦੀ ਹੈ ਜੋ ਵੀਜ਼ਾ ਅਤੇ ਅਪੀਲ ਪ੍ਰਣਾਲੀ ਦੀ ਵਰਤੋਂ ਕਰਕੇ ਲਗਾਤਾਰ ਆਪਣਾ ਰਹਿਣ ਦਾ ਸਮਾਂ ਵਧਾਉਂਦੇ ਹਨ। ਇਸ ਨੂੰ “visa hopping” ਕਿਹਾ ਜਾ ਰਿਹਾ ਹੈ। ਸਰਕਾਰ “No Further Stays” ਨਿਯਮ ਦੀ ਵਰਤੋਂ ਵਧਾਉਣ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਹੀ ਹੈ। ਇਸ ਤਹਿਤ ਕੁਝ Tourist Visa ਧਾਰਕ ਆਸਟ੍ਰੇਲੀਆ ਆ ਕੇ ਇੱਥੇ ਰਹਿਣ ਲਈ ਨਵੀਂ ਵੀਜ਼ਾ ਅਰਜ਼ੀ ਨਹੀਂ ਦੇ ਸਕਣਗੇ। ਇਸੇ ਤਰ੍ਹਾਂ, International Students ਨੂੰ ਨਵਾਂ Student Visa ਲੈਣ ਸਮੇਂ ਆਪਣੀ ਪੜ੍ਹਾਈ ਵਿੱਚ ਅੱਗੇ ਵਧਣ ਦੀ ਲੋੜ ਹੋਵੇਗੀ। ਸਰਕਾਰ ਦਾ ਮਕਸਦ ਅਜਿਹੀ ਸਥਿਤੀ ਨੂੰ ਰੋਕਣਾ ਹੈ ਜਿਸ ਵਿੱਚ ਕੋਈ ਵਿਅਕਤੀ ਘੱਟ ਗੁਣਵੱਤਾ ਵਾਲੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈ ਕੇ ਲਗਾਤਾਰ ਆਸਟ੍ਰੇਲੀਆ ਵਿੱਚ ਰਹਿੰਦਾ ਰਹੇ।
