
1947 ਦੀ ਵੰਡ ਵੇਲੇ ਪੰਜਾਬ ਨੂੰ ਅੱਧ ਵਿਚਕਾਰੋਂ ਚੀਰਕੇ ਦੋ ਟੋਟੇ ਕਰ ਦਿੱਤੇ ਗਏ । ਇਹ ਪੰਜਾਬ ਦੇ ਵਾਰਿਸ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਇਕ ਬਹੁਤ ਵੱਡੀ ਸਾਜ਼ਿਸ਼ ਸੀ । ਇਹ ਹਿੰਦੂ ਤੇ ਮੁਸਲਮਾਨ ਹਾਕਮਾਂ ਦੀ ਅਜਿਹੀ ਸਿਆਸੀ ਬੇਈਮਾਨੀ ਸੀ, ਜਿਸਨੇ ਸਿੱਖਾਂ ਨੂੰ ਗੁਲਾਮੀ ਦੀ ਡੂੰਘੀ ਖੱਡ ਵਿੱਚ ਸੁੱਟ ਦਿੱਤਾ, ਜਿਥੋਂ ਉਹ ਅੱਜ ਤਕ ਨਿਕਲ ਨਹੀਂ ਸਕੇ । ਅਜਿਹੀ ਅੱਗ ਲਾਈ ਗਈ ਕਿ 10 ਲੱਖ ਪੰਜਾਬੀ 1947 ਦੀ ਵੰਡ ਦੀ ਭੇਂਟ ਚੜ੍ਹ ਗਏ । ਸਿੱਖ ਲਹਿੰਦੇ ਤੋਂ ਚੜ੍ਹਦੇ ਪੰਜਾਬ ਵੱਲ ਆਏ ਤਾਂ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਖਿਲਾਰਨ ਦਾ ਯਤਨ ਕੀਤਾ । ਇਸ ਚੱਕਰ ਵਿੱਚ ਵੱਡੀ ਗਿਣਤੀ ਸਿੱਖ ਦਿੱਲੀ, ਯੂ.ਪੀ, ਬਿਹਾਰ, ਬੰਗਾਲ ਹੁੰਦੇ ਹੋਏ ਆਸਾਮ ਤਕ ਵੀ ਜਾ ਪਹੁੰਚੇ ।
ਸਿੱਖਾਂ ਨੂੰ ਖਿਲਾਰਨ ਪਿੱਛੇ ਰਾਜਨੀਤੀ ਇਹ ਸੀ ਕਿ ਸਿੱਖ ਆਪਣੀ ਰਾਜਸੀ ਤਾਕਤ ਨਾ ਬਣਾ ਸਕਣ । ਇਸਤੋਂ ਬਾਅਦ ਜਦੋਂ ਸਿੱਖਾਂ ਨੇ 1947 ਵਿੱਚ ‘ਜਰਾਇਮਪੇਸ਼ਾ’ ਦਾ ਲਕਬ ਸੁਣਕੇ ਤੇ ਹੋਰ ਵਾਅਦਾ ਖਿਲਾਫੀਆਂ ਨੂੰ ਦੇਖਦਿਆਂ ਆਵਾਜ਼ ਉਠਾਈ ਤਾਂ 4 ਜੁਲਾਈ 1955 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪੁਲਿਸ ਵਲੋਂ ਵੜਕੇ ਗੋਲੀਆਂ ਚਲਾਈਆਂ ਗਈਆਂ । ਫੇਰ ਭਾਸ਼ਾ ਦੇ ਅਧਾਰ ਤੇ ਸੂਬੇ ਬਣਾਉਣ ਦੀ ਗੱਲ ਚੱਲੀ ਤਾਂ ਸਿੱਖਾਂ ਨਾਲ ਧੱਕਾ ਹੁੰਦਾ ਦੇਖਕੇ ਪੰਜਾਬੀ ਸੂਬੇ ਲਈ ਸੰਘਰਸ਼ ਅਰੰਭਿਆ । ਪ੍ਰਧਾਨਮੰਤਰੀ ਨਹਿਰੂ ਕਿਸੇ ਵੀ ਕੀਮਤ ਤੇ ਸਿੱਖਾਂ ਨੂੰ ਪੰਜਾਬੀ ਸੂਬਾ ਦੇ ਕੇ ਰਾਜ਼ੀ ਨਹੀਂ ਸੀ । ਉਹ ਤਾਂ ਸਪੱਸ਼ਟ ਕਹਿੰਦਾ ਸੀ, “ਮੈਂ ਦੇਸ਼ ਵਿੱਚ ਖਾਨਾਜੰਗੀ ਤਾਂ ਬਰਦਾਸ਼ਤ ਕਰ ਸਕਦਾ ਹਾਂ, ਪੰਜਾਬੀ ਸੂਬਾ ਨਹੀਂ । ਮੈਂ ਐਸਾ ਪੰਜਾਬੀ ਸੂਬਾ ਦੇਵਾਂਗਾ, ਸਿੱਖ ਛੱਡ-ਛੱਡ ਭੱਜਣਗੇ ।”
ਜਿਹੋ ਜਿਹਾ ਵੀ ਪੰਜਾਬ ਅੱਜ ਸਾਡੇ ਕੋਲ ਹੈ, ਇਹ ਲਾਲ ਬਹਾਦਰ ਸ਼ਾਸ਼ਤਰੀ ਦੀ ਕਿਰਪਾ ਸਦਕਾ ਹੀ ਹੈ ਜਿਸਨੂੰ ਪ੍ਰਧਾਨਮੰਤਰੀ ਹੁੰਦਿਆਂ ਹੀ ਜ਼ਹਿਰ ਦੇ ਕੇ ਮਾਰ ਦਿਤਾ ਗਿਆ ਸੀ । ਸ਼ਾਸ਼ਤਰੀ ਨੇ ਪੰਜਾਬੀਆਂ (ਸਿੱਖਾਂ) ਦੀ ਕਾਫੀ ਮਦਦ ਕੀਤੀ ਤੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਨੂੰ ਵਸਾਇਆ। ਸ਼ਾਸ਼ਤਰੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਨੇ ਲੰਗੜਾ ਜਿਹਾ ਪੰਜਾਬੀ ਸੂਬਾ ਸਿੱਖਾਂ ਦੇ ਮੱਥੇ ਮਾਰਿਆ, ਜਿਸ ਦੀ ਰਾਜਧਾਨੀ ਚੰਡੀਗੜ੍ਹ ਬਾਹਰ ਰੱਖੀ ਗਈ, ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਗਏ । ਨਾਲ ਹੀ ਪੰਜਾਬ ਦੇ ਦਰਿਆਈ ਪਾਣੀ ਖੋਹਣ ਲਈ ਨਹਿਰਾਂ ਬਣਾਕੇ ਧੱਕੇ ਨਾਲ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ । ਭਾਖੜਾ ਡੈਮ ਤੇ ਕੰਟਰੋਲ ਕਰਕੇ ਸਸਤੀ ਬਿਜਲੀ ਦਿੱਲੀ ਨੂੰ ਦਿੱਤੀ ਗਈ । ਵੱਧ ਤੋਂ ਵੱਧ ਟਿਊਬਵੈਲ ਲਗਾਕੇ ਧਰਤੀ ਹੇਠਲਾ ਪਾਣੀ ਮੁਕਾਉਣ ਤੇ ਝੋਨਾ ਲਾਉਣ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਗਿਆ ।
1 ਨਵੰਬਰ 1966 ਨੂੰ ਬਣੇ ਅਜੋਕੇ ਪੰਜਾਬ ਨੂੰ ਜਿਥੇ ਕੱਟ-ਵੱਢ ਕਰਕੇ ਛੋਟੇ ਤੋਂ ਛੋਟਾ ਕੀਤਾ ਗਿਆ, ਉਥੇ ਇਸਦੀ ਵਸੋਂ ਵਿੱਚ ਰਲਾਵਟ ਕਰਨ ਲਈ ਯੂ.ਪੀ–ਬਿਹਾਰ ਦੇ ‘ਭਈਆਂ’ ਨੂੰ ਪੰਜਾਬ ਵਿੱਚ ਭੇਜਿਆ ਗਿਆ । ਅੱਜ ਇਨਾਂ ਦੀ ਗਿਣਤੀ 30-35 ਲੱਖ ਤੋਂ ਉੱਪਰ ਟੱਪ ਚੁੱਕੀ ਹੈ । ਅੱਜ ਖੇਤੀ, ਇੰਡਸਟਰੀ ਤੇ ਹੋਰਨਾਂ ਖੇਤਰਾਂ ਵਿੱਚ ਇਹੀ ਲੋਕ ਛਾਏ ਹੋਏ ਹਨ । ਇਸ ਵਿਚ ਪੰਜਾਬੀਆਂ ਦੀਆਂ ਗਲਤੀਆਂ ਵੀ ਜਿੰਮੇਵਾਰ ਹਨ, ਜਿਨ੍ਹਾਂ ਸਵਾਰਥੀ ਹਿੱਤਾਂ ਨੂੰ ਪਹਿਲ ਦਿੰਦਿਆਂ ਸਾਰੇ ਕੰਮ ਭਈਆਂ ਨੂੰ ਸੌਂਪ ਦਿੱਤੇ ਹੋਏ ਹਨ । ਸਾਡਾ ਬਿਨਾਂ ਸੋਚੇ ਸਮਝੇ ਵਿਦੇਸ਼ਾਂ ਵੱਲ ਨੂੰ ਭੱਜਣਾ ਵੀ ਇਨ੍ਹਾਂ ਦੇ ਪੈਰ ਪੱਕੇ ਕਰ ਰਿਹਾ ਹੈ । ਇਨ੍ਹਾਂ ਕਰਕੇ ਯੂ.ਪੀ ਬਿਹਾਰ ਦਾ ਕਲਚਰ ਪੰਜਾਬੀ ਕਲਚਰ ਤੇ ਭਾਰੂ ਹੁੰਦਾ ਜਾ ਰਿਹਾ ਹੈ ।
ਮਹਿੰਗਾਈ ਦੇ ਦੌਰ ਵਿੱਚ ਜਿਥੇ ਵੱਧ ਪੈਦਾਵਾਰ ਲਈ ਧਰਤੀ ਵਿਚ ਪੈਸਟੀਸਾਈਡਸ ਵੱਡੀ ਗਿਣਤੀ ਵਿੱਚ ਪਾਏ ਜਾ ਰਹੇ ਹਨ, ਜਿਸ ਨਾਲ ਅਨਾਜ ਪੈਦਾ ਕਰਨ ਵਾਲੀ ਧਰਤੀ ਜ਼ਹਿਰੀਲੀ ਹੋ ਰਹੀ ਹੈ, ਉੱਥੇ ਫੈਕਟਰੀਆਂ ਵਾਲੇ ਵੀ ਹਵਾ-ਪਾਣੀ ਗੰਧਲਾ ਕਰ ਰਹੇ ਹਨ । Red Category ਵਾਲੀਆਂ ਫੈਕਟਰੀਆਂ ਨੂੰ ਮਨਜ਼ੂਰੀ ਦੇ ਕੇ ਸਰਕਾਰਾਂ ਪੰਜਾਬ ਦੀ ਆਬੋ-ਹਵਾ ਖਰਾਬ ਕਰਨਾ ਚਾਹੁੰਦੀਆਂ ਹਨ । Red Category ਫੈਕਟਰੀਆਂ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਕੈਂਸਰ ਤੇ ਹੋਰ ਰੋਗ ਲੱਗ ਰਹੇ ਹਨ । ਲੁਧਿਆਣੇ ਦੇ ਗੰਦੇ ਨਾਲੇ ਦਾ ਪਾਣੀ ਫਰੀਦਕੋਟ, ਮੁਕਤਸਰ, ਬਠਿੰਡਾ ਆਦਿ ਜਿਲਿਆਂ ਤਕ ਜਾਣ ਕਰਕੇ ਇਹ ਏਰੀਆ ਬੁਰੀ ਤਰ੍ਹਾਂ ਕੈਂਸਰ ਤੋਂ ਪੀੜਤ ਹੋ ਚੁੱਕਾ ਹੈ । ਬਠਿੰਡਾ ਤੋਂ ਬੀਕਾਨੇਰ ਐਕਸਪ੍ਰੈਸ ਟਰੇਨ ਦਾ ਨਾਂ ਹੀ ‘ਕੈਂਸਰ ਟਰੇਨ’ ਪੈ ਚੁੱਕਾ ਹੈ, ਜਿਸ ਵਿਚ ਰੋਜ਼ਾਨਾ ਅਨੇਕਾਂ ਮਰੀਜ਼ ਇਲਾਜ ਲਈ ਬੀਕਾਨੇਰ ਕੈਂਸਰ ਹਸਪਤਾਲ ਜਾਂਦੇ ਹਨ ।
ਇਸ ਤੋ ਇਲਾਵਾ ਨਸ਼ਿਆਂ ਦਾ ਜੋ ਬੋਲਬਾਲਾ ਸਰਕਾਰੀ ਤੌਰ ਤੇ ਕਰਵਾਇਆ ਗਿਆ ਹੈ, ਉਹ ਵੀ ਬੇਹੱਦ ਚਿੰਤਾਜਨਕ ਹੈ । ਅੱਜ ਪੰਜਾਬ ਦੀ ਹਰ ਗਲੀ ਮੋੜ ਤੇ ਚਿੱਟਾ ਵਿਕ ਰਿਹਾ ਹੈ, ਜਿਸ ਪਿੱਛੇ ਸਰਕਾਰਾਂ ਦਾ ਵੱਡਾ ਹੱਥ ਹੈ । ਸਰਕਾਰ ਦੇ ਮੰਤਰੀ, ਰਾਜਨੀਤਿਕ ਲੀਡਰ, ਪੁਲਿਸ ਅਫਸਰ ਤੇ ਗੁੰਡੇ-ਬਦਮਾਸ਼ ਲੋਕ ਸ਼ਰੇਆਮ ਚਿੱਟਾ ਵੇਚ ਰਹੇ ਹਨ, ਜਿਸ ਨਾਲ ਰੋਜ਼ਾਨਾ ਸੈਂਕੜੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ । ਇਹ ਗਿਣਤੀ ਅੱਤਵਾਦ ਦੇ ਦੌਰ ਦੀ ਮਰਨ ਦੀ ਗਿਣਤੀ ਤੋਂ ਕਿਤੇ ਵੱਧ ਹੈ । ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਚਿੱਟਾ ਪੀਣ ਕਰਕੇ ਸਮਾਜ ਵਿੱਚ ਲੁੱਟਾਂ-ਖੋਹਾਂ, ਕਤਲ ਤੇ ਗੁੰਡਾਗਰਦੀ ਵੱਧ ਰਹੀ ਹੈ । ਅੱਜ ਕੋਈ ਵੀ ਸੱਚਾ-ਸੁੱਚਾ ਪੰਜਾਬੀ ਆਪਣੇ ਆਪ ਨੂੰ ਪੰਜਾਬ ਵਿੱਚ ਸੁਰੱਖਿਅਤ ਨਹੀਂ ਸਮਝਦਾ । ਇਹ ਸਾਰਾ ਮਾਹੌਲ ਸਰਕਾਰਾਂ ਵਲੋਂ ਪੰਜਾਬੀਆਂ ਨੂੰ ਪੰਜਾਬ ਵਿੱਚੋਂ ਭਜਾਉਣ ਲਈ ਬਣਾਇਆ ਗਿਆ ਹੈ ।
ਕਾਰਪੋਰੇਟਾਂ ਦੀਆਂ ਦਲਾਲ ਸਰਕਾਰਾਂ ਨੇ ਲੋਕਾਂ ਦੇ ਕੰਮ-ਕਾਰ ਖੋਹ ਕੇ ਉਨ੍ਹਾਂ ਨੂੰ ‘ਮੰਗਤੇ’ ਬਣਨ ਲਈ ਮਜਬੂਰ ਕਰ ਦਿੱਤਾ ਹੈ। ਵੱਖ–ਵੱਖ ਭਲਾਈ ਸਕੀਮਾਂ ਦੇ ਨਾਂ ਤੇ ਲੋਕਾਂ ਦੀ ‘ਜ਼ਮੀਰ’ ਨੂੰ ਮਾਰਿਆ ਜਾ ਰਿਹਾ ਹੈ । ਟਾਫੀਆਂ ਵੰਡਣ ਦਾ ਇਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਹੁਤ ਜਿਆਦਾ ਹੋਇਆ ਹੈ । ਲੱਖਾਂ ਬੀਬੀਆਂ ਨੂੰ ਮੁਫਤ ਸਫਰ, ਲੱਖਾਂ ਬੀਬੀਆਂ ਨੂੰ 1000-1000 ਰੁਪਏ, ਲੱਖਾਂ ਲੋਕਾਂ ਨੂੰ ਰਾਸ਼ਨ ਕਾਰਡ, ਲੱਖਾਂ ਲੋਕਾਂ ਨੂੰ 10 ਲੱਖ ਤਕ ਇਲਾਜ ਮੁਫਤ, ਲੱਖਾਂ ਲੋਕਾਂ ਨੂੰ ਬਿਜਲੀ ਫਰੀ ਆਦਿ ਸਕੀਮਾਂ ਨਾਲ ਜਿਥੇ ਪੰਜਾਬ ਦੇ ਖਜ਼ਾਨੇ ਤੇ ਬੇਲੋੜਾ ਬੋਝ ਵਧਾਇਆ ਗਿਆ ਹੈ, ਉਥੇ ਪੰਜਾਬ ਸਿਰ ਚੜ੍ਹਿਆ ਕਰਜ਼ਾ 5 ਲੱਖ ਕਰੋੜ ਰੁਪਏ ਤੋਂ ਵੀ ਟੱਪ ਗਿਆ ਹੈ, ਜੋ 2022 ਵਿਚ ਸਰਕਾਰ ਬਣਨ ਵੇਲੇ 2 ਲੱਖ ਕਰੋੜ ਸੀ । 5 ਸਾਲਾਂ ਵਿਚ 3 ਲੱਖ ਕਰੋੜ ਕਰਜ਼ਾ ਲੈ ਕੇ ਪੰਜਾਬ ਸਰਕਾਰ ਨੇ ਜਿਥੇ ਪੰਜਾਬ ਦੇ ਸਾਰੇ ਸਰਕਾਰੀ ਅਦਾਰੇ ਕਰਜ਼ਾਈ ਕਰਕੇ ਰੱਖ ਦਿਤੇ ਹਨ, ਉਥੇ ਕਾਰਪੋਰੇਟ ਲਾਬੀ ਲਈ ਪ੍ਰਾਈਵੇਟਾਈਜ਼ੇਸ਼ਨ ਦਾ ਵੀ ਰਾਹ ਖੋਲ ਦਿੱਤਾ ਹੈ ।
ਅਫਸੋਸ ਅੱਜ ਪੰਜਾਬ ਦੇ Core Issues ਜਿਉਂ ਦੇ ਤਿਉਂ ਖੜ੍ਹੇ ਹਨ । ਪੰਜਾਬ ਦੇ ਚਾਰ ਵੱਡੇ Core Issues ਹਨ 1. ਬੇਅਦਬੀ 2. ਨਸ਼ੇ 3. ਬੇਰੋਜ਼ਗਾਰੀ ਤੇ ਪਰਵਾਸ 4. ਸੁਰੱਖਿਆ ਪ੍ਰਬੰਧ । 5 ਸਾਲਾਂ ਵਿੱਚ ਇਹਨਾਂ ਵਿਚੋਂ ਕਿਹੜਾ ਮਸਲਾ ਹੱਲ ਹੋਇਆ ਹੈ ? ਬੇਅਦਬੀ ਦੇ ਦੋਸ਼ੀ ਅਜੇ ਤਕ ਸਜ਼ਾ ਨਹੀਂ ਪਾ ਸਕੇ (ਸਤਿਕਾਰ ਕਾਨੂੰਨ ਦਾ ਰੌਲਾ ਪਾ ਕੇ ਪਿੱਠ ਜਰੂਰ ਥਪਥਪਾ ਲਈ ਗਈ ਹੈ) । ਨਸ਼ਾ ਖਾਸਕਰ (ਚਿੱਟਾ) ਪਹਿਲਾਂ ਦੇ ਮੁਕਾਬਲੇ 10 ਗੁਣਾਂ ਵੱਧ ਗਿਆ ਹੈ ਹਾਲਾਂਕਿ ‘ਯੁੱਧ ਨਸ਼ਿਆਂ ਵਿਰੁੱਧ’ ਵੀ ਚੱਲ ਗਿਆ ਹੈ । ਬੇਰੋਜ਼ਗਾਰੀ ਤੇ ਪਰਵਾਸ 5 ਸਾਲਾਂ ਵਿੱਚ ਬੇਤਹਾਸ਼ਾ ਵੱਧ ਗਿਆ ਹੈ । ਸੁਰੱਖਿਆ ਦਾ ਤਾਂ ਜਲੂਸ ਸ਼ੁਰੂ ਤੋਂ ਹੀ ਨਿਕਲਿਆ ਹੋਇਆ ਹੈ । ਲੁੱਟਾਂ-ਖੋਹਾਂ , ਕਤਲ ਤੇ ਗੁੰਡਾਗਰਦੀ ਸਟੇਟ ਮਸ਼ੀਨਰੀ ਦੀ ਸ਼ਹਿ ਤੇ ਆਮ ਚੱਲ ਰਹੇ ਹਨ । ਪੰਜਾਬ ਦਾ ਸਰਕਾਰੀ ਪ੍ਰਬੰਧ ਬੁਰੀ ਤਰ੍ਹਾਂ ਲੜਖੜਾ ਗਿਆ ਹੈ । ਕੋਈ ਮਹਿਕਮਾ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ । ਹਰ ਥਾਂ ਠੇਕੇਦਾਰੀ ਸਿਸਟਮ ਭਾਰੂ ਕੀਤਾ ਜਾ ਰਿਹਾ ਹੈ । ਕੋਈ ਸੁਣਵਾਈ ਨਹੀਂ ।
ਐਸ ਸਥਿਤੀ ਵਿਚ ਖੜ੍ਹੇ ਪੰਜਾਬ ਨੂੰ ਮੁੜ ਤੋਂ ਅਗਵਾ ਕਰਨ ਲਈ ਜਿਥੇ ਆਮ ਆਦਮੀ ਪਾਰਟੀ ਵਲੋਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ, ਉਥੇ ‘ਹਿੰਦੂ ਰਾਸ਼ਟਰ’ ਦੀ ਮੁੱਦਈ ਆਰ.ਐਸ.ਐਸ. ਦੀ ਪੈਦਾ ਕੀਤੀ ਭਾਜਪਾ ਵੀ ਪੱਬਾਂ ਭਾਰ ਹੋਈ ਖੜ੍ਹੀ ਹੈ । ਰਵਾਇਤੀ ਪਾਰਟੀਆਂ ਵੀ ਸਰਗਰਮ ਹਨ। ਪਰ ਇਹਨਾਂ ਸਾਰਿਆਂ ਦੀ ਸਪੱਸ਼ਟ ਮਨਸ਼ਾ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਦੀ ਹੈ । ਇਹਨਾਂ ਤੋਂ ਸਾਵਧਾਨ ਰਹਿਣਾ ਸਾਰੇ ਪੰਜਾਬੀਆਂ ਦਾ ਮੁੱਢਲਾ ਫਰਜ਼ ਬਣਦਾ ਹੈ । 1947 ਤੋਂ 2027 ਤਕ ਦੇ 80 ਸਾਲਾਂ ਵਿਚ ਬੁਰੀ ਤਰ੍ਹਾਂ ਝੰਬੇ ਗਏ ਪੰਜਾਬ ਦੀ ਹਾਲਤ ਐਸ ਵੇਲੇ ‘ਅੰਧੇਰੇ ਰਾਹੁ ਨ ਕੋਈ’ ਵਾਲੀ ਬਣੀ ਹੋਈ ਹੈ । ਇਨ੍ਹਾਂ 80 ਸਾਲਾਂ ਵਿਚ ਜਿਥੇ 1984 ਦੇ ਘੱਲੂਘਾਰੇ ਵਾਪਰੇ, ਵੱਖਰਾ ਮੁਲਕ ‘ਖਾਲਿਸਤਾਨ’ ਬਣਾਉਣ ਦੀ ਲਹਿਰ ਚੱਲੀ । ਪਰ ਪੰਜਾਬ ਹੇਠਾਂ ਹੀ ਗਿਆ। ਅਣਮੰਨੇ ਮਨ ਨਾਲ 1966 ਵਿਚ ਬਣਾਏ ਗਏ ਪੰਜਾਬ ਦੀ ਲੁੱਟ-ਖਸੁੱਟ ਅੱਜ ਵੀ ਲਗਾਤਾਰ ਜਾਰੀ ਹੈ ।
ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਹੁਣ ਇਕ ਨਵੀਂ ਪਾਰਟੀ ‘ਵਾਰਿਸ ਪੰਜਾਬ’ ਵੀ ਮੈਦਾਨ ਵਿਚ ਹੈ, ਜੋ ਇਸ ਦਾਅਵੇ ਨਾਲ ਅੱਗੇ ਆਈ ਹੈ ਕਿ ਉਹ ਪੰਜਾਬ ਨੂੰ ਮੌਜੂਦਾ ਮਾੜੇ ਹਾਲਾਤ ਵਿਚੋਂ ਕੱਢਕੇ ਉਸਾਰੂ ਦਿਸ਼ਾ ਵਿਚ ਲਿਜਾ ਸਕਦੀ ਹੈ । ਕਿਸਾਨ ਅੰਦੋਲਨ ਵਿਚੋਂ ਦੀਪ ਸਿੱਧੂ ਰਾਹੀਂ ਪ੍ਰਗਟ ਹੋਈ ਇਹ ਪਾਰਟੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਹੈ, ਜੋ ਅੱਜਕੱਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ । ਨਵੀਂ ਪਾਰਟੀ ਹੋਣ ਕਰਕੇ ਜਿਥੇ ‘ਵਾਰਿਸ ਪੰਜਾਬ’ ਨੂੰ ਵੱਡੀ ਪੱਧਰ ਤੇ ਆਮ ਲੋਕਾਂ ਦੀ ਹਮਾਇਤ ਮਿਲ ਰਹੀ ਹੈ, ਉਥੇ ਹੋਰਨਾਂ ਪਾਰਟੀਆਂ ਤੋਂ ਨਿਰਾਸ਼ ਲੋਕ ਵੀ ‘ ਵਾਰਿਸ ਪੰਜਾਬ ‘ ਪਾਰਟੀ ਵਿਚ ਆ ਰਹੇ ਹਨ । ਪੰਜਾਬ ਵਿਚ ਮੌਜੂਦਾ ਨਿਰਾਸ਼ਤਾ ਲਈ ਕਾਰਪੋਰੇਟੀ ਨੀਤੀਆਂ ਜ਼ਿਮੇਵਾਰ ਹਨ, ਜਿਸਦਾ ਪੱਕਾ ਹੱਲ ਇਹ ਹੈ ਕਿ ਜੋਂ ਵੀ ਪਾਰਟੀ ਸੱਤਾ ਵਿਚ ਆਵੇ, ਓਹ ਗੁਰੂ ਨਾਨਕ ਸਾਹਿਬ ਜੀ ਦੇ ਲੋਕ ਪੱਖੀ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਤੇ ਅਧਾਰਤ ਸਰਕਾਰ ਚਲਾਵੇ। ਇਸ ਕੰਮ ਲਈ ਆਰਥਕ ਮਾਹਰਾਂ ਦੀ ਇਕ ਵਿਸ਼ੇਸ਼ ਕਮੇਟੀ ਬਣਨੀ ਚਾਹੀਦੀ ਹੈ। ਪੰਜਾਬ ਹੁਣ ਮੋਦੀ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕੇਂਦਰੀਕ੍ਰਿਤ ਕਾਰਪੋਰੇਟ ਨੀਤੀਆਂ ਅਨੂਸਾਰ ਨਹੀਂ ਚੱਲ ਸਕਦਾ। ਕਾਰਪੋਰੇਟ ਲੋਕਾਂ ਨੂੰ ਲੁੱਟ ਖਸੁੱਟ ਕਰਕੇ ‘ਮੰਗਤੇ’ ਬਣਾ ਰਹੇ ਹਨ। ਮੁਫਤਖੋਰੀ ਦੇ ਵਧ ਰਹੇ ਰੁਝਾਨ ਨੇ ‘ ਕਿਰਤ ਕਰੋ ਨਾਮ ਜਪੋ ਵੰਡ ਛਕੋ ‘ ਦੇ ਸਿੱਖੀ ਸਿਧਾਂਤ ਨੂੰ ਡੂੰਘੀ ਸੱਟ ਮਾਰੀ ਹੈ ।
ਅੱਜ ਖਤਰਨਾਕ ਮੋੜ ਤੇ ਖੜ੍ਹੇ ਪੰਜਾਬ ਦੇ ਮਸਲੇ ਦਾ ਪੱਕਾ ਹੱਲ ਤਾਂ ਭਾਰਤ ਨਾਲੋਂ ਮੁਕੰਮਲ ਆਜ਼ਾਦੀ ਹੀ ਹੈ ਕਿਉਂਕਿ ਭਾਰਤੀ ਰਾਜਪ੍ਰਬੰਧ ਦੀ ਸੋਚ ਹੁਣ ਸਪੱਸ਼ਟ ਰੂਪ ਵਿਚ ‘ਧਰਮਨਿਰਪੱਖ’ ਤੋਂ ‘ਹਿੰਦੂ ਰਾਸ਼ਟਰੀ’ ਹੋ ਚੁੱਕੀ ਹੈ, ਜੋ ਕਿ ਮਨੁੱਖਤਾ ਵਿਰੋਧੀ ਮਨੂੰਵਾਦ ਤੇ ਅਧਾਰਤ ਹੈ । ਲੋਕਤੰਤਰ ਦੇ ਬੈਨਰ ਹੇਠ ਹਿੰਦੂ ਤਾਨਾਸ਼ਾਹੀ ਚੱਲ ਰਹੀ ਹੈ ਤੇ ‘ਕਾਰਪੋਰੇਟੀ ਮਾਡਲ’ ਰਾਹੀਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ । ਇਸ ਲੁੱਟ-ਖਸੁੱਟ ਨੂੰ ਰੋਕਣ ਲਈ ਫੌਰੀ ਤੌਰ ਤੇ ਸੁਹਿਰਦ ਪੰਜਾਬੀਆਂ ਨੂੰ ਸੱਤਾ ਹਾਸਲ ਕਰਕੇ ‘ਸਿੱਖੀ ਮਾਡਲ’ ਲਾਗੂ ਕਰਨ ਦੀ ਲੋੜ ਹੈ, ਤਾਂ ਜੋ ਲੁੱਟ-ਖਸੁੱਟ ਦੇ ਸ਼ਿਕਾਰ ਪੰਜਾਬੀਆਂ ਦੇ ਜ਼ਖਮਾਂ ਤੇ ਮਲ੍ਹਮ ਲਾਈ ਜਾ ਸਕੇ । ਇਸਤੋਂ ਬਾਅਦ ਪੰਜਾਬ ਨੂੰ ‘ਭਾਰਤੀ ਢਾਂਚੇ’ ਤੋਂ ਮੁਕਤ ਕਰਨ ਦੇ ਰਾਹ ਪੈਣਾ ਵੀ ਜ਼ਰੂਰੀ ਲੋੜ ਬਣ ਗਿਆ ਹੈ। ਕਾਸ਼! ਅਸੀਂ ਸਾਰੇ ਪੰਜਾਬੀ ਸੱਚੇ ਦਿਲੋਂ ਪੰਜਾਬ ਦੀ ਹੋਣੀ ਸੰਵਾਰਨ ਦੇ ਰਾਹ ਪੈ ਸਕੀਏ !
